ਮਜੀਠੀਆ ਨੇ MLA ਪੱਪੀ ਖਿਲਾਫ ED ਜਾਂਚ ਮੰਗੀ
ਦਸਤਾਵੇਜ਼ ਵਿਖਾ ਕੇ ਸਾਬਤ ਕੀਤਾ ਕਿ ਪ੍ਰਾਸ਼ਰ ਨੇ ਕੈਨੇਡਾ ਤੋਂ ਅਤੇ ਬਿਲਡਿੰਗ ਇੰਸਪੈਕਟਰ ਤੋਂ ਆਪਣੇ ਪੀ ਏ ਦੇ ਬੈਂਕ ਖਾਤਿਆਂ ਵਿਚ ਦੋ ਵਾਰ ਪੈਸੇ ਜਮ੍ਹਾਂ ਮੰਗਵਾਏ ਤੇ ਫਿਰ ਕੱਢਵਾਏ
ਚੰਡੀਗੜ੍ਹ, 11 ਮਈ 2026: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਅਸ਼ੋਕ ਕੁਮਾਰ ਪੱਪੀ ਪ੍ਰਾਸ਼ਰ ਵੱਲੋਂ ਆਪਣੇ ਨਿੱਜੀ ਸਹਾਇਕ ਦੇ ਬੈਂਕ ਖ਼ਾਤੇ ਵਰਤ ਕੇ ਮਨੀ ਲਾਂਡਰਿੰਗ ਸਮੇਤ ਵਿਆਪਕ ਭ੍ਰਿਸ਼ਟਾਚਾਰ ਕੀਤਾ।
ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਲੁਧਿਆਣਾ ਸੈਂਟਰਲ ਦੇ ਐਮ ਐਲ ਏ ਪੱਪੀ ਪ੍ਰਾਸ਼ਰ ਨੇ ਆਪਣੇ ਨਿੱਜੀ ਸਹਾਇਕ ਨਿਖਿਲ ਸਭਰਵਾਲ ਨੂੰ ਮੋਹਰਾ ਬਣਾ ਕੇ 87 ਵਿਅਕਤੀ ਜਿਹਨਾਂ ਨੂੰ ਨਗਰ ਨਿਗਮ ਲੁਧਿਆਣਾ ਵਿਚ ਠੇਕੇ ’ਤੇ ਰੱਖਿਆ ਗਿਆ ਅਤੇ 39 ਵਿਅਕਤੀ ਜਿਹਨਾਂ ਨੂੰ ਕਲਰਕ ਵਜੋਂ ਰੱਖਿਆ ਗਿਆ ਤੋਂ 1.10 ਕਰੋੜ ਰੁਪਏ ਇਕੱਠੇ ਕੀਤੇ। ਉਹਨਾਂ ਦੱਸਿਆ ਕਿ ਜਾਅਲੀ ਲਿਸਟਾਂ ਬਣਾ ਕੇ ਦਰਸਾਇਆ ਗਿਆ ਕਿ ਇਹ ਉਮੀਦਵਾਰ ਚੁਣੇ ਗਏ ਹਨ ਪਰ ਜਦੋਂ ਘੁਟਾਲੇ ਦਾ ਪਰਦਾਫਾਸ਼ ਹੋਇਆ ਤਾਂ ਐਮ ਐਲ ਏ ਨੇ ਆਪਣੇ ਪੀ ਏ ਨੂੰ ਆਖਿਆ ਕਿ ਉਹ ਸ਼ਹਿਰ ਛੱਡ ਜਾਵੇ ਨਹੀਂ ਤਾਂ ਉਹ ਮਾਰਿਆ ਜਾਵੇਗਾ।
ਐਮ ਐਲ ਏ ਪੱਪੀ ਪ੍ਰਾਸ਼ਰ ਵੱਲੋਂ ਕੀਤੇ ਇਕ ਹੋਰ ਘੁਟਾਲੇ ਨੂੰ ਬੇਨਕਾਬ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਐਮ ਐਲ ਏ ਨੇ ਦੋ ਵਾਰ ਆਪਣੇ ਪੀ ਏ ਦੇ ਖਾਤੇ ਵਿਚ ਪੈਸੇ ਮੰਗਵਾਏ ਤੇ ਫਿਰ ਉਸਦੇ ਪਰਿਵਾਰਕ ਮੈਂਬਰਾਂ ਰਾਹੀਂ ਇਹ ਕੱਢਵਾ ਲਏ। ਉਹਨਾਂ ਕਿਹਾ ਕਿ ਪਹਿਲਾ ਮਾਮਲਾ 8 ਮਾਰਚ 2024 ਦਾ ਹੈ ਜਦੋਂ ਐਮ ਐਲ ਏ ਨੇ ਕੈਨੇਡਾ ਤੋਂ ਆਪਣੇ ਪੀ ਏ ਦੇ ਖ਼ਾਤੇ ਵਿਚ 90 ਲੱਖ ਰੁਪਏ ਮੰਗਵਾਏ। ਉਹਨਾਂ ਕਿਹਾ ਕਿ ਉਸਦੇ ਦਿਨ 40 ਲੱਖ ਰੁਪਏ ਐਮ ਐਲ ਏ ਦੀ ਪਤਨੀ ਮੀਨੂੰ ਪ੍ਰਾਸ਼ਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਗਏ ਤੇ ਅਗਲੇ ਦਿਨ 10 ਲੱਖ ਰੁਪਏ ਤੇ 25 ਲੱਖ ਰੁਪਏ ਮੀਨੂੰ ਪ੍ਰਾਸ਼ਰ ਦੇ ਖ਼ਾਤੇ ਵਿਚ ਟਰਾਂਸਫਰ ਕਰਵਾਏ ਗਏ।
ਐਮ ਐਲ ਏ ਵੱਲੋਂ ਕੀਤੇ ਇਕ ਹੋਰ ਬੱਜਰ ਗੁਨਾਹ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਦੱਸਿਆ ਕਿ 24 ਅਪ੍ਰੈਲ 2025 ਨੂੰ ਲੁਧਿਆਣਾ ਦੇ ਇਕ ਬਿਲਡਿੰਗ ਇੰਸਪੈਕਟਰ ਹਰਮਿੰਦਰ ਸਿੰਘ ਮੱਕੜ ਨੇ ਐਮ ਐਲ ਏ ਦੇ ਪੀ ਏ ਦੇ ਖ਼ਾਤੇ ਵਿਚ 30 ਲੱਖ ਰੁਪਏ ਜਮ੍ਹਾਂ ਕਰਵਾਏ। ਉਹਨਾਂ ਦੱਸਿਆ ਕਿ ਪਹਿਲਾਂ ਵਾਲੇ ਤਰੀਕੇ ਨਾਲ ਐਮ ਐਲ ਏ ਪੱਪੀ ਪ੍ਰਾਸ਼ਰ ਨੇ ਅਗਲੇ ਦਿਨ 15 ਲੱਖ ਰੁਪਏ ਆਪਣੇ ਖ਼ਾਤੇ ਵਿਚ ਟਰਾਂਸਫਰ ਕਰਵਾ ਲਏ ਅਤੇ 99,000 ਰੁਪਏ ਐਮ ਐਲ ਏ ਦੇ ਪੁੱਤਰ ਦੇ ਖ਼ਾਤੇ ਵਿਚ ਟਰਾਂਸਫਰ ਕੀਤੇ। ਉਹਨਾਂ ਕਿਹਾ ਕਿ ਬਾਕੀ ਪੈਸੇ ਜਾਅਲੀ ਬਿੱਲਾਂ ਦੇ ਸਹਾਰੇ ਵਰਤੇ ਗਏ।
ਸਰਦਾਰ ਮਜੀਠੀਆ ਨੇ ਕਿਹਾ ਕਿ ਪ੍ਰਸ਼ਾਸਰ ਨੇ ਬਿਲਡਿੰਗ ਇੰਸਪੈਕਟਰ ਹਰਮਿੰਦਰ ਮੱਕੜ ਨਾਲ ਆਪਣੀ ਨੇੜਤਾ ਉਦੋਂ ਜ਼ਾਹਰ ਕਰ ਦਿੱਤੀ ਜਦੋਂ ਉਹਨਾਂ ਨੇ ਮੱਕੜ ਦੇ ਜਲੰਧਰ ਤਬਾਦਲੇ ਨੂੰ ਰੱਦ ਕਰਨ ਵਾਸਤੇ ਸਿਫਾਰਸ਼ੀ ਪੱਤਰ ਲਿਖਿਆ ਅਤੇ ਇਹ ਰੱਦ ਕਰਵਾ ਵੀ ਲਈ। ਉਹਨਾਂ ਨੇ ਇਹ ਸਿਫਾਰਸ਼ੀ ਪੱਤਰ ਵੀ ਮੀਡੀਆ ਨੂੰ ਵਿਖਾਇਆ।
ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੂੰ ਕੇਸ ਦਾ ਪਤਾ ਲੱਗਾ ਅਤੇ ਉਹਨਾਂ ਨੇ ਇਸ ਬਾਰੇ ਟਵੀਟ ਕੀਤਾ ਤਾਂ ਐਮ ਐਲ ਏ ਨੇ ਨਿਖਿਲ ਸਭਰਵਾਲ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ ਜਦੋਂ ਕਿ ਸਭਰਵਾਲ ਦੋ ਸਾਲ ਪਹਿਲਾਂ ਹੀ ਆਪਣੀ ਨੌਕਰੀ ਛੱਡ ਗਿਆ ਸੀ। ਉਹਨਾਂ ਕਿਹਾ ਕਿ ਹੁਣ ਲੁਧਿਆਣਾ ਪੁਲਿਸ ਨਿਖਿਲ ਦੇ ਘਰ ’ਤੇ ਛਾਪੇਮਾਰੀ ਕਰ ਰਹੀ ਹੈ।
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਨਿਖਿਲ ਨੂੰ ਮੌਜੂਦਾ ਸਰਕਾਰ ਵਿਚ ਨਿਆਂ ਨਹੀਂ ਮਿਲ ਸਕਦਾ ਤੇ ਇਸ ਵਾਸਤੇ ਪੱਪੀ ਪ੍ਰਾਸ਼ਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਸੀ ਬੀ ਆਈ ਜਾਂਚ ਜ਼ਰੂਰੀ ਹੈ।
ਨਿਖਿਲ ਸਭਰਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਨੇ 2022 ਵਿਚ 13000 ਰੁਪਏ ਪ੍ਰਤੀ ਮਹੀਨਾ ਤਨਖਾਹ ’ਤੇ ਪੱਪੀ ਪ੍ਰਾਸ਼ਰ ਦੇ ਪੀ ਏ ਵਜੋ਼ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਐਮ ਐਲ ਏ ਨੇ ਉਸਨੂੰ ਕਿਹਾ ਸੀ ਕਿ ਉਹ ਅਜਿਹੇ ਬੰਦੇ ਲੱਭੇ ਜਿਹੜੇ ਨਗਰ ਨਿਗਮ ਵਿਚ ਨੌਕਰੀ ਚਾਹੁੰਦੇ ਹਨ। ਉਹਨਾਂ ਦੱਸਿਆ ਕਿ ਜਦੋਂ ਇਹਨਾਂ ਲੋਕਾਂ ਤੋਂ 1.10 ਕਰੋੜ ਰੁਪਏ ਲੈ ਲਏ ਗਏ ਤੇ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲੀ ਤਾਂ ਉਹ ਉਸਦੇ ਪਿੱਛੇ ਪੈ ਗਏ ਜਿਸ ਕਾਰਨ ਉਸਨੂੰ ਆਪਣਾ ਘਰ ਵੇਚਣਾ ਪਿਆ ਤੇ ਉਸਨੇ 30 ਲੱਖ ਰੁਪਏ ਵਾਪਸ ਮੋੜੇ। ਉਹਨਾਂ ਦੱਸਿਆ ਕਿ ਐਮ ਐਲ ਏ ਨੇ ਉਹਨਾਂ ਨੂੰ ਧਮਕੀ ਦਿੱਤੀ ਕਿ ਉਸਦੀ ਨੌਕਰੀ ਪ੍ਰਾਈਵੇਟ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੁਲਿਸ ਨੇ ਉਹਨਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਜਦੋਂ ਸਰਦਾਰ ਮਜੀਠੀਆ ਨੇ ਸਾਰੇ ਮਾਮਲੇ ’ਤੇ ਟਵੀਟ ਕੀਤਾ। ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਇਹ ਕੇਸ ਲੁਧਿਆਣਾ ਪੁਲਿਸ ਤੋਂ ਤਬਦੀਲ ਕਰ ਕੇ ਕਿਸੇ ਕੇਂਦਰੀ ਏਜੰਸੀ ਨੂੰ ਦਿੱਤਾ ਜਾਵੇ ਤਾਂ ਜੋ ਸਾਰੀ ਜਾਂਚ ਹੋ ਸਕੇ। ਉਹਨਾਂ ਦੱਸਿਆ ਕਿ ਉਹਨਾਂ ਤੋਂ ਉਹਨਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਪਰ ਇਸਦੇ ਬਾਵਜੂਦ ਉਹ ਪੱਪੀ ਪ੍ਰਾਸ਼ਰ ਦੇ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਵਾਸਤੇ ਸਾਰੇ ਸਬੂਤ ਦੇਣ ਲਈ ਤਿਆਰ ਹਨ।
- Download Babushahi App
-
-