ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗੁਰੂ ਘਰਾਂ 'ਚ ਲੱਗ ਰਹੀਆਂ ਯੋਗਾ ਦੀਆਂ ਕਲਾਸਾਂ ਨੂੰ ਰੋਕਣ ਲਈ ਹੁਕਮਨਾਮਾ ਜਾਰੀ ਕਰਨ: ਭਾਈ ਗੁਰਸੇਵਕ ਸਿੰਘ ਭਾਣਾ
ਭਾਈ ਭਾਣਾ ਨੇ ਗੁਰੂ ਘਰਾਂ 'ਚ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਨੂੰ ਬੰਦ ਕਰਵਾਇਆ
ਬਾਬੂਸ਼ਾਹੀ ਬਿਊਰੋ
ਪੰਜਗਰਾਈ ਕਲਾਂ,13 ਜੂਨ (ਸੁਖਜਿੰਦਰ ਸਿੰਘ ਪੰਜਗਰਾਈਂ) : 'ਸੀ ਐਮ ਯੋਗਸ਼ਾਲਾ' ਮੁਹਿੰਮ ਤਹਿਤ ਗੁਰੂ ਘਰਾਂ ਵਿੱਚ ਲਾਈਆਂ ਜਾ ਰਹੀਆਂ ਯੋਗ ਕਲਾਸਾਂ ਦਾ ਵਿਰੋਧ ਕਰਕੇ ਇਹਨਾਂ ਨੂੰ ਰੁਕਵਾਉਣ ਵਾਲੇ 'ਲਜੀਜ਼ ਪੀਜਾ ਵਾਲੇ ਸਰਦਾਰ ਜੀ' ਵਜੋਂ ਮਸ਼ਹੂਰ ਹੋਏ ਤੇ ਨਿਧੜਕ ਪੰਥਕ ਨੌਜਵਾਨ ਭਾਈ ਗੁਰਸੇਵਕ ਸਿੰਘ ਭਾਣਾ ਨੇ 'ਰੋਜ਼ਾਨਾ ਪਹਿਰੇਦਾਰ' ਨਾਲ ਗੱਲਬਾਤ ਕਰਦਿਆਂ ਕਿਹਾ ਕੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਗੁਰੂ ਘਰਾਂ ਵਿੱਚ ਕੁੱਝ ਲੋਕਾਂ ਵੱਲੋਂ ਲਾਈਆਂ ਜਾ ਰਹੀਆਂ ਯੋਗਾ ਕਲਾਸਾਂ ਅਤਿ ਨਿੰਦਣਯੋਗ ਕਾਰਵਾਈ ਹੈ,ਉਹਨਾਂ ਕਿਹਾ ਕੇ ਇਹਨਾਂ ਕਲਾਸਾਂ ਨੂੰ ਲਾਉਣ ਵਾਲੇ ਟਰੇਨਰਾਂ ਵੱਲੋਂ ਸਿੱਖ ਪ੍ਰੰਪਰਾ,ਸਿੱਖ ਸਿਧਾਂਤ ਤੇ ਸਿੱਖੀ ਰਹਿਤ ਮਰਿਯਾਦਾ ਨੂੰ ਢਾਹ ਲਾਈ ਜਾ ਰਹੀ ਹੈ। ਉਹਨਾਂ ਕਿਹਾ ਕੇ ਇਹ ਲੋਕ ਨੰਗੇ ਸਿਰ ਗੁਰੂ ਘਰਾਂ ਵਿੱਚ ਆ ਕੇ ਯੋਗਾ ਕਲਾਸਾਂ ਲਾਉਂਦੇ ਹਨ, ਜਿਸ ਨਾਲ ਸਾਡੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕੇ ਸਿੱਖਾਂ ਦੀ ਗਤਕਾ ਇੱਕ ਪ੍ਰਾਚੀਨ ਤੇ ਰਵਾਇਤੀ ਮਾਰਸ਼ਲ ਆਰਟ(ਜੰਗ ਕਲਾ) ਹੈ ਜੋ ਸਾਨੂੰ ਸਵੈ-ਰੱਖਿਆ ਤੇ ਦੁਸ਼ਮਣ ਨਾਲ ਟਾਕਰਾ ਕਰਨਾ ਸਿਖਾਉਂਦੀ ਹੈ।ਉਹਨਾਂ ਕਿਹਾ ਕੇ ਸਿੱਖਾਂ ਵੱਲੋਂ ਹਰ ਸਾਲ ਵੱਡੀ ਪੱਧਰ ਤੇ ਗਤਕਾ ਦਿਵਸ ਮਨਾਇਆ ਜਾਂਦਾ ਹੈ । ਭਾਈ ਗੁਰਸੇਵਕ ਸਿੰਘ ਭਾਣਾ ਨੇ ਅੱਗੇ ਕਿਹਾ ਕੇ ਗੁਰੂ ਘਰਾਂ ਵਿੱਚ ਗਤਕੇ ਦੀਆਂ ਕਲਾਸਾਂ ਹੀ ਲੱਗਣੀਆਂ ਚਾਹੀਦੀਆਂ ਹਨ ਤਾਂ ਜੋ ਸਾਡੀ ਨਵੀ ਪਨੀਰੀ ਨੂੰ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਚਲਾਈ ਗਤਕਾ ਯੁੱਧਾ ਕਲਾ ਸਿਖਾ ਕੇ ਸਾਡੇ ਸਿੱਖ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਭਾਈ ਗੁਰਸੇਵਕ ਸਿੰਘ ਭਾਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦਿਆਂ

ਮੰਗ ਕੀਤੀ ਕੇ ਗੁਰੂ ਘਰਾਂ ਵਿੱਚ ਯੋਗਾ ਕਲਾਸਾਂ ਨੂੰ ਰੋਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ ਤਾਂ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਚਾਇਆ ਜਾਵੇ। ਅੱਜ ਭਾਈ ਗੁਰਸੇਵਕ ਸਿੰਘ ਭਾਣਾ ਵੱਲੋਂ ਕੁਝ ਸੰਘਰਸ਼ੀਲ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਗੁਰੂ ਘਰਾਂ ਚੋਂ ਯੋਗਾ ਕਲਾਸਾਂ ਲੱਗਣ ਤੋਂ ਬੰਦ ਕਰਵਾਉਣ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।
- Download Babushahi App
-
-