ਜਗਰਾਓਂ MC ਚੋਣਾਂ: ਵਾਰਡ ਨੰਬਰ 15 ਤੋਂ AAP ਉਮੀਦਵਾਰ ਊਸ਼ਾ ਰਾਣੀ ਦੇ ਚੋਣ ਦਫ਼ਤਰ ਦਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਉਦਘਾਟਨ
ਵਾਰਡ ਨੰਬਰ 15 ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਮਜ਼ਬੂਤ, ਊਸ਼ਾ ਰਾਣੀ ਦੇ ਹੱਕ ਵਿੱਚ ਉੱਭਰਿਆ ਜਨ-ਸੈਲਾਬ
26 ਮਈ ਦਿਨ ਮੰਗਲਵਾਰ ਨੂੰ ਝਾੜੂ ਦੇ ਨਿਸ਼ਾਨ 'ਤੇ ਮੋਹਰਾਂ ਲਗਾ ਕੇ ਇਤਿਹਾਸਕ ਜਿੱਤ ਦਰਜ ਕਰਵਾਉਣ ਦਾ ਸੱਦਾ
ਦੀਪਕ ਜੈਨ, ਜਗਰਾਓਂ
ਸਥਾਨਕ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 15 ਤੋਂ ਆਮ ਆਦਮੀ ਪਾਰਟੀ ਦੇ ਪ੍ਰਭਾਵਸ਼ਾਲੀ ਅਤੇ ਮਿਹਨਤੀ ਉਮੀਦਵਾਰ ਊਸ਼ਾ ਰਾਣੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ, ਜਦੋਂ ਅੱਜ ਵਾਰਡ ਦੇ ਮੁੱਖ ਚੋਣ ਦਫ਼ਤਰ ਦਾ ਮਹੂਰਤ ਬੇਹੱਦ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ। ਇਸ ਉਦਘਾਟਨੀ ਸਮਾਰੋਹ ਵਿੱਚ ਹਲਕਾ ਜਗਰਾਓਂ ਦੇ ਸੀਨੀਅਰ ‘ਆਪ’ ਆਗੂ ਅਤੇ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮੌਕੇ ਇੱਕਠੇ ਹੋਏ ਭਾਰੀ ਜਨ-ਸੈਲਾਬ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਮ ਘਰਾਂ ਦੇ ਇਮਾਨਦਾਰ ਅਤੇ ਲੋਕ-ਸੇਵਕ ਚਿਹਰਿਆਂ ਨੂੰ ਅੱਗੇ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 15 ਤੋਂ ਊਸ਼ਾ ਰਾਣੀ ਦੀ ਜਿੱਤ ਪੱਕੀ ਹੈ ਕਿਉਂਕਿ ਵਾਰਡ ਦੇ ਲੋਕ ਰਵਾਇਤੀ ਪਾਰਟੀਆਂ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਵਿਕਾਸ ਦੇ ਨਾਂ 'ਤੇ ਵੋਟ ਪਾਉਣ ਲਈ ਤਿਆਰ ਹਨ। ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ 26 ਮਈ ਦਿਨ ਮੰਗਲਵਾਰ ਨੂੰ ‘ਝਾੜੂ’ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਊਸ਼ਾ ਰਾਣੀ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਊਸ਼ਾ ਰਾਣੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ/ਸਹਿਯੋਗੀਆਂ (ਗੋਪੀ ਸ਼ਰਮਾ) ਨੇ ਹਲਕਾ ਵਿਧਾਇਕਾ ਅਤੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਇੱਕ ਮੌਕਾ ਸੇਵਾ ਦਾ, ਇੱਕ ਵਾਅਦਾ ਵਿਕਾਸ ਦਾ’ ਦੇ ਨਾਅਰੇ ਤਹਿਤ ਉਹ ਵਾਰਡ ਦੀ ਨੁਹਾਰ ਬਦਲਣ ਲਈ ਦਿਨ-ਰਾਤ ਇੱਕ ਕਰ ਦੇਣਗੇ। ਵਾਰਡ ਵਿੱਚ ਸਾਫ਼-ਸਫ਼ਾਈ, ਪੀਣ ਵਾਲੇ ਸਾਫ਼ ਪਾਣੀ ਅਤੇ ਸਟਰੀਟ ਲਾਈਟਾਂ ਵਰਗੀਆਂ ਬੁਨਿਆਦੀ ਸਹੂਲਤਾਂ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾਣਗੀਆਂ।
ਇਸ ਉਦਘਾਟਨੀ ਸਮਾਰੋਹ ਦੌਰਾਨ ਪਾਰਟੀ ਦੇ ਸਥਾਨਕ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਹਾਜ਼ਰ ਸਨ, ਜਿਨ੍ਹਾਂ ਨੇ ਊਸ਼ਾ ਰਾਣੀ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਚੋਣ ਮੁਹਿੰਮ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ।
- Download Babushahi App
-
-