ਤੀਜੀ ਵਾਰ ਵੀ ਮੁਲਤਵੀ ਹੋਈ ਬਲਾਕ ਸੰਮਤੀ ਚੋਣ; ਜਗਰਾਉਂ BDPO ਦਫ਼ਤਰ ਵਿੱਚ ਹੰਗਾਮਾ, ਸਰਕਾਰ ’ਤੇ ਧੱਕੇਸ਼ਾਹੀ ਦੇ ਦੋਸ਼
ਦੋਹਾਂ ਪਾਸਿਆਂ ਹੱਥ ਖੜੇ ਹੋਣ ਨਾਲ ਭੜਕਿਆ ਵਿਵਾਦ ਕਾਂਗਰਸ ਦਾ ਬਹੁਮਤ ਹੋਣ ਦਾ ਦਾਅਵਾ • AAP ਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਦੇ ਇਲਜ਼ਾਮ
ਦੀਪਕ ਜੈਨ, ਜਗਰਾਉਂ-
ਬਲਾਕ ਸੰਮਤੀ ਜਗਰਾਉਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸ਼ੁੱਕਰਵਾਰ ਨੂੰ ਤੀਜੀ ਵਾਰ ਵੀ ਮੁਲਤਵੀ ਕਰ ਦਿੱਤੀ ਗਈ, ਜਿਸ ਨਾਲ ਸਿਆਸੀ ਤਣਾਅ ਹੋਰ ਗਹਿਰਾ ਹੋ ਗਿਆ। ਬੀਡੀਪੀਓ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਮੈਂਬਰਾਂ ਵੱਲੋਂ ਦੋਹਾਂ ਪਾਸਿਆਂ ਹੱਥ ਖੜੇ ਕਰਨ ਕਾਰਨ ਤਿੱਖਾ ਵਿਵਾਦ ਅਤੇ ਸ਼ੋਰ-ਸ਼ਰਾਬਾ ਹੋ ਗਿਆ, ਜਿਸ ਤੋਂ ਬਾਅਦ ਐਸਡੀਐਮ ਤੇ ਚੋਣ ਪ੍ਰਕਿਰਿਆ ਦੀ ਨੋਡਲ ਅਫਸਰ ਉਪਿੰਦਰਜੀਤ ਕੌਰ ਬਰਾੜ ਨੇ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਪ੍ਰਕਿਰਿਆ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ।
ਜਾਣਕਾਰੀ ਅਨੁਸਾਰ ਅੱਜ ਦੀ ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਕੁੱਲ 11 ਮੈਂਬਰ ਮੌਜੂਦ ਸਨ, ਜਿਨ੍ਹਾਂ ਵਿੱਚ 9 ਕਾਂਗਰਸ ਦੇ ਜਿੱਤੇ ਹੋਏ ਮੈਂਬਰ ਅਤੇ 2 ਆਜ਼ਾਦ ਮੈਂਬਰ ਸ਼ਾਮਲ ਸਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਦੂਜੀ ਵਾਰ ਇਸ ਚੋਣ ਪ੍ਰਕਿਰਿਆ ਦਾ ਬਾਇਕਾਟ ਕੀਤਾ ਗਿਆ। ਕਾਂਗਰਸੀ ਮੈਂਬਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ 8 ਵਿੱਚੋਂ ਸਿਰਫ 7 ਮੈਂਬਰ ਹੀ ਮੀਟਿੰਗ ਵਿੱਚ ਦਿਖਾਈ ਦਿੱਤੇ।
ਇੱਕ ਹੱਥ ਨਾਲ ਬਦਲ ਗਈ ਪੂਰੀ ਗੇਮ
ਚੋਣ ਪ੍ਰਕਿਰਿਆ ਦੌਰਾਨ ਸਥਿਤੀ ਉਸ ਵੇਲੇ ਅਚਾਨਕ ਤਣਾਅਪੂਰਨ ਬਣ ਗਈ ਜਦੋਂ ਕਾਂਗਰਸ ਦੇ ਸਮਰਥਨ ਵਿੱਚ ਆਈ ਆਜ਼ਾਦ ਮਹਿਲਾ ਬਲਾਕ ਸੰਮਤੀ ਮੈਂਬਰ ਪਵਨਪ੍ਰੀਤ ਕੌਰ ਮਲਕ ਨੇ ਗਲਤੀ ਨਾਲ ਦੋਹਾਂ ਪਾਸਿਆਂ ਹੱਥ ਖੜੇ ਕਰ ਦਿੱਤੇ। ਇਸ ਘਟਨਾ ਨਾਲ ਮੀਟਿੰਗ ਵਿੱਚ ਭਾਰੀ ਹੰਗਾਮਾ ਮਚ ਗਿਆ।
ਕਾਂਗਰਸੀ ਮੈਂਬਰਾਂ ਦਾ ਦੋਸ਼ ਹੈ ਕਿ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਨਾਰੇਬਾਜ਼ੀ ਕਰਕੇ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨੇ ਚੋਣ ਜਿੱਤ ਲਈ ਹੈ ਅਤੇ ਆਪਣਾ ਚੇਅਰਮੈਨ ਤੇ ਵਾਈਸ ਚੇਅਰਮੈਨ ਬਣਾ ਲਿਆ ਹੈ। ਇਸ ’ਤੇ ਕਾਂਗਰਸ ਦੇ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ’ਤੇ ਧੱਕੇਸ਼ਾਹੀ ਦੇ ਗੰਭੀਰ ਦੋਸ਼ ਲਗਾਏ।
ਦਿਲਚਸਪ ਗੱਲ ਇਹ ਵੀ ਰਹੀ ਕਿ ਜਿਸ ਮਹਿਲਾ ਮੈਂਬਰ ਦੇ ਹੱਥ ਖੜੇ ਕਰਨ ਨਾਲ ਸਾਰਾ ਵਿਵਾਦ ਖੜਾ ਹੋਇਆ, ਉਹ ਕੁਝ ਸਮੇਂ ਲਈ ਮੀਟਿੰਗ ਛੱਡ ਕੇ ਬਾਹਰ ਵੀ ਆ ਗਈ ਅਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਤੋਂ ਗਲਤੀ ਨਾਲ ਹੱਥ ਖੜਾ ਹੋ ਗਿਆ ਸੀ। ਹਾਲਾਂਕਿ ਕੁਝ ਸਮੇਂ ਬਾਅਦ ਉਹ ਮੁੜ ਕਾਂਗਰਸ ਖੇਮੇ ਵਿੱਚ ਖੜੀ ਦਿਖਾਈ ਦਿੱਤੀ ਅਤੇ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦੀ ਨਜ਼ਰ ਆਈ। ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਮੈਂਬਰਾਂ ਨੇ ਚੋਣ ਪ੍ਰਕਿਰਿਆ ਦੇ ਨਿਊਡਲ ਅਫਸਰ ਐਸਡੀਐਮ ਉਪਿੰਦਰਜੀਤ ਕੌਰ ਬਰਾੜ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਅੱਜ ਤਾਂ ਐਸਡੀਐਮ ਮੈਡਮ ਇੱਕ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਲਕਿ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੇ ਹੱਥਾਂ ਦੀ ਕਠਪੁਤਲੀ ਜਿਆਦਾ ਨਜ਼ਰ ਆ ਰਹੇ ਸਨ। ਜਿਨਾਂ ਨੇ ਹਲਕਾ ਵਿਧਾਇਕ ਦੇ ਇਸ਼ਾਰੇ ਤੇ ਹੀ ਜਾਣ ਬੁਝ ਕੇ ਅੱਜ ਦੀ ਇਸ ਚੋਣ ਪ੍ਰਕਿਰਿਆ ਨੂੰ ਮੁਲਤਵੀ ਕੀਤਾ ਹੈ।
ਵਿਧਾਇਕ ਮਾਣੂਕੇ ਦਾ ਵੱਖਰਾ ਦਾਅਵਾ
ਦੂਜੇ ਪਾਸੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ 9 ਮੈਂਬਰ ਮੌਜੂਦ ਸਨ ਅਤੇ ਚੋਣ ਦੌਰਾਨ ਕਾਂਗਰਸ ਖੇਮੇ ਦੇ ਦੋ ਮੈਂਬਰਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੱਥ ਖੜੇ ਕਰ ਦਿੱਤੇ। ਉਨ੍ਹਾਂ ਦੇ ਅਨੁਸਾਰ ਇਸ ਤੋਂ ਬਾਅਦ ਕਾਂਗਰਸੀ ਮੈਂਬਰਾਂ ਨੇ ਹੰਗਾਮਾ ਕਰ ਦਿੱਤਾ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਪ੍ਰਸ਼ਾਸਨ ਨੂੰ ਚੋਣ ਮੁਲਤਵੀ ਕਰਨੀ ਪਈ।
ਐਸਡੀਐਮ ਦਾ ਬਿਆਨ
ਐਸਡੀਐਮ ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੁਝ ਮੈਂਬਰਾਂ ਵੱਲੋਂ ਦੋਹਾਂ ਪਾਸਿਆਂ ਹੱਥ ਖੜੇ ਕੀਤੇ ਗਏ, ਜਿਸ ਕਾਰਨ ਹਾਲਾਤ ਗਰਮ ਹੋ ਗਏ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਚੋਣ ਪ੍ਰਕਿਰਿਆ ਮੁਲਤਵੀ ਕਰਨੀ ਪਈ। ਉਨ੍ਹਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਕੁੱਲ 20 ਬਲਾਕ ਸੰਮਤੀ ਮੈਂਬਰ ਅਤੇ ਹਲਕਾ ਵਿਧਾਇਕ ਸਮੇਤ 21 ਮੈਂਬਰ ਮੌਜੂਦ ਸਨ ਅਤੇ ਵਿਧਾਇਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ।
ਅੰਕੜਿਆਂ ਦੀ ਗਿਣਤੀ
ਬਲਾਕ ਸੰਮਤੀ ਜਗਰਾਉਂ ਵਿੱਚ ਕੁੱਲ 25 ਮੈਂਬਰ ਹਨ, ਜਿਨ੍ਹਾਂ ਵਿੱਚ ਕਾਂਗਰਸ ਦੇ 9, ਆਮ ਆਦਮੀ ਪਾਰਟੀ ਦੇ 8, ਅਕਾਲੀ ਦਲ ਦੇ 4 ਅਤੇ 4 ਆਜ਼ਾਦ ਮੈਂਬਰ ਸ਼ਾਮਲ ਹਨ। ਜੇ ਵਿਧਾਇਕ ਦੀ ਵੋਟ ਵੀ ਜੋੜੀ ਜਾਵੇ ਤਾਂ ਕੁੱਲ ਵੋਟਾਂ ਦੀ ਗਿਣਤੀ 26 ਬਣਦੀ ਹੈ।
ਪੁਲਿਸ ਛਾਵਣੀ ਬਣਿਆ ਬੀਡੀਪੀਓ ਦਫ਼ਤਰ
ਚੋਣ ਪ੍ਰਕਿਰਿਆ ਨੂੰ ਲੈ ਕੇ ਬੀਡੀਪੀਓ ਦਫ਼ਤਰ ਪੂਰੀ ਤਰ੍ਹਾਂ ਪੁਲਿਸ ਛਾਵਣੀ ਵਿੱਚ ਤਬਦੀਲ ਹੋਇਆ ਨਜ਼ਰ ਆਇਆ। ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਐਸਪੀ, ਡੀਐਸਪੀ ਸਮੇਤ ਕਈ ਥਾਣਿਆਂ ਦੇ ਮੁਖੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ। ਭਾਰੀ ਸੁਰੱਖਿਆ ਦੇ ਬਾਵਜੂਦ ਵੀ ਚੋਣ ਪ੍ਰਕਿਰਿਆ ਮੁਕੰਮਲ ਨਾ ਹੋ ਸਕੀ।
ਚੋਣ ਮੁਲਤਵੀ ਹੋਣ ਤੋਂ ਬਾਅਦ ਬਾਹਰ ਨਿਕਲੇ ਕਾਂਗਰਸੀ ਮੈਂਬਰਾਂ ਨੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਸਾਹਮਣੇ ਹੀ ਸਰਕਾਰ ਅਤੇ ਪ੍ਰਸ਼ਾਸਨ ’ਤੇ ਦਬਾਅ ਬਣਾਉਣ ਅਤੇ ਮੈਂਬਰਾਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ। ਹਾਲਾਂਕਿ ਵਿਧਾਇਕ ਵੱਲੋਂ ਇਨ੍ਹਾਂ ਦੋਸ਼ਾਂ ’ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਹ ਸਿਰਫ਼ ਇਹ ਕਹਿੰਦੇ ਨਜ਼ਰ ਆਏ ਕਿ ਕਾਂਗਰਸ ਦੇ ਦੋ ਮੈਂਬਰਾਂ ਨੇ ਅੰਦਰੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੱਥ ਖੜੇ ਕੀਤੇ ਸਨ।
Click to Follow Babushahi Facebook page →