ਡੇਅਰੀ ਧੰਦੇ ਨਾਲ ਸਬੰਧਤ ਐਸ.ਸੀ ਲਾਭਪਾਤਰੀਆਂ ਲਈ ਚਲਾਇਆ ਜਾਵੇਗਾ ਵਿਸ਼ੇਸ਼ ਬੈਚ : ਡਿਪਟੀ ਡਾਇਰੈਕਟਰ
ਅਸ਼ੋਕ ਵਰਮਾ
ਬਠਿੰਡਾ, 19 ਫ਼ਰਵਰੀ 2026 :ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡਿਆਂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ਼੍ਰੀ ਵਰਿਆਮ ਸਿੰਘ ਗਿੱਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਨੁਸੂਚਿਤ ਜਾਤੀ (ਐਸ.ਸੀ.) ਲਾਭਪਾਤਰੀਆਂ ਲਈ 4 ਹਫਤਿਆਂ ਦੀ ਡੇਅਰੀ ਸਿਖਲਾਈ ਦਾ ਵਿਸ਼ੇਸ਼ ਬੈਚ 23 ਫ਼ਰਵਰੀ ਤੋਂ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਸਰਦੂਲਗੜ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ੍ਰੀ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਕੇਵਲ ਉਹ ਵਿਅਕਤੀ ਯੋਗ ਹੋਣਗੇ ਜੋ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ, ਦਿਹਾਤੀ ਖੇਤਰ ਦੇ ਨਿਵਾਸੀ ਹੋਣ ਅਤੇ ਘੱਟੋ-ਘੱਟ ਦਸਵੀਂ ਪਾਸ ਹੋਣ। ਸਿਖਿਆਰਥੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਲਈ ਸਿਖਿਆਰਥੀ ਵੱਲੋਂ 4000 ਰੁਪਏ ਫੀਸ ਜਮ੍ਹਾ ਕਰਵਾਈ ਜਾਵੇਗੀ, ਜੋ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਵਾਪਸ ਕਰ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ 2 ਤੋਂ 10 ਦੁਧਾਰੂ ਪਸ਼ੂ ਰੱਖ ਕੇ ਡੇਅਰੀ ਯੂਨਿਟ ਸਥਾਪਿਤ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਉਤਪਾਦ ਤਿਆਰ ਕਰਕੇ ਉਨ੍ਹਾਂ ਦੀ ਮਾਰਕੀਟਿੰਗ, ਪਸ਼ੂਆਂ ਨੂੰ ਮੁੱਢਲੀ ਸਹਾਇਤਾ, ਗਰਭਧਾਰਣ ਪ੍ਰਬੰਧਨ ਅਤੇ ਨਸਲ ਸੁਧਾਰ ਸਬੰਧੀ ਤਕਨੀਕੀ ਸਿਖਲਾਈ ਵੀ ਦਿੱਤੀ ਜਾਵੇਗੀ।
ਡਿਪਟੀ ਡਾਇਰੈਕਟਰ ਨੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਦਾ ਪੂਰਾ ਲਾਭ ਉਠਾਉਣ। ਇੱਛੁਕ ਵਿਅਕਤੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰਬਰ 302-ਈ, ਦੂਸਰੀ ਮੰਜਿਲ, ਬਠਿੰਡਾ ਵਿਖੇ ਅਰਜ਼ੀ ਫਾਰਮ ਭਰ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਸੰਪਰਕ ਨੰਬਰ 99148-01227 ‘ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਵਾਲੇ ਸਿਖਿਆਰਥੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਅਤੇ ਸਬਸਿਡੀਆਂ ਦਾ ਲਾਭ ਵੀ ਲੈ ਸਕਦੇ ਹਨ।