ਸੁਨੀਲ ਜਾਖੜ ਦੇ ਬਿਆਨ 'ਤੇ ਬਲਤੇਜ ਪੰਨੂ ਦਾ ਪਲਟਵਾਰ, ਕਿਹਾ- 'ਨੌਸਿਖੀਆਂ' ਨੇ ਉਹ ਕਰ ਦਿਖਾਇਆ ਜੋ ਤੁਹਾਡੀਆਂ ਸਰਕਾਰਾਂ ਦਹਾਕਿਆਂ ਵਿੱਚ ਨਹੀਂ ਕਰ ਸਕੀਆਂ
ਚੰਡੀਗੜ੍ਹ 25 ਫਰਵਰੀ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਮ ਆਦਮੀ ਪਾਰਟੀ ਨੂੰ 'ਨੌਸਿਖੀਆਂ ਦੀ ਪਾਰਟੀ' ਕਹੇ ਜਾਣ 'ਤੇ 'ਆਪ' ਆਗੂ ਬਲਤੇਜ ਪੰਨੂ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਨ੍ਹਾਂ 'ਨੌਸਿਖੀਆਂ' ਨੇ ਉਹ ਕੰਮ ਕੀਤੇ ਹਨ ਜੋ ਮੰਜੇ ਹੋਏ ਸਿਆਸਤਦਾਨਾਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ।
ਪੰਨੂ ਨੇ ਕਿਹਾ ਕਿ ਜਿਸ ਨੂੰ ਜਾਖੜ ਸਾਹਿਬ ਨੌਸਿਖੀਆਂ ਦੀ ਪਾਰਟੀ ਕਹਿ ਰਹੇ ਹਨ, ਉਸੇ ਸਰਕਾਰ ਨੇ ਨਹਿਰੀ ਪਾਣੀ ਦੀ ਪਹੁੰਚ ਨੂੰ 22% ਤੋਂ ਵਧਾ ਕੇ 68% ਤੱਕ ਪਹੁੰਚਾ ਦਿੱਤਾ ਹੈ। ਪੰਜਾਬ ਵਿੱਚ 'ਸੜਕ ਸੁਰੱਖਿਆ ਫੋਰਸ' (ਐਸਐਸਐਫ) ਦਾ ਗਠਨ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਸੜਕ ਹਾਦਸਿਆਂ ਵਿੱਚ ਮੌਕੇ 'ਤੇ ਹੋਣ ਵਾਲੀਆਂ ਮੌਤਾਂ ਵਿੱਚ 48% ਦੀ ਵੱਡੀ ਕਮੀ ਆਈ ਹੈ।
ਪਨੂੰ ਨੇ ਕਿਹਾ ਕਿ ਅੱਜ ਪੰਜਾਬ ਦੇ ਆਮ ਲੋਕਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ। ਇਹ ਰਾਹਤ ਕਿਸੇ ਤਜਰਬੇਕਾਰ ਪਾਰਟੀ ਨੇ ਨਹੀਂ, ਸਗੋਂ ਇਸੇ ਲੋਕ-ਪੱਖੀ 'ਆਪ' ਪਾਰਟੀ ਦੀ ਸਰਕਾਰ ਨੇ ਦਿੱਤੀ ਹੈ, ਜਿਸ ਨੂੰ ਤੁਸੀਂ 'ਨੌਸਿਖੀਆਂ' ਕਹਿ ਰਹੇ ਹੋ।
ਪੰਨੂ ਨੇ ਕਿਹਾ ਕਿ ਜਾਖੜ ਸਾਹਿਬ ਨੂੰ ਆਪਣੀ ਊਰਜਾ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਕੋਲ ਪੈਰਵੀ ਕਰਨ ਵਿੱਚ ਲਗਾਉਣੀ ਚਾਹੀਦੀ ਹੈ, ਨਾ ਕਿ ਵਿਰੋਧੀਆਂ ਨੂੰ ਬਦਨਾਮ ਕਰਨ ਵਿੱਚ।
Click to Follow Babushahi Facebook page →