ਗੁਰਦਾਸਪੁਰ ਚ 'ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਤਹਿਤ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 17 ਫਰਵਰੀ ਗੁਰਦਾਸਪੁਰ ਦੇ ਸਾਰੇ ਆਂਗਣਵਾੜੀ ਕੇਂਦਰਾਂ ’ਚ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ’ ਦੇ ਤਹਿਤ ਇਸ ਮਹੀਨੇ ਦੇ ਥੀਮ “ਸਮਾਜਿਕ, ਭਾਵਨਾਤਮਕ ਅਤੇ ਬੁੱਧਾਤਮਕ ਵਿਕਾਸ ਬਾਰੇ ਮਾਪਿਆ ਨੂੰ ਜਾਗਰੂਕ ਕਰਨਾ” ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਬੱਚਿਆਂ ਦੇ ਸਮਾਜਿਕ, ਭਾਵਨਾਤਮਕ ਅਤੇ ਬੁੱਧਾਤਮਕ ਵਿਕਾਸ ਨਾਲ ਸੰਬੰਧਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਸਮਾਗਮ ਵਿੱਚ ਬੱਚਿਆਂ ਲਈ ਪਲੇਅ-ਵੇਅ ਮੈਥਡ ਰਾਹੀਂ ਸਿੱਖਣ-ਸਿਖਾਉਣ ਦੀਆਂ ਗਤੀਵਿਧੀਆਂ, ਰੰਗ ਭਰਨ ਮੁਕਾਬਲੇ, ਕਹਾਣੀ ਸੁਣਾਉਣ ਅਤੇ ਗੀਤ-ਸੰਗੀਤ ਦੀਆਂ ਕਲਾਸਾਂ ਲਗਾਈਆਂ ਗਈਆਂ ਅਤੇ ਬੱਚਿਆਂ ਨੇ ਸਮਾਗਮ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਜਸਮੀਤ ਕੋਰ ਨੇ ਦੱਸਿਆ ਕਿ ਈ.ਸੀ.ਸੀ.ਈ. ਦਿਵਸ ਮਨਾਉਣ ਦਾ ਮੁੱਖ ਉਦੇਸ਼ 3 ਤੋਂ 6 ਸਾਲ ਦੇ ਬੱਚਿਆਂ ਦੇ ਸਰਵਾਂਗੀਣ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ “ਪੋਸ਼ਣ ਵੀ, ਪੜ੍ਹਾਈ ਵੀ” ਮੁਹਿੰਮ ਤਹਿਤ ਬੱਚਿਆਂ ਨੂੰ ਸੰਤੁਲਿਤ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਪ੍ਰੀ-ਸਕੂਲ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ।
ਇਸ ਮੌਕੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਮਾਪਿਆਂ ਨੂੰ ਵੀ ਬੱਚਿਆਂ ਦੀ ਦਿਨਚਰਯਾ, ਸਫ਼ਾਈ ਅਤੇ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ।