ਆਰਐਮਪੀਆਈ ਵੱਲੋਂ ਪ੍ਰਧਾਨ ਮੰਤਰੀ ਦੇ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਵਾਲੇ ਬਿਆਨ ਦੀ ਤਿੱਖੀ ਆਲੋਚਨਾ
ਅਸ਼ੋਕ ਵਰਮਾ
ਜਲੰਧਰ ; 11 ਮਈ 2026 : ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਆਪਣੀਆਂ ਨਾਕਾਮੀਆਂ ਤੇ ਲੋਕ ਵਿਰੋਧੀ ਨੀਤੀਆਂ ’ਤੇ ਪਰਦਾ ਪਾਉਣ ਲਈ ਜਰੂਰੀ ਵਸਤਾਂ ਦੀ ਮਹਿੰਗਾਈ ਤੇ ਕਾਲਾਬਾਜ਼ਾਰੀ ਨੂੰ ਰੋਕਣ ਪੱਖੋਂ ਆਪਣੀ ਸਿਰੇ ਦੀ ਨਾਕਾਮੀ ’ਤੇ ਪਰਦਾ ਪਾਉਣ ਲਈ ਦੇਸ਼ ਵਾਸੀਆਂ ਨੂੰ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਦੇ ਘਟੀਆ ਮਸ਼ਵਰੇ ਦੇਣਾ ਬਹੁਤ ਹੀ ਹਾਸੋਹੀਣਾ ਤੇ ਨਿੰਦਾਜਨਕ ਹੈ।’’ ਇਹ ਸ਼ਬਦ, ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਕਹੇ ਹਨ।
ਪਾਸਲਾ ਅਤੇ ਜਾਮਾਰਾਏ ਨੇ ਦੱਸਿਆ ਹੈ ਕਿ ਪਾਰਟੀ ਵਲੋਂ ਆਉਂਦੀ 18 ਮਈ ਨੂੰ ਮੋਦੀ ਸਰਕਾਰ ਦੀ ਨੀਤੀ-ਪਹੁੰਚ ਸਦਕਾ ਛਾਲਾਂ ਮਾਰ ਕੇ ਵਧ ਰਹੀ ਲੱਕ-ਤੋੜ ਮਹਿੰਗਾਈ, ਰਸੋਈ ਗੈਸ ਦੀਆਂ ਕੀਮਤਾਂ ’ਚ ਕੀਤੇ ਗਏ ਅਸਹਿ ਵਾਧੇ ਅਤੇ ਕਿਰਤੀ-ਕਿਸਾਨਾਂ, ਸ਼ਹਿਰੀ ਗਰੀਬਾਂ, ਮੱਧ ਵਰਗ ਤੇ ਨਿਮਨ ਮੱਧ ਵਰਗ ਅਤੇ ਹੋਰ ਮਿਹਨਤੀ ਵਰਗਾਂ ਦੀ ਰੋਜ਼ੀ-ਰੋਟੀ ’ਤੇ ਕੀਤੇ ਜਾ ਰਹੇ ਮਾਰੂ ਹੱਲਿਆਂ ਖਿਲਾਫ਼ ਸ਼ਹਿਰਾਂ-ਕਸਬਿਆਂ ’ਚ ਲੋਕਾਂ ਦੀ ਵਿਸ਼ਾਲ ਭਾਗੀਦਾਰੀ ਵਾਲੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਨਾਲ ਹੀ 19 ਤੋਂ 28 ਮਈ ਤੱਕ ‘ਚੱਲੋਂ ਲੋਕਾਂ ਕੋਲ’ ਮੁਹਿੰਮ ਛੇੜੀ ਜਾਵੇਗੀ, ਜਿਸ ਤਹਿਤ ਪਿੰਡਾਂ-ਸ਼ਹਿਰਾਂ ’ਚ ਭਰਵੇਂ ਜਨਤਕ ਇਕੱਠ ਕਰਕੇ ਆਮ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ-ਮਾਰੂ ਨੀਤੀਆਂ ਦੇ ਦੁਰ ਪ੍ਰਭਾਵਾਂ ਅਤੇ ਖਾੜੀ ਜੰਗ ਦੌਰਾਨ ਸਰਕਾਰ ਵਲੋਂ ਅਪਣਾਈ ਦੇਸ਼-ਵਿਰੋਧੀ, ਸਾਮਰਾਜ-ਪੱਖੀ ਪਹੁੰਚ ਸਦਕਾ ਭਾਰਤੀ ਵਸੋਂ ਦੀ ਹੋ ਰਹੀ ਦੁਰਗਤ ਅਤੇ ਦੇਸ਼ ਦੇ ਅਰਥਚਾਰੇ ਦੇ ਹੋ ਰਹੇ ਭਾਰੀ ਨੁਕਸਾਨ ਤੋਂ ਜਾਣੂੰ ਕਰਵਾਇਆ ਜਾਵੇਗਾ।
ਦੋਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਦੇਸ਼ ਦੇ ਮੁੱਖ ਚੋਣ ਕਮਿਸ਼ਨਰ, ਨਿਆਂ ਪਾਲਿਕਾ, ਪੁਲਸ ਤੇ ਨੀਮ ਫੌਜੀ ਬਲਾਂ ਨੇ ਪੱਛਮੀ ਬੰਗਾਲ ਤੇ ਆਸਾਮ ਦੀਆਂ ਵਿਧਾਨ ਸਭਾਈ ਚੋਣਾਂ ’ਚ ਸੰਘ-ਭਾਜਪਾ ਤੇ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰਦਿਆਂ ਜਿਵੇਂ ਲੋਕ ਤੰਤਰੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਦਾ ਘਾਣ ਕੀਤਾ ਹੈ, ਉਹ ਦੇਸ਼ ਦੇ ਭਵਿੱਖ ਲਈ ਗੰਭੀਰ ਖਤਰਿਆਂ ਦਾ ਸੂਚਕ ਹੈ। ਇਹੋ ਨਹੀਂ ਬਲਕਿ ਇਨ੍ਹਾਂ ਚੋਣਾਂ ਦੌਰਾਨ ਸੰਘ ਪ੍ਰੀਵਾਰ ਵਲੋਂ ਜਿਸ ਤਰ੍ਹਾਂ ਫਿਰਕੂ ਪੱਤਾ ਖੇਡਿਆ ਗਿਆ ਹੈ, ਉਸ ਨਾਲ ਨਾ ਕੇਵਲ ਫਿਰਕੂ ਇਕਸੁਰਤਾ ਤੇ ਭਾਈਚਾਰਕ ਸਾਂਝ ਖੇਰੂੰ-ਖੇਰੂੰ ਹੋ ਜਾਵੇਗੀ ਬਲਕਿ ਦੇਸ਼ ਦੀ ਆਜ਼ਾਦੀ ਅਤੇ ਏਕਤਾ-ਅਖੰਡਤਾ ਨੂੰ ਵੀ ਭਾਰੀ ਨੁਕਸਾਨ ਪੁੱਜੇਗਾ। ਉਨ੍ਹਾਂ ਅਮੀਰ ਵਿਰਸੇ ਤੇ ਨਰੋਏ ਅਤੀਤ ਦੇ ਮਾਲਕ ਦੇਸ਼ ਵਾਸੀਆਂ ਨੂੰ ਚੌਕਸ ਕਰਦਿਆਂ ਕਿਹਾ ਹੈ ਕਿ ਆਰ.ਐਸ.ਐਸ. ਅਤੇ ਇਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੇਸ਼ ਚਲਾ ਰਹੀ ਭਾਜਪਾ ਵਲੋਂ ਭਾਰਤ ਦੇ ਮੌਜੂਦਾ ਸੰਵਿਧਾਨ ਅਤੇ ਲੋਕਰਾਜੀ, ਧਰਮ ਨਿਰਪੱਖ, ਫੈਡਰਲ ਢਾਂਚੇ ਦਾ ਖਾਤਮਾ ਕਰਨ ਲਈ ਕੀਤੀਆਂ ਜਾ ਰਹੀਆਂ ਨਿੰਦਣਯੋਗ ਕਾਰਵਾਈਆਂ ਦੇ ਸਿੱਟੇ ਵਜੋਂ ਭਾਰਤੀ ਸਮਾਜ ਅਰਾਜਕਤਾ ਤੇ ਖਾਨਾਜੰਗੀ ’ਚ ਘਿਰ ਸਕਦਾ ਹੈ। ਪਾਸਲਾ ਤੇ ਜਾਮਾਰਾਏ ਨੇ ਐਲਾਨ ਕੀਤਾ ਹੈ ਕਿ ਪਾਰਟੀ ਉਕਤ ਸਾਜਿਸ਼ੀ ਨੀਤੀ ਚੌਖਟੇ ਖਿਲਾਫ਼ ਆਜ਼ਾਦਾਨਾ, ਖੱਬੀਆਂ ਪਾਰਟੀਆਂ ਨਾਲ ਸਾਂਝੇ ਅਤੇ ਅੱਗੋਂ ਦੇਸ਼ ਦਾ ਨਰੋਆ ਭਵਿੱਖ ਲੋਚਦੀਆਂ ਪ੍ਰਗਤੀਸ਼ੀਲ, ਜਨਵਾਦੀ, ਤਰਕਵਾਦੀ ਤਾਕਤਾਂ ਅਤੇ ਸਿਵਲ ਸੁਸਾਇਟੀ ਨਾਲ ਇਕਜੁੱਟਤਾ ਕਾਇਮ ਕਰਕੇ ਸੱਭ ਨੂੰ ਆਪਣੇ ਕਲਾਵੇ ’ਚ ਲੈਣ ਵਾਲੇ ’ਅਨੇਕਤਾ ’ਚ ਏਕਤਾ’ ਦੇ ਮਾਨਵੀ ਅਸੂਲ ਦੀਆਂ ਹਾਮੀ ਧਿਰਾਂ ਨਾਲ ਮਿਲ ਕੇ ਭਾਰਤ ਦੇ ਅਜੋਕੇ ਉਦਾਰ ਸਰੂਪ ਨੂੰ ਬਰਕਰਾਰ ਰੱਖਣ ਲਈ ਸਾਂਝੇ-ਬੱਝਵੇਂ ਘੋਲ ਵਿੱਢਣ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੇਗੀ।
- Download Babushahi App
-
-