ਫਿਲਮ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਇਆ ਬਠਿੰਡਾ ਫਿਲਮ ਫੈਸਟੀਵਲ ਸ਼ਾਨ ਸ਼ੌਕਤ ਨਾਲ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2026 : ਫਿਲਮ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ 5ਵਾਂ ਬਠਿੰਡਾ ਫਿਲਮ ਫੈਸਟੀਵਲ ਕਰਵਾਇਆ ਗਿਆ। ਕਲਾ ਦੇ ਮਾਹਰਾਂ ਸਾਹਮਣੇ ਉੱਭਰ ਰਹੇ ਨਿਰਦੇਸ਼ਕਾਂ-ਨਿਰਮਾਤਾਵਾਂ ਦੇ ਡੂੰਘੇ ਵਿਚਾਰਾਂ ਨੂੰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕਰਵਾਏ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡੀਜੀਪੀ ਡਾ. ਜਤਿੰਦਰ ਜੈਨ ਅਤੇ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸ਼ਹਿਰੀ ਵਿਧਾਇਕ ਜਗਰੂਪ ਸਿੰਘ ਗਿੱਲ, ਭੁੱਚੋ ਵਿਧਾਇਕ ਮਾਸਟਰ ਜਗਸੀਰ ਸਿੰਘ, ਜੀਕੇਯੂ ਚਾਂਸਲਰ ਗੁਰਲਾਭ ਸਿੰਘ ਸਿੱਧੂ, ਐਸਪੀ ਹਿਨਾ, ਡੀਐਸਪੀ ਕਰਮਜੀਤ ਸਿੰਘ, ਡੀਐਸਪੀ ਗੁਰਪ੍ਰੀਤ ਸਿੰਘ, ਸੰਜੀਵ ਭੰਡਾਰੀ ਸ਼ਮੀਲ ਹੋਏ। ਇਸ ਫੈਸਟੀਵਲ ਚ 9 ਲਘੂ ਫਿਲਮਾਂ ਅਤੇ 11 ਫੀਚਰ ਫਿਲਮਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲਿਆ।
ਇਸ ਫਿਲਮ ਫੈਸਟੀਵਲ ਵਿੱਚ ਜਿਊਰੀ ਮੈਂਬਰਾਂ ਵਿੱਚ ਫਿਲਮ ਜਗਤ ਦੀਆਂ ਉੱਘੀਆਂ ਹਸਤੀਆਂ ਅਮਰਦੀਪ ਗਿੱਲ ਫਿਲਮ ਡਾਇਰੈਕਟਰ ਅਤੇ ਲੇਖਕ, ਉੱਘੇ ਅਦਾਕਾਰ ਮਹਾਂਬੀਰ ਸਿੰਘ ਭੁੱਲਰ, ਸ੍ਰੀ ਅਸ਼ੀਸ਼ ਦੁੱਗਲ ਅਤੇ ਮੈਡਮ ਸਰਬਜੀਤ ਕੌਰ ਮਾਂਗਟ ਸ਼ਾਮਿਲ ਸਨ। ਲੇਖਕ ਅਤੇ ਡਾਇਰੈਕਟਰ ਫੀਚਰ ਫਿਲਮ ਲੜੀ ਚ ਰਾਜਦੀਪ ਬਰਾੜ ਦੀ ਪੰਜਾਬੀ ਫਿਲਮ '1984 ਦਾ ਬਲੱਬ ' ਨੂੰ ਜਿਊਰੀ ਐਵਾਰਡ, ਬੈਸਟ ਐਕਟਰ ਐਵਾਰਡ ਬਾਲ ਕਿਸ਼ਨ ਬਾਲਾ ਨੂੰ ਅਤੇ ਬੈਸਟ ਐਕਟਰ ਐਵਾਰਡ ਨੇਗਟਿਵ ਰੋਲ ਲਈ ਗੁਰਵਿੰਦਰ ਸ਼ਰਮਾ ਨੇ ਹਾਸਿਲ ਕੀਤਾ। ਲਘੂ ਫਿਲਮਾਂ ਦੀ ਲੜੀ ਚ ਮਿੱਟਸ ਮੂਵੀਜ਼ ਬਠਿੰਡਾ ਨੂੰ ਬੈਸਟ ਪ੍ਰੋਡਕਸ਼ਨ ਹਾਊਸ, ਮਿੱਟਸ ਮੂਵੀਜ਼ ਦੀ ਲਘੂ ਫਿਲਮ ' ਹੱਸ ' ਨੂੰ ਦੂਜਾ ਸਥਾਨ ਪ੍ਰਾਪਤ ਹੋਇਆ। ਫਿਲਮ ਚੀਖ ਵਿੱਚ ਅਦਾਕਾਰ ਵਿਰਾਟ ਮਹਿਲ ਨੂੰ ਬੈਸਟ ਐਕਟਰ ਅਤੇ ਫਿਲਮ ਭੂਤਾਂ ਵਾਲਾ ਖੂਹ ਲਈ ਮਿਸ ਸੋਨੀਆ ਨੂੰ ਬੈਸਟ ਅਦਾਕਾਰਾ ਦਾ ਐਵਾਰਡ ਹਾਸਲ ਹੋਇਆ। ਸਵੇਰ 9 ਵਜੇ ਤੋਂ ਸ਼ਾਮ ਤੱਕ ਚਲਿਆ ਇਹ ਫੈਸਟੀਵਲ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਅਮਿੱਟ ਛਾਪ ਛੱਡ ਗਿਆ। ਨਵੀਂ ਪ੍ਰਤਿਭਾ ਨੂੰ ਮਾਨਤਾ ਦੇਣ ਦੇ ਨਾਲ-ਨਾਲ, ਇਹ ਫਿਲਮ ਫੈਸਟੀਵਲ ਉਨ੍ਹਾਂ ਨੂੰ ਸਿਰਜਣਾਤਮਕ ਪ੍ਰਗਟਾਵੇ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ। ਖਜ਼ਾਨਚੀ ਮਹਿੰਦਰ ਕੁਮਾਰ, ਜੋਤੀ ਸੈਣੀ, ਡਾ. ਦਿਨੇਸ਼ ਕੁਮਾਰ, ਇੰਜੀਨੀਅਰ ਗੁਰਪ੍ਰੀਤ ਸਿੰਘ, ਕਮਲ ਕੁਮਾਰ, ਰਾਜੀਵ ਅਰੋੜਾ, ਮਨੀਸ਼ ਪਾਂਧੀ, ਭਾਵਨਾ ਗਰਗ, ਗੁਰਸੇਵਕ ਸਿੰਘ ਚਾਹਲ ਅਤੇ ਅੰਮ੍ਰਿਤ ਗਿੱਲ ਨੇ ਸੰਗਠਨਾਤਮਕ ਪ੍ਰਬੰਧਾਂ ਨੂੰ ਸੰਭਾਲਿਆ।
Click to Follow Babushahi Facebook page →