HMEL ਵੱਲੋਂ ਗੋਦ ਲਏ ਸਰਕਾਰੀ ਸਕੂਲਾਂ ਦੇ 22 ਵਿਦਿਆਰਥੀ ਨਵੋਦਿਆ ਵਿਦਿਆਲਿਆ ਲਈ ਸਫਲ
ਅਸ਼ੋਕ ਵਰਮਾ
ਬਠਿੰਡਾ , 27 ਮਾਰਚ 2026 : ਸਿੱਖਿਆ ਲਈ ਅਨੁਕੂਲ ਮਾਹੌਲ, ਪ੍ਰਚੁਰ ਸੰਸਾਧਨ ਅਤੇ ਸਹੀ ਮਾਰਗਦਰਸ਼ਨ ਮਿਲਣ ‘ਤੇ ਪਿੰਡਾਂ ਦੇ ਬੱਚੇ ਵੀ ਅਸਾਧਾਰਣ ਸਫਲਤਾ ਹਾਸਲ ਕਰ ਸਕਦੇ ਹਨ। ਇਸਦਾ ਸ਼ਾਨਦਾਰ ਉਦਾਹਰਨ ਤਲਵੰਡੀ ਸਾਬੋ ਅਤੇ ਸੰਗਤ ਬਲਾਕ ਦੇ 2 ਸਰਕਾਰੀ ਪ੍ਰਾਇਮਰੀ ਸਕੂਲਾਂ ਕੋਟਬਖਤੂ ਅਤੇ ਗਿਆਨਾ ਵਿੱਚ ਵੇਖਣ ਨੂੰ ਮਿਲਿਆ ਹੈ। ਨਵੋਦਯਾ ਵਿਦਿਆਲਯ ਦੀਆਂ ਕੁੱਲ 80 ਸੀਟਾਂ ਵਿੱਚੋਂ 28 ਪ੍ਰਤੀਸ਼ਤ ਸੀਟਾਂ ‘ਤੇ ਇਨ੍ਹਾਂ ਦੋ ਸਕੂਲਾਂ ਦੇ 22 ਵਿਦਿਆਰਥੀਆਂ ਦੀ ਚੋਣ ਹੋਈ ਹੈ, ਜੋ ਇੱਕ ਮਹੱਤਵਪੂਰਨ ਰਿਕਾਰਡ ਹੈ।ਖਾਸ ਗੱਲ ਇਹ ਹੈ ਕਿ ਇਹ ਦੋਵੇਂ ਸਕੂਲ HMEL ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਮਰਥਿਤ ਹਨ, ਜਿੱਥੇ ਵਿਦਿਆਰਥੀਆਂ ਨੂੰ ਨਵੋਦਯਾ ਵਿਦਿਆਲਯ ਦਾਖਲਾ ਪ੍ਰੀਖਿਆ ਦੀ ਤਿਆਰੀ ਲਈ ਰੀਜ਼ਨਿੰਗ ਸਟਡੀ ਵਾਸਤੇ ਸਮਾਰਟ ਪੈਨਲ, ਸਟੇਸ਼ਨਰੀ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਨ੍ਹਾਂ ਸੰਸਾਧਨਾਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਇਹ ਰਿਹਾ ਕਿ ਆਮ ਅਤੇ ਪਿੰਡੂ ਪਿਛੋਕੜ ਤੋਂ ਆਉਣ ਵਾਲੇ ਵਿਦਿਆਰਥੀਆਂ ਨੇ ਪ੍ਰਤੀਯੋਗੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੋਦਯਾ ਵਿਦਿਆਲਯ ਵਿੱਚ ਆਪਣੀ ਜਗ੍ਹਾ ਬਣਾਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਤਲਵੰਡੀ ਸਾਬੋ ਬਲਾਕ ਤੋਂ ਜ਼ਿਲ੍ਹੇ ਵਿੱਚ ਸਭ ਤੋਂ ਵੱਧ 28 ਵਿਦਿਆਰਥੀ ਚੁਣੇ ਗਏ ਸਨ ਜਦਕਿ ਇਸ ਸਾਲ ਕੇਵਲ ਦੋ ਸਕੂਲਾਂ ਤੋਂ ਹੀ 22 ਵਿਦਿਆਰਥੀਆਂ ਦੀ ਚੋਣ ਇੱਕ ਵੱਡੀ ਉਪਲਬਧੀ ਹੈ।ਇਸ ਤੋਂ ਇਲਾਵਾ ਐਚਐਮਈਐਲ ਸਮਰਥਿਤ ਹੋਰ ਪ੍ਰਾਇਮਰੀ ਸਕੂਲਾਂ ਵਿੱਚ ਸਿੰਗੋ ਤੋਂ 3, ਮਲਕਾਣਾ ਤੋਂ 2 ਅਤੇ ਨਥੇਹਾ, ਪੱਕਾ ਕਲਾਂ, ਸੇਖੂ, ਤਰਖਾਣਵਾਲਾ ਅਤੇ ਚੱਕ ਰੂਲਦੂ ਸਿੰਘ ਤੋਂ ਇੱਕ-ਇੱਕ ਵਿਦਿਆਰਥੀ ਦੀ ਚੋਣ ਨਵੋਦਯਾ ਵਿਦਿਆਲਯ ਲਈ ਹੋਈ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਗਿਆਨਾਂ ਦੇ ਹੈਡ ਟੀਚਰ ਗੁਰਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਰੀਜ਼ਨਿੰਗ ‘ਤੇ ਮਜ਼ਬੂਤ ਪਕੜ ਬਹੁਤ ਜ਼ਰੂਰੀ ਹੁੰਦੀ ਹੈ। ਇਸੇ ਮਕਸਦ ਨਾਲ ਅਸੀਂ ਐਚਐਮਈਐਲ ਤੋਂ ਸਮਾਰਟ ਪੈਨਲ ਅਤੇ ਕੰਪਿਊਟਰ ਦੀ ਮੰਗ ਕੀਤੀ ਸੀ। ਇਨ੍ਹਾਂ ਸਹੂਲਤਾਂ ਨੇ ਬੱਚਿਆਂ ਨੂੰ ਤਾਰਕਿਕ ਅਤੇ ਵਿਸ਼ਲੇਸ਼ਣਾਤਮਕ ਅਧਿਐਨ ਵਿੱਚ ਮਜ਼ਬੂਤ ਬਣਾਇਆ ਹੈ, ਜਿਸ ਨਾਲ ਉਹ ਆਤਮਵਿਸ਼ਵਾਸ ਨਾਲ ਪ੍ਰੀਖਿਆ ਦਾ ਸਾਹਮਣਾ ਕਰ ਸਕੇ।” ਸਰਕਾਰੀ ਪ੍ਰਾਇਮਰੀ ਸਕੂਲ ਕੋਟ ਬਖਤੂ ਦੇ ਹੈਡ ਟੀਚਰ ਨਵਤੇਜ ਸਿੰਘ ਦਾ ਕਹਿਣਾ ਸੀ ਕਿ “ਸਮਾਰਟ ਪੈਨਲ ਮਿਲਣ ਤੋਂ ਬਾਅਦ ਅਸੀਂ 3 ਤੋਂ 4 ਘੰਟੇ ਵਾਧੂ ਕਲਾਸਾਂ ਲਗਾ ਕੇ 25 ਵਿਦਿਆਰਥੀਆਂ ਨੂੰ ਨਵੋਦਯਾ ਪ੍ਰੀਖਿਆ ਲਈ ਤਿਆਰ ਕੀਤਾ, ਜਿਸ ਦੇ ਨਤੀਜੇ ਵਜੋਂ 11 ਵਿਦਿਆਰਥੀਆਂ ਦੀ ਚੋਣ ਹੋਈ। ਇਹ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਦੋਗੁਣਾ ਹੈ।”
ਪਿਛਲੇ ਸਾਲ ਵੀ ਤਲਵੰਡੀ ਸਾਬੋ ਬਲਾਕ ਰਿਹਾ ਸੀ ਅੱਗੇ
ਸਾਲ 2024-25 ਵਿੱਚ ਨਵੋਦਯਾ ਵਿਦਿਆਲਯ ਦੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਜ਼ਿਲ੍ਹੇ ਦੇ ਕੁੱਲ 80 ਵਿਦਿਆਰਥੀਆਂ ਦੀ ਚੋਣ ਹੋਈ ਸੀ, ਜਿਸ ਵਿੱਚੋਂ ਸਭ ਤੋਂ ਵੱਧ 28 ਵਿਦਿਆਰਥੀ ਤਲਵੰਡੀ ਸਾਬੋ ਬਲਾਕ ਤੋਂ ਸਨ। ਇਸ ਤੋਂ ਬਾਅਦ ਰਾਮਪੁਰਾ ਤੋਂ 11, ਸੰਗਤ ਤੋਂ 9, ਮੌੜ ਤੋਂ 8, ਗੋਨਿਆਣਾ ਤੋਂ 7, ਬਠਿੰਡਾ ਤੋਂ 10 ਅਤੇ ਭਗਤਾ ਭਾਈਕਾ ਬਲਾਕ ਤੋਂ 7 ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਸੀ।
Click to Follow Babushahi Facebook page →