ਧਰਮਰਾਜ ਦੀ 'ਝੂਠ ਵਾਲੀ ਘੰਟੀ' ਦਾ ਭਗਵੰਤ ਮਾਨ ਨੇ ਸੁਣਾਇਆ 'ਕਿੱਸਾ'- ਸੁਖਬੀਰ 'ਤੇ ਕੱਸਿਆ ਤੰਜ
Babushahi Network
ਲੁਧਿਆਣਾ, 20 ਮਾਰਚ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਮਜ਼ਾਕੀਆ ਕਿੱਸਾ ਸੁਣਾਉਂਦਿਆਂ ਅਕਾਲੀ ਦਲ ਦੇ ਪ੍ਰਧਾਨ 'ਤੇ ਵੱਡਾ ਹਮਲਾ ਕੀਤਾ। ਭਗਵੰਤ ਮਾਨ ਨੇ ਇੱਕ ਕਿੱਸੇ ਰਾਹੀਂ ਸੁਖਬੀਰ ਬਾਦਲ ਤੇ ਤੰਜ ਕੱਸਦਿਆਂ ਹੋਇਆ ਕਿਹਾ ਕਿ, "ਧਰਮਰਾਜ ਕੋਲ ਧਰਤੀ 'ਤੇ ਬੋਲੇ ਜਾਂਦੇ ਝੂਠ ਨੂੰ ਫੜਨ ਲਈ ਇੱਕ ਘੰਟੀ ਲੱਗੀ ਹੋਈ ਸੀ। ਜਦੋਂ ਕੋਈ ਜਰਮਨੀ ਜਾਂ ਅਮਰੀਕਾ 'ਚ ਝੂਠ ਬੋਲਦਾ ਸੀ ਤਾਂ ਘੰਟੀ ਇੱਕ ਵਾਰ ਵੱਜਦੀ ਸੀ। ਪਰ ਇੱਕ ਦਿਨ ਦੁਪਹਿਰ ਵੇਲੇ ਘੰਟੀ ਲਗਾਤਾਰ ਵੱਜਣੀ ਸ਼ੁਰੂ ਹੋ ਗਈ। ਜਦੋਂ ਰੂਹਾਂ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ, ਤਾਂ ਧਰਮਰਾਜ ਨੇ ਜਵਾਬ ਦਿੱਤਾ- 'ਡਰੋ ਨਾ, ਥੱਲੇ ਸੁਖਬੀਰ ਬਾਦਲ ਦਾ ਭਾਸ਼ਣ ਚੱਲ ਰਿਹਾ ਹੈ, 20 ਮਿੰਟ ਹੋਰ ਚੱਲੇਗਾ, ਜਰ ਲਓ!'"
ਸੁਖਬੀਰ ਬਾਦਲ ਵੱਲੋਂ ਅਕਸਰ ਕਹੇ ਜਾਣ ਵਾਲੇ ਸ਼ਬਦ "ਸਾਡੀ ਵਾਰੀ ਆਊਗੀ" 'ਤੇ ਚੁਟਕੀ ਲੈਂਦਿਆਂ ਮਾਨ ਨੇ ਕਿਹਾ ਕਿ ਇਹ ਲੋਕ ਹੁਣ ਕਿਸੇ ਪਾਸੇ ਦੇ ਨਹੀਂ ਰਹੇ। ਉਨ੍ਹਾਂ ਸੁਖਬੀਰ ਬਾਦਲ ਦੇ ਡਾਇਨਾਸੋਰ ਵਾਲੇ ਵੀਡੀਓ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਹ ਤਾਂ ਬੰਦੇ ਖਾ ਜਾਣ ਵਾਲਾ ਜਾਨਵਰ ਹੈ ਅਤੇ ਇਹ ਲੋਕ ਖ਼ੁਦ ਹੀ ਦੱਸ ਰਹੇ ਹਨ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਉਨ੍ਹਾਂ ਕੋਲ ਹੁਣ ਜਾਨਵਰ ਵੀ ਹੈ। ਭਗਵੰਤ ਮਾਨ ਨੇ ਅਖੀਰ ਵਿੱਚ ਕਿਹਾ ਕਿ ਇਹ ਲੋਕ (Sukhbir Badal) ਵਾਰੀਆਂ ਦੀਆਂ ਗੱਲਾਂ ਕਰਦੇ ਹਨ, ਪਰ ਹੁਣ ਵਾਰੀ ਪੰਜਾਬ ਦੇ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਜੈਕਾਰੇ ਲਾਉਣ ਵਾਲੇ ਵੀ ਇਹ ਨਹੀਂ ਦੇਖਦੇ ਕਿ ਜਗ੍ਹਾ ਕਿਹੜੀ ਹੈ, ਬਸ ਜਿੱਥੇ ਆਗੂ ਸਾਹ ਲੈਂਦਾ ਹੈ, ਉੱਥੇ ਹੀ ਨਾਅਰੇ ਲਾ ਦਿੰਦੇ ਹਨ।
Click to Follow Babushahi Facebook page →