ਸਿਹਤ ਵਿਭਾਗ ਬਠਿੰਡਾ ਵੱਲੋਂ ਏਮਜ਼ ਦੇ ਸਹਿਯੋਗ ਨਾਲ ਗੈਰ-ਸੰਚਾਰੀ ਰੋਗਾਂ ਬਾਰੇ ਵਰਕਸ਼ਾਪ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2026 : ਸਿਵਲ ਸਰਜਨ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਡਾ ਰਤਨ ਗੁਪਤਾ, ਰਾਕੇਸ਼ ਕੱਕੜ , ਦੇ ਸਹਿਯੋਗ ਨਾਲ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਚਲਾਏ ਜਾ ਰਹੇ ਨੈਸ਼ਨਲ ਪ੍ਰੋਗਰਾਮ ਦੇ ਓਵਰਵਿਊ ਸਬੰਧੀ ਏਮਜ਼ ਹਸਪਤਾਲ ਬਠਿੰਡਾ ਵਿਖੇ ਇਕ ਮਹੱਤਵਪੂਰਨ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਜ਼ਿਲ੍ਹਾ ਬਠਿੰਡਾ ਦੇ ਸਿਹਤ ਅਧਿਕਾਰੀਆਂ ਅਤੇ ਏਮਜ਼ ਹਸਪਤਾਲ ਦੇ ਅਧਿਕਾਰੀਆਂ ਨੇ ਭਾਗ ਲਿਆ । ਵਰਕਸ਼ਾਪ ਦੌਰਾਨ ਮਾਹਿਰਾਂ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਪ੍ਰੋਗਰਾਮ ਦੇ ਉਦੇਸ਼ਾਂ, ਰਣਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਇਸਦੀ ਪ੍ਰਭਾਵਸ਼ਾਲੀ ਲਾਗੂਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ।
ਇਸ ਮੌਕੇ ਸਿਹਤ ਵਿਭਾਗ ਬਠਿੰਡਾ ਵੱਲੋਂ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਦਿਲ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਅਤੇ ਸਟਰੋਕ ਵਰਗੀਆਂ ਬਿਮਾਰੀਆਂ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸਨੂੰ ਰੋਕਣ ਲਈ ਸਕ੍ਰੀਨਿੰਗ, ਸਮੇਂ ਸਿਰ ਇਲਾਜ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ । ਇਸ ਮੌਕੇ ਕੈਸਰ ਦੇ ਨੋਡਲ ਅਫ਼ਸਰ ਡਾ ਕਰਨ ਅਬਰੋਲ ਨੇ ਓਰਲ ਕੈਂਸਰ, ਬਰੈਸਟ ਕੈਂਸਰ ਅਤੇ ਸਰਵਾਇਕਲ ਕੈਂਸਰ ਦੀ ਜਲਦੀ ਪਹਿਚਾਣ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਚਰਚਾ ਕੀਤੀ । ਉਹਨਾਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਓਰਲ ਕੈਂਸਰ ਦਾ ਖ਼ਤਰਾ ਵੱਧਦਾ ਹੈ, ਜਦਕਿ ਮਹਿਲਾਵਾਂ ਵਿੱਚ ਬਰੈਸਟ ਅਤੇ ਸਰਵਾਇਕਲ ਕੈਂਸਰ ਦੇ ਮਾਮਲੇ ਵਧ ਰਹੇ ਹਨ। ਇਸ ਲਈ ਸਮੇਂ-ਸਿਰ ਸਕ੍ਰੀਨਿੰਗ, ਸਵੈ-ਜਾਂਚ ਅਤੇ ਨਿਯਮਿਤ ਮੈਡੀਕਲ ਚੈਕਅੱਪ ਬਹੁਤ ਮਹੱਤਵਪੂਰਨ ਹਨ ।
ਸਿਹਤ ਕਰਮਚਾਰੀਆਂ ਨੂੰ ਕਮਿਊਨਿਟੀ ਪੱਧਰ 'ਤੇ ਲੋਕਾਂ ਨੂੰ ਤੰਬਾਕੂ ਛੱਡਣ, ਸਿਹਤਮੰਦ ਖੁਰਾਕ ਅਪਣਾਉਣ ਅਤੇ ਨਿਯਮਿਤ ਵਿਆਯਾਮ ਕਰਨ ਲਈ ਪ੍ਰੇਰਿਤ ਕਰਨ ਲਈ ਵੀ ਜਾਗਰੂਕ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲੜਕੀਆਂ ਨੂੰ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਲਈ ਟੀਕਾਕਰਣ ਮੁਹਿੰਮ ਤਹਿਤ ਸੌ ਫੀਸਦੀ ਟੀਕਾਕਰਣ ਕਰਵਾਉਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ । ਇਸ ਮੌਕੇ ਤੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀ ਅਗਾਊ ਜਾਂਚ , ਰੋਗੀਆਂ ਦੀ ਨਿਗਰਾਨੀ, ਦਵਾਈਆਂ ਦੀ ਉਪਲਬਧਤਾ ਅਤੇ ਡਿਜੀਟਲ ਪੋਰਟਲਾਂ 'ਤੇ ਡਾਟਾ ਅਪਲੋਡ ਕਰਨ ਸਬੰਧੀ ਵੀ ਚਰਚਾ ਕੀਤੀ ਗਈ। ਅੰਤ ਵਿੱਚ ਸਾਰੇ ਭਾਗੀਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਅਤੇ ਸਮਾਜ ਵਿੱਚ NCD ਬਿਮਾਰੀਆਂ ਸਬੰਧੀ ਜਾਗਰੂਕਤਾ ਫੈਲਾਉਣ।
Click to Follow Babushahi Facebook page →