ਵਿਦਿਆਰਥੀ ਵਰਗ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ ਲਗਾਤਾਰ ਠੋਸ ਉਪਰਾਲੇ: ਕੁਲਵੰਤ ਸਿੰਘ
5 ਸਕੂਲਾਂ ਵਿੱਚ 12 ਇੰਟਰਐਕਟਿਵ ਫਲੈਟ ਪੈਨਲ ਵਿਦਿਆਰਥੀਆਂ ਨੂੰ ਸਮਰਪਿਤ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਲਗਾਤਾਰ ਲੋਕ-ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਅਤੇ ਚੋਣਾਂ ਦੌਰਾਨ ਕੀਤੇ ਵਾਅਦਿਆਂ ਅਤੇ ਗਰੰਟੀਆਂ ਨੂੰ ਇਕ-ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਤੋਂ ਅੱਗੇ ਵੱਧਦਿਆਂ 10 ਲੱਖ ਰੁਪਏ ਤੱਕ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਵੀ ਕੀਤੀ ਗਈ ਹੈ, ਜੋ ਆਪਣੇ ਆਪ ਵਿੱਚ ਦੇਸ਼ ਦੀ ਵਿਲੱਖਣ ਯੋਜਨਾ ਹੈ।
ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੋਹਾਲੀ ਤੋਂ ਵਿਧਾਇਕ ਸ. ਕੁਲਵੰਤ ਸਿੰਘ ਨੇ ਅੱਜ ਵੱਖ ਵੱਖ ਸਕੂਲਾਂ ਵਿੱਚ ਇੰਟਰ ਐਕਟਿਵ ਫਲੈਟ ਪੈਨਲਾਂ ਦੀ ਸ਼ੁਰੂਆਤ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਹਲਕਾ ਮੋਹਾਲੀ ਦੇ 22 ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਵਿੱਚ 50 ਇੰਟਰਐਕਟਿਵ ਫਲੈਟ ਪੈਨਲ ਲਗਾਉਣ ਦੀ ਮੁਹਿੰਮ ਤਹਿਤ ਬੀਤੇ ਦਿਨਾਂ 5 ਸਕੂਲਾਂ ਵਿੱਚ 12 ਪੈਨਲ ਵਿਦਿਆਰਥੀਆਂ ਨੂੰ ਸਪੁਰਦ ਕੀਤੇ ਗਏ ਸਨ, ਜਦਕਿ ਅੱਜ 5 ਹੋਰ ਸਕੂਲਾਂ ਵਿੱਚ ਵੀ 12 ਪੈਨਲ ਸਮਰਪਿਤ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਫੇਜ਼-5 ਵਿੱਚ 2 ਐਲਈਡੀ, ਐਸ.ਓ.ਈ. ਫੇਜ਼-11 ਵਿੱਚ 4 ਐਲ ਈ ਡੀ, ਹਾਈ ਸਕੂਲ ਸਨੇਟਾ ਵਿੱਚ 2 ਐਲ ਈ ਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਵਿੱਚ 2 ਐਲ ਈ ਡੀ ਅਤੇ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਨੌਲੀ ਵਿੱਚ 2 ਐਲ ਈ ਡੀ ਲਗਾਈਆਂ ਗਈਆਂ ਹਨ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਪੜ੍ਹਾਈ ਵਿੱਚ ਦਿਲਚਸਪੀ ਵਧਾਉਣ ਲਈ ਇੰਟਰਐਕਟਿਵ ਪੈਨਲ ਲਗਾਏ ਜਾ ਰਹੇ ਹਨ, ਜਿਸ ਨਾਲ ਉਹ ਆਧੁਨਿਕ ਤਰੀਕਿਆਂ ਨਾਲ ਸਿੱਖਿਆ ਪ੍ਰਾਪਤ ਕਰ ਸਕਣ ਅਤੇ ਭਵਿੱਖ ਵਿੱਚ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ।
ਉਨ੍ਹਾਂ ਅੱਗੇ ਕਿਹਾ ਕਿ ਸਿਹਤ ਖੇਤਰ ਵਿੱਚ ਵੀ ਸਰਕਾਰ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਹਸਪਤਾਲਾਂ ਵਿੱਚ ਲੋੜੀਂਦੇ ਸਟਾਫ ਦੀ ਭਰਤੀ, ਜ਼ਰੂਰੀ ਸਹੂਲਤਾਂ ਦੀ ਪੂਰਤੀ ਅਤੇ ਮੁਹੱਲਾ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ, ਜਿੱਥੇ ਹਰ ਰੋਜ਼ ਵੱਡੀ ਗਿਣਤੀ ਵਿੱਚ ਮਰੀਜ਼ਾਂ ਦਾ ਮੁਫ਼ਤ ਇਲਾਜ ਅਤੇ ਟੈਸਟ ਕੀਤੇ ਜਾਂਦੇ ਹਨ ਅਤੇ ਲੋੜੀਂਦੀਆਂ ਦਵਾਈਆਂ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਪ੍ਰਭਜੋਤ ਕੌਰ (ਜ਼ਿਲ੍ਹਾ ਪ੍ਰਧਾਨ), ਅੰਨੂੰ ਬੱਬਰ (ਜ਼ਿਲ੍ਹਾ ਕੋਆਰਡੀਨੇਟਰ, ਯੁੱਧ ਨਸ਼ਿਆਂ ਵਿਰੁੱਧ), ਸ਼ਰਨਜੀਤ ਕੌਰ (ਬਲਾਕ ਪ੍ਰਧਾਨ), ਹਰਮੇਸ਼ ਸਿੰਘ ਕੁੰਬੜਾਂ, ਜਸਪਾਲ ਸਿੰਘ ਮਟੋਰ, ਗੁਰਪਾਲ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਅਕਬਿੰਦਰ ਸਿੰਘ ਗੋਸਲ (ਚੇਅਰਮੈਨ), ਅਮਰਜੀਤ ਸਿੰਘ, ਤਰੁਣਜੀਤ ਸਿੰਘ (ਬਲਾਕ ਪ੍ਰਧਾਨ), ਵਿਕਰਮ ਸੰਧੂ, ਸਵਰਨ ਲਤਾ, ਅਵਤਾਰ ਸਿੰਘ ਮੌਲੀ ਬੈਦਵਾਣ, ਗੁਰਦੇਸ਼ ਸਿੰਘ ਸਰਪੰਚ, ਰੂਪ ਚੰਦ ਸਨੇਟਾ, ਰਮੇਸ਼ਵਰ ਸਨੇਟਾ, ਜਗਜੀਤ ਸਿੰਘ ਗੋਬਿੰਦਗੜ੍ਹ, ਕਰਮਾ ਪੂਰੀ ਸਰਪੰਚ, ਕੁਲਵੀਰ ਸਿੰਘ ਮਨੌਲੀ, ਨਿਰਮਲ ਸਿੰਘ ਕੁਰੜੀ ਅਤੇ ਤਰਲੋਚਨ ਸਿੰਘ ਮਟੋਰ ਸਮੇਤ ਹੋਰ ਵੀ ਮੌਜੂਦ ਸਨ।
Click to Follow Babushahi Facebook page →