ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ) ਵਿੱਚ ਗੁਰਭਜਨ ਗਿੱਲ ਦਾ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਲੋਕ ਅਰਪਣ
ਬਾਬੂਸ਼ਾਹੀ ਬਿਊਰੋ
ਬਟਾਲਾਃ 4 ਮਈ
ਪੰਜਾਬ ਦੇ ਸ਼ਾਂਤੀ ਨਿਕੇਤਨ ਵਜੋਂ ਜਾਣੇ ਜਾਂਦੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ (ਗੁਰਦਾਸਪੁਰ)ਵਿੱਚ ਅੱਜ ਵਿਲੱਖਣ ਅਤੇ ਯਾਦਗਾਰੀ ਸਾਹਿਤਕ ਸਮਾਗਮ ਵਿੱਚ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਦੇ ਉੱਘੇ ਕਵੀ ਗੁਰਭਜਨ ਗਿੱਲ ਦੇ ਰੁਬਾਈ ਸੰਗ੍ਰਹਿ 'ਸੰਧੂਰਦਾਨੀ' ਦੇ ਦੂਜੇ ਐਡੀਸ਼ਨ ਦਾ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਡਾ. ਨਰੇਸ਼ ਕੁਮਾਰ ਪ੍ਰੋਫੈਸਰ ਤੇ ਮੁਖੀ ਪੰਜਾਬੀ ਤੇ ਡੋਗਰੀ ਵਿਭਾਗ , ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਤੇ ਗਗਨਦੀਪ ਸਿੰਘ ਵਿਰਕ (ਇਨਟੈਕ) ਤੇ ਵਿਦਿਆਰਥੀ ਪ੍ਰਤੀਨਿਧਾ ਵੱਲੋਂ ਭਰਵਾਂ ਸੁਆਗਤ ਤੇ ਲੋਕ ਅਰਪਨ ਕੀਤਾ ਗਿਆ।
ਇਸ ਮੌਕੇ ਸੰਬੋਧਿਤ ਕਰਦੇ ਹੋਏ ਕਾਲਜ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਪੰਜਾਬੀ ਮਾਝੇ ਦੀ ਧਰਤੀ ਅਤੇ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਬਸੰਤਕੋਟ ਤੋਂ ਜੰਮੇ-ਜਾਏ ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਅਤੇ ਖਾਸ ਕਰਕੇ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਬੇਮਿਸਾਲ ਕੰਮ ਕੀਤਾ ਹੈ। ਉਨ੍ਹਾਂ ਦੇ ਗੀਤ ਅਤੇ ਕਵਿਤਾਵਾਂ ਸਾਫ਼-ਸੁਥਰੇ ਸੁਨੇਹੇ ਨਾਲ ਭਰੀਆਂ ਹੋਈਆਂ ਹਨ ਅਤੇ ਉਨ੍ਹਾਂ ਦੀ ਕਵਿਤਾ 'ਲੋਰੀ' ਜੋ ਅੰਤਰਰਾਸ਼ਟਰੀ ਪੱਧਰ ਤੇ ਕੁੱਖ ਵਿੱਚ ਕਤਲ ਹੁੰਦੀਆਂ ਧੀਆਂ ਨੂੰ ਸਮਰਪਿਤ ਹੈ, ਪੰਜਾਬੀ ਪਾਠਕਾਂ ਵਿੱਚ ਬਹੁਤ ਪ੍ਰਵਾਨਤ ਤੇ ਸਤਿਕਾਰਤ ਹੈ।
ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਦੇ ਪ੍ਰੋਫੈਸਰ ਤੇ ਮੁਖੀ ਪੰਜਾਬੀ-ਡੋਗਰੀ ਵਿਭਾਗ ਧਰਮਸ਼ਾਲਾ ਨੱ ਕਿਹਾ ਕਿ ਗੁਰਭਜਨ ਗਿੱਲ ਦੀ ਸ਼ਾਇਰੀ ਉਨ੍ਹਾਂ ਦੇ ਸਾਫ਼ ਸੁਭਾਅ ਅਤੇ ਅਮੀਰ ਤਬੀਅਤ ਦਾ ਅਕਸ ਹੈ। ਉਨ੍ਹਾਂ ਨੇ ਕਦੇ ਵੀ ਸ਼ਾਇਰੀ ਨੂੰ ਪ੍ਰਸਿੱਧੀ ਦਾ ਸਾਧਨ ਨਹੀਂ ਬਣਾਇਆ, ਸਗੋਂ ਸਮਾਜ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਨੂੰ ਸੇਧ ਦੇਣ ਲਈ ਲਿਖਿਆ ਹੈ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਦੀ ਕਵਿਤਾ ਪੰਜਾਬੀਆਂ ਨੂੰ ਆਪਣੀ ਮਿੱਟੀ ਅਤੇ ਧਰਤੀ ਨਾਲ ਨੇੜਿਉਂ ਜੋੜਦੀ ਹੈ।
ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ਦੇ ਡਾਇਰੈਕਟਰ ਤੇ ਕਨਵੀਨਰ ਇੰਟੈਕ ਅੰਮ੍ਰਿਤਸਰ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਗੁਰਭਜਨ ਗਿੱਲ ਪੰਜਾਬੀ ਦਾ ਸਭ ਤੋਂ ਸਿਰਮੌਰ ਸ਼ਾਇਰ ਹੈ, ਜਿਸ ਦੀ ਕਲਮ ਦੀ ਤਾਕਤ ਲੋਕ ਸਭਾ/ਵਿਧਾਨ ਸਭਾ ਦੀ ਕਾਰਵਾਈ ਤੋਂ ਲੈ ਕੇ ਸਾਹਿਤਕ ਸੱਥਾਂ ਤੱਕ ਸੁਣਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਗਿੱਲ ਦਾ ਸਾਹਿਤ ਸਕੂਲਾਂ ਅਤੇ ਕਾਲਜਾਂ ਦੋਵਾਂ ਵਿੱਚ ਪਾਠਕ੍ਰਮ ਦਾ ਹਿੱਸਾ ਹੈ, ਜੋ ਆਪਣੇ ਆਪ ਵਿੱਚ ਕਿਸੇ ਵੀ ਸਾਹਿਤਕਾਰ ਲਈ ਵੱਡੀ ਪ੍ਰਾਪਤੀ ਹੈ।
ਇਸ ਸਮਾਗਮ ਦੀ ਖਾਸ ਗੱਲ ਇਹ ਰਹੀ ਕਿ ਕਿਤਾਬ ਦੇ ਵਿਮੋਚਨ ਤੋਂ ਬਾਅਦ ਵਿਦਿਆਰਥੀਆਂ ਸਿਮਰਨ ਕੌਰ ਪੰਡੋਰੀ ਅਤੇ ਮੁਸਕਾਨ ਕੌਰ ਨੇ ਮਿੱਠੇ ਅਤੇ ਖੂਬਸੂਰਤ ਤਰੰਨਮ ਵਿੱਚ ਕਿਤਾਬ ਦੀਆਂ ਰੁਬਾਈਆਂ ਦਾ ਗਾਇਨ ਕੀਤਾ। ਇਸ ਮੌਕੇ ਪੜ੍ਹੀ ਗਈ ਰੁਬਾਈ ਦੀਆਂ ਸਤਰਾਂ,
ਸਾਡੇ ਪਿੰਡ ਦੀ ਹਰ ਇਕ ਮਾਂ ਸੀ, ਬਿਲਕੁਲ ਮੇਰੀ ਮਾਂ ਦੇ ਵਰਗੀ। ਹੁੰਦੀ ਹੈ ਜਿਉਂ ਹਰ ਇਕ ਬੋਹੜ ਦੀ ਸੰਘਣੀ ਛਾਂ ਹੀ ਛਾਂ ਦੇ ਵਰਗੀ। ਚੁੱਪ-ਚੁਪੀਤੇ ਭਰ ਵਗਦੇ ਦਰਿਆ ਦੇ ਵਾਂਗ ਨਿਰੰਤਰ ਵਹਿੰਦੀ,
ਪਾਕ-ਪਵਿੱਤਰ ਅੰਮ੍ਰਿਤ ਦੀ ਘੁੱਟ, ਨਾਂਹ ਵੀ ਜਿਸ ਦੀ ਹਾਂ ਦੇ ਵਰਗੀ" ਨੇ ਸਭ ਨੂੰ ਭਾਵੁਕ ਕਰ ਦਿੱਤਾ।