ਜਾਤੀ ਅਧਾਰਤ ਜਨਗਣਨਾ ਦੇ ਪਰਫਾਰਮੇ ਵਿੱਚ ਅਪਮਾਨਜਨਕ ਸ਼ਬਦਾਵਲੀ ‘ਤੇ ਭੜਕਿਆ ਰੋਸ
ਪੰਜਾਬ ਸਰਕਾਰ ਖ਼ਿਲਾਫ਼ ਜਗਰਾਉਂ ‘ਚ ਜ਼ੋਰਦਾਰ ਪ੍ਰਦਰਸ਼ਨ, ਐਸਸੀ/ਐਸਟੀ ਐਕਟ ਤਹਿਤ ਕਾਰਵਾਈ ਦੀ ਮੰਗ
ਜਗਰਾਉਂ 04 ਮਈ (ਦੀਪਕ ਜੈਨ.) ਪੂਰੇ ਦੇਸ਼ ਵਿੱਚ ਚੱਲ ਰਹੀ ਜਾਤੀ ਅਧਾਰਤ ਜਨਗਣਨਾ ਦੌਰਾਨ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੇ ਪਰਫਾਰਮੇ ਵਿੱਚ ਜਾਤੀ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੇ ਇਸਤੇਮਾਲ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ। ਵਾਲਮੀਕਿ-ਮਜਹਬੀ ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਵਿੱਚ ਇਸ ਮਾਮਲੇ ਨੂੰ ਲੈ ਕੇ ਗਹਿਰਾ ਗੁੱਸਾ ਅਤੇ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਜਗਰਾਉਂ ਵਿੱਚ ਅੱਜ ਸਮੂਹ ਵਾਲਮੀਕਿ-ਮਜਹਬੀ ਸਿੱਖ ਭਾਈਚਾਰੇ ਵੱਲੋਂ ਗੇਜਾ ਰਾਮ ਵਾਲਮੀਕਿ (ਕੌਮੀ ਪ੍ਰਧਾਨ, ਸੈਂਟਰਲ ਵਾਲਮੀਕ ਸਭਾ ਇੰਡੀਆ) ਦੀ ਅਗਵਾਈ ਹੇਠ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਸਫਾਈ ਸੇਵਕ ਯੂਨੀਅਨ ਜਗਰਾਉਂ ਅਤੇ ਸ਼ਹਿਰ ਦੇ ਕਈ ਆਗੂਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਪ੍ਰਦਰਸ਼ਨਕਾਰੀਆਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਵੱਲੋਂ ਜਨਗਣਨਾ ਵਰਗੇ ਸੰਵੇਦਨਸ਼ੀਲ ਮਾਮਲੇ ਵਿੱਚ ਅਜਿਹੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਨਾ ਨਾ ਸਿਰਫ਼ ਭਾਈਚਾਰੇ ਦੀ ਅਸਮਾਨਤਾ ਨੂੰ ਦਰਸਾਉਂਦਾ ਹੈ, ਸਗੋਂ ਸੰਵਿਧਾਨਿਕ ਮੂਲਿਆਂ ਦੀ ਵੀ ਉਲੰਘਣਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਪਰਫਾਰਮੇ ਨੂੰ ਤਿਆਰ ਕਰਨ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਐਸਸੀ/ਐਸਟੀ ਐਕਟ ਤਹਿਤ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਰੋਸ ਪ੍ਰਦਰਸ਼ਨ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ ਜਗਰਾਉਂ ਉਪਿੰਦਰਜੀਤ ਕੌਰ ਬਰਾੜ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਮੰਗ ਪੱਤਰ ਵਿੱਚ ਸਪਸ਼ਟ ਤੌਰ ‘ਤੇ ਕਿਹਾ ਗਿਆ ਕਿ ਜਨਗਣਨਾ ਦੇ ਪਰਫਾਰਮੇ ਵਿੱਚੋਂ ਤੁਰੰਤ ਸਾਰੇ ਇਤਰਾਜ਼ਯੋਗ ਅਤੇ ਅਪਮਾਨਜਨਕ ਸ਼ਬਦ ਹਟਾਏ ਜਾਣ ਅਤੇ ਉਨ੍ਹਾਂ ਦੀ ਥਾਂ ਸਨਮਾਨਜਨਕ ਅਤੇ ਸਵੀਕਾਰਯੋਗ ਸ਼ਬਦਾਵਲੀ ਦੀ ਵਰਤੋਂ ਯਕੀਨੀ ਬਣਾਈ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਸਿਰਫ਼ ਇੱਕ ਭਾਈਚਾਰੇ ਦੀ ਨਹੀਂ, ਸਗੋਂ ਸਮਾਜ ਵਿੱਚ ਬਰਾਬਰੀ, ਆਦਰ ਅਤੇ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਲਈ ਹੈ।
ਇਸ਼ਕ ਕੁਮਾਰ ਪੱਪੂ ਸਾਬਕਾ ਪ੍ਰਧਾਨ ਨਗਰ ਕੌਂਸਲ ਜਗਰਾਉਂ ਸਾਬਕਾ ਕੌਂਸਲਰ ਰਮੇਸ਼ ਕੁਮਾਰ ਸਹੋਤਾ ਕਾਂਗਰਸੀ ਆਗੂ ਰਜੇਸ਼ ਇੰਦਰ ਸਿੱਧੂ ਫਾਈਨਲ ਅਮਿਤ ਕਲਿਆਣ ਸ਼ਹਿਰੀ ਪ੍ਰਧਾਨ ਸੈਂਟਰਲ ਵਾਲਮੀਕ ਸਭਾ ਇੰਡੀਆ ਪਰਮਜੀਤ ਸਿੰਘ ਰਿੰਪੀ ਲੱਧੜ ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਸਹੋਤਾ ਰਿਟਾਇਰ ਪ੍ਰਿੰਸੀਪਲ ਰਜਿੰਦਰ ਸਿੰਘ ਕਾਂਉਕੇ ਬਲਵਿੰਦਰ ਕਲਿਆਣ ਸਤੀਸ਼ ਕੁਮਾਰ ਬੱਗਾ ਸੋਨੀ ਸਹੋਤਾ ਸੁਖਦੀਪ ਨਾਹਰ ਵੱਡੀ ਗਿਣਤੀ ਵਿੱਚ ਸਫਾਈ ਸੇਵਕਾਂ ਤੇ ਸੀਫਰਮੈਨਾਂ ਨੇ ਹਿੱਸਾ ਲਿਆ ।
Click to Follow Babushahi Facebook page →