ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਖੇ ਪੰਜ ਸਾਲਾ ਬੀਏ-ਐੱਮਏ (ਯੂਜੀ-ਪੀਜੀ) ਦੀ ਨਵੀਂ ਡਿਗਰੀ ਸ਼ੁਰੂ
ਪਟਿਆਲਾ, 14 ਮਈ 2025 - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿਖੇ ਪੰਜ ਸਾਲਾ ਬੀ.ਏ-ਐੱਮ.ਏ (ਯੂ ਜੀ-ਪੀ ਜੀ) ਦੀ ਨਵੀਂ ਡਿਗਰੀ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਵਿਭਾਗ ਪੰਜਾਬ ਦਾ ਇਕਲੌਤਾ ਵਿਭਾਗ ਹੈ ਜਿੱਥੇ ਭਾਸ਼ਾ ਵਿਗਿਆਨ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤਾ ਇਹ 5 ਸਾਲਾ ਕੋਰਸ ਸਰਕਾਰੀ ਨੌਕਰੀਆਂ ਦੇ ਨਾਲ-ਨਾਲ ਪ੍ਰਾਈਵੇਟ ਖੇਤਰ ਵਿਚ ਰੁਜ਼ਗਾਰ ਹਾਸਲ ਕਰ ਲਈ ਵੀ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀ (AI), ਮਨੁੱਖੀ ਭਾਸ਼ਾ ਪ੍ਰਕਿਰਿਆ, ਡੀਪ ਲਰਨਿੰਗ, ਕੰਪੂਟੇਸ਼ਨਲ ਲਿੰਗੂਇਸਟਿਕ, ਭਾਸ਼ਾ ਤਕਨਾਲੋਜੀ, ਮਸ਼ੀਨੀ ਅਨੁਵਾਦ, ਮਸ਼ੀਨੀ ਲਿਪੀਅੰਤਰਨ, ਸਪੀਚ ਪਛਾਣ, ਪਾਠ ਸੰਖੇਪਕਾਰ, ਭਾਵਨਾ ਵਿਸ਼ਲੇਸ਼ਣ, ਭਾਸ਼ਾ (ਪੰਜਾਬੀ) ਅਧਿਐਨ-ਅਧਿਆਪਨ ਨਾਲ ਸਬੰਧਿਤ ਸਾਫ਼ਟਵੇਅਰ ਬਣਾਉਣ ਵਿਚ ਕੰਪਿਊਟਰ ਪ੍ਰੋਗਰਾਮਰ ਦੇ ਨਾਲ-ਨਾਲ ਭਾਸ਼ਾ ਵਿਗਿਆਨੀ ਦੀ ਲੋੜ ਪੈਂਦੀ ਹੈ।
ਭਵਿੱਖ ਵਿਚ ਭਾਸ਼ਾ ਵਿਗਿਆਨੀਆਂ ਦੀ ਮੰਗ ਭਾਰਤ ਸਰਕਾਰ ਦੇ ਭਾਸ਼ਿਣੀ ਅਤੇ ਏਆਈ ਫ਼ਾਰ ਇੰਡੀਆ, ਭਾਰਤੀ ਭਾਸ਼ਾਵਾਂ ਦੇ ਕੇਂਦਰੀ ਸੰਸਥਾਨ ਮੈਸੂਰ, ਭਾਰਤ ਸਰਕਾਰ ਦੇ ਸੀ-ਡੈੱਕ ਮਹਿਕਮੇ, ਕੌਮੀ ਤਕਨਾਲੋਜੀ ਸੰਸਥਾਨਾਂ, ਕੰਪਿਊਟਰ ਖੋਜ ਕੇਂਦਰਾਂ, ਏਆਈ ਚੈਟਬੋਟ ਵਿਕਾਸਕਾਰ ਕੰਪਨੀਆਂ, ਭਾਸ਼ਾ ਪ੍ਰਯੋਗਸ਼ਾਲਾਵਾਂ ਵਿਚ ਹੋਰ ਵੱਧਣ ਦੇ ਅਸਾਰ ਹਨ। ਭਾਸ਼ਾ ਵਿਗਿਆਨੀ ਬਣਨ ਦੇ ਨਾਲ-ਨਾਲ ਵਿਦਿਆਰਥੀ ਧੁਨੀ ਵਿਗਿਆਨ, ਰੂਪ ਵਿਗਿਆਨ, ਵਾਕ ਵਿਗਿਆਨ, ਅਰਥ ਵਿਗਿਆਨ, ਸਮਾਜ ਭਾਸ਼ਾ ਵਿਗਿਆਨ, ਮਨੋਭਾਸ਼ਾ ਵਿਗਿਆਨ, ਇਤਿਹਾਸਕ ਭਾਸ਼ਾ ਵਿਗਿਆਨ, ਕੋਸ਼ਕਾਰੀ ਆਦਿ ਵਿਸ਼ਿਆਂ 'ਤੇ ਅਧਿਆਪਨ ਦੇ ਨਾਲ-ਨਾਲ ਖੋਜ-ਕਾਰਜ ਵੀ ਕਰ ਸਕਦੇ ਹਨ।
ਵਿਭਾਗ ਵਿੱਚ ਐੱਮ ਏ, ਪੀ-ਐੱਚ. ਡੀ ਅਤੇ ਪੰਜਾਬੀ ਭਾਸ਼ਾ ਦੀ ਸਿਖਲਾਈ ਲਈ ਕਰੈਸ਼-ਡਿਪਲੋਮਾ ਕੋਰਸ ਪਹਿਲਾਂ ਤੋਂ ਹੀ ਚਲਦੇ ਆ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਿਖੇ ਸ਼ੁਰੂ ਕੀਤੇ ਇਸ ਨਵੇਂ ਕੋਰਸ ਦੇ ਪਾਠਕ੍ਰਮ ਵਿਚ ਮਸ਼ੀਨੀ ਬੁੱਧੀ (AI) ਵਰਗੀਆਂ ਨਵੀਂਆਂ ਧਾਰਨਾਵਾਂ ਦੇ ਪ੍ਰਯੋਗੀ ਵਿਸ਼ੇ ਵੀ ਸ਼ੁਰੂ ਕੀਤੇ ਗਏ ਹਨ। ਕੋਰਸ ਵਿਚ ਦਾਖ਼ਲੇ ਦੀ ਆਖ਼ਰੀ ਤਾਰੀਖ਼ 23 ਮਈ ਹੈ ਤੇ ਇਸ ਡਿਗਰੀ ਲਈ 10+2 ਪਾਸ ਕੋਈ ਵੀ ਵਿਦਿਆਰਥੀ ਯੂਨੀਵਰਸਿਟੀ ਦੀ ਵੈੱਬਸਾਈਟ pupadmissions.ac.in 'ਤੇ ਬਿਨੈ-ਪੱਤਰ ਭਰ ਸਕਦਾ ਹੈ।