ਸੀ.ਬੀ.ਐਸ.ਸੀ. 12ਵੀਂ ਪ੍ਰੀਖਿਆ 'ਚ ਵਿਦਿਆਰਥੀ ਨਵਰਾਜ ਸਿੰਘ ਰਿਹਾ ਅੱਵਲ
ਸੁਖਮਿੰਦਰ ਭੰਗੂ
- ਮਾਪਿਆਂ, ਸਕੂਲ ਤੇ ਸ਼ਹਿਰ ਲੁਧਿਆਣਾ ਦਾ ਨਾਮ ਕੀਤਾ ਰੋਸ਼ਨ
- ਹੋਰਨਾਂ ਵਿਦਿਆਰਥੀਆਂ ਨੂੰ ਵੀ ਨਵਰਾਜ ਸਿੰਘ ਦੀ ਤਰ੍ਹਾਂ ਸਖ਼ਤ ਮਿਹਨਤ ਤੇ ਲਗਨ ਨਾਲ ਪੜਾਈ ਕਰਨੀ ਚਾਹੀਦੀ ਹੈ - ਪ੍ਰਿੰਸੀਪਲ ਗੁਰਮੰਤ ਕੌਰ
ਲੁਧਿਆਣਾ, 15 ਮਈ, 2025 :
ਸੀ.ਬੀ.ਐਸ.ਸੀ. ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿੱਚ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਲੁਧਿਆਣਾ ਦੇ ਵਿਦਿਆਰਥੀ ਨਵਰਾਜ ਸਿੰਘ ਨੇ ਬਾਰਵੀਂ ਜਮਾਤ (ਕਾਮਰਸ) ਵਿੱਚੋਂ 97 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਵਿੱਚੋਂ ਇਹ ਵਿਦਿਆਰਥੀ ਪਹਿਲੇ ਸਥਾਨ 'ਤੇ ਰਿਹਾ ਹੈ।
ਕਾਬਿਲੇਗੌਰ ਹੈ ਕਿ ਨਵਰਾਜ ਸਿੰਘ ਦੇ ਪਿਤਾ ਡਾ. ਜਸਬੀਰ ਸਿੰਘ ਫਾਰਮਾਸਿਸਟ ਅਫਸਰ ਸੰਗੋਵਾਲ ਵਿਖੇ ਸੇਵਾ ਨਿਭਾਅ ਰਹੇ ਹਨ ਅਤੇ ਮਾਤਾ ਰਾਜਿੰਦਰ ਪਾਲ ਕੌਰ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿੱਚ ਸਟੈਨੋ ਦੇ ਅਹੁੱਦੇ 'ਤੇ ਤਾਇਨਾਤ ਹਨ। ਨਵਰਾਜ ਸਿੰਘ ਦੇ ਮਾਤਾ ਰਾਜਿੰਦਰ ਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਵੱਲੋਂ ਅਜਿਹਾ ਸ਼ਾਨਦਾਰ ਅਤੇ ਪ੍ਰਸ਼ੰਸਾਯੋਗ ਨਤੀਜਾ ਪ੍ਰਾਪਤ ਕਰਨ 'ਤੇ ਉਨ੍ਹਾਂ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ। ਰਾਜਿੰਦਰ ਕੌਰ ਨੂੰ ਸਾਥੀ ਕਰਮਚਾਰੀਆਂ ਵੱਲੋਂ ਬੇਟੇ ਦੀ ਸ਼ਾਨਦਾਰ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਲੰਬੀਆਂ ਪੁਲਾਂਘਾ ਪੁੱਟਣ ਦੀ ਕਾਮਨਾ ਕੀਤੀ।
ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਮਾਡਲ ਟਾਊਨ ਲੁਧਿਆਣਾ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਮੰਤ ਕੌਰ ਨੇ ਨਵਰਾਜ ਸਿੰਘ ਨੂੰ ਵਧਾਈ ਦਿੰਦੇ ਹੋਏ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਸਖ਼ਤ ਮਿਹਨਤ ਕਰਕੇ ਸਕੂਲ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।