ਰਿਟਾਇਰ ਹੋ ਕੇ ਆਏ ਫੌਜੀ ਨੇ ਰਿਟਾਇਰਮੈਂਟ ਦੇ ਪੈਸੇ ਵਿੱਚੋਂ ਬਣਾ ਦਿੱਤੀ ਟਾਇਲਾਂ ਲਗਾ ਕੇ ਸੜਕ
ਕਹਿੰਦਾ ਜਰੂਰਤਮੰਦ ਪਰਿਵਾਰਾਂ ਦੀਆਂ ਕੁੜੀਆਂ ਨੂੰ ਵੀ ਦਵਾਂਗਾ ਸ਼ਗਨ
ਰੋਹਿਤ ਗੁਪਤਾ
ਗੁਰਦਾਸਪੁਰ : ਵਿਦੇਸ਼ਾਂ ਵਿੱਚ ਸੈਟਲ ਹੋਏ ਐਨਆਰਆਈਜ ਵੱਲੋਂ ਆਪਣੇ ਪਿੰਡਾਂ ਦੇ ਵਿਕਾਸ ਕਰਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਇੱਥੇ ਇੱਕ ਰਿਟਾਇਰ ਹੋ ਕੇ ਆਏ ਫੌਜੀ ਨੇ ਆਪਣੇ ਰਿਟਾਇਰਮੈਂਟ ਦੇ ਪੈਸੇ ਵਿੱਚੋਂ 100 ਸਾਲ ਤੋਂ ਕੱਚੀ ਪਈ ਸੜਕ ਟਾਈਲਾਂ ਲਵਾ ਕੇ ਨਵੀਂ ਬਣਵਾ ਦਿੱਤੀ ਹੈ। ਇਸ ਸੜਕ ਤੇ ਇੱਕ ਪੀਰ ਦੀ ਜਗ੍ਹਾ ਪੈਂਦੀ ਹੈ ਜਿਸ ਦੀ ਕਾਫੀ ਮਾਨਤਾ ਹੈ ਅਤੇ ਵੱਡੀ ਗਿਣਤੀ ਵਿੱਚ ਆਲੇ ਦੁਆਲੇ ਦੇ ਪਿੰਡ ਵਾਸੀ ਇੱਥੇ ਮੱਥਾ ਟੇਕਣ ਆਉਂਦੇ ਹਨ । ਨਾਲ ਹੀ ਇੱਕ ਮਿਡਲ ਸਕੂਲ ਦਾ ਗੇਟ ਵੀ ਪੈਂਦਾ ਹੈ ਜੋ ਸੜਕ ਕੱਚੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰ ਫੌਜੀ ਦਾ ਕਹਿਣਾ ਹੈ ਕਿ ਹੁਣ ਉਹ ਵੀ ਖੁਲਵਾ ਦਿੱਤਾ ਜਾਵੇਗਾ। ਬਾਰਿਸ਼ ਦੇ ਦਿਨਾਂ ਵਿੱਚ ਇਸ ਰੋਡ ਦਾ ਬੁਰਾ ਹਾਲ ਹੋ ਜਾਂਦਾ ਸੀ ਅਤੇ ਚਿੱਕੜ ਗਾਰ ਨਾਲ ਭਰ ਜਾਂਦੀ ਸੀ ਜਿਸ ਕਾਰਨ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਸੀ । ਕਰੀਬ 10 ਹਜਾਰ ਲਾੱਕ ਟਾਈਲਾਂ ਲਗਵਾ ਕੇ ਅਤੇ 12 ਟਰਾਲੀਆਂ ਮਿੱਟੀ ਪਵਾ ਕੇ ਫੌਜੀ ਵੱਲੋਂ ਪੀਰ ਦੀ ਦਰਗਾਹ ਨੂੰ ਅਤੇ ਸਕੂਲ ਨੂੰ ਜਾਂਦੇ ਰਸਤਿਆਂ ਨੂੰ ਪੱਕੇ ਕਰਵਾ ਦਿੱਤਾ ਗਿਆ ਹੈ। ਇਹੋ ਨਹੀਂ ਰਿਟਾਇਰ ਹੋ ਕੇ ਆਏ ਫੌਜੀ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਪਿੰਡ ਵਿੱਚ ਹੋਰ ਵੀ ਕਈ ਵਿਕਾਸ ਕਾਰਜ ਆਪਣੇ ਕੋਲੋਂ ਪੈਸੇ ਖਰਚ ਕਰਕੇ ਕਰਵਾਏਗਾ ਤੇ ਨਾਲ ਹੀ ਪਿੰਡ ਵਿੱਚ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਵੇਲੇ 5100 ਸ਼ਗਨ ਵੀ ਆਪਣੇ ਕੋਲੋਂ ਦਿਆ ਕਰੇਗਾ ।
ਰਿਟਾਇਰ ਫੌਜੀ ਕੁਲਦੀਪ ਸਿੰਘ ਦੀ ਇਸ ਸੇਵਾ ਭਾਵਨਾ ਦੀ ਪਿੰਡ ਦੇ ਲੋਕ ਵੀ ਸ਼ਲਾਘਾ ਕਰ ਰਹੇ ਹਨ।