ਅਮਰਦੀਪ ਸਿੰਘ ਰਾਜਨ ਨੇ ਸਹਿਕਾਰੀ ਬੈਂਕ ਬਠਿੰਡਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਅਸ਼ੋਕ ਵਰਮਾ
ਬਠਿੰਡਾ, 9 ਜਨਵਰੀ 2026 :ਅਮਰਦੀਪ ਸਿੰਘ ਰਾਜਨ ਨੇ ਅੱਜ ਬਠਿੰਡਾ ਸੈਂਟਰਲ ਕੋਆਪਰੇਟਿਵ ਬੈਂਕ ਬਠਿੰਡਾ ਦੇ ਚੇਅਰਮੈਨ ਵਜੋਂ ਅਧਿਕਾਰਤ ਤੌਰ ਤੇ ਅਹੁਦਾ ਸੰਭਾਲ ਲਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਰਜੀਤ ਮਹਿਤਾ ਅਤੇ ਸ਼੍ਰੀ ਪਦਮਜੀਤ ਮਹਿਤਾ ਨੇ ਕਿਹਾ ਕਿ ਸ਼੍ਰੀ ਅਮਰਦੀਪ ਸਿੰਘ ਰਾਜਨ ਦੀ ਚੇਅਰਮੈਨ ਵਜੋਂ ਨਿਯੁਕਤੀ ਉਹਨਾ ਦੀ ਸਾਲਾਂ ਦੀ ਨਿਸ਼ਠਾਵਾਨ ਸੇਵਾ, ਪ੍ਰਸ਼ਾਸ਼ਕੀ ਸਮਰੱਥਾ ਅਤੇ ਜਨਤਕ ਜੀਵਨ ਪ੍ਰਤੀ ਅਟੁੱਟ ਵਚਨਬੱਧਤਾ ਦੀ ਪਹਿਚਾਣ ਵਜੋਂ ਸਵੀਕਾਰੀ ਗਈ ਹੈ ਅਤੇ ਉਹਨਾਂ ਦੀ ਯੋਗ ਅਗਵਾਈ ਹੇਠ ਬੈਂਕ ਹੋਰ ਤਰੱਕੀ ਦੀਆਂ ਬਲੰਦੀਆਂ ਛੂਹੇਗਾ । ਇਸ ਮੌਕੇ ਅਮਰਦੀਪ ਸਿੰਘ ਰਾਜਨ ਨੇ ਆਪ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ, ਸ਼੍ਰੀ ਮਨੀਸ਼ ਸਿਸੋਦੀਆ ਇੰਚਾਰਜ ਪੰਜਾਬ, ਪਾਰਟੀ ਪ੍ਰਧਾਨ ਸ਼੍ਰੀ ਅਮਨ ਅਰੋੜਾ, ਸ੍ਰੀ ਅਰਮਜੀਤ ਮਹਿਤਾ, ਪ੍ਰਧਾਨ ਪੰਜਾਬ ਕ੍ਰਿਕਟ ਐਸੋਸਿਏਸ਼ਨ, ਸ਼੍ਰੀ ਪਦਮਜੀਤ ਮਹਿਤਾ ਮੇਅਰ ਬਠਿੰਡਾ, ਕਾਰਪੋਰੇਸ਼ਨ, ਬੈਂਕ ਦੇ ਡਾਇਰੈਕਟਰਾਂ ਆਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਤੇ ਜਤਾਏ ਭਰੋਸੇ ਤੇ ਉਹ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ।
ਉਹਨਾਂ ਭਰੋਸਾ ਦੁਆਇਆ ਕਿ ਬੈਂਕ ਦੇ ਕੰਮਾਂ ਵਿੱਚ ਪਾਰਦਰਸ਼ਤਾ, ਵਿੱਤੀ ਅਨੁਸਾਸ਼ਨ ਅਤੇ ਕਾਰਗੁਜਾਰੀ ਨੂੰ ਪਹਿਲ ਦਿੱਤੀ ਜਾਵੇਗੀ । ਇਸਦੇ ਨਾਲ ਹੀ ਕਿਸਾਨਾਂ, ਸਹਿਕਾਰੀ ਅਦਾਰੇ ਅਤੇ ਖਾਤਾ ਧਾਰਕਾਂ ਨੂੰ ਬਿਹਤਰ, ਸਮੇਂ ਸਿਰ ਅਤੇ ਮੌਜੂਦਾ ਤਕਨੋਲਜੀ ਅਧਾਰਿਤ ਸੇਵਾਵਾਂ ਪ੍ਰਦਾਨ ਕਰਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਬੈਂਕ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਾਲ ਲੈ ਕੇ ਟੀਮ ਵਰਕ ਦੀ ਭਾਵਨਾ ਨਾਲ ਕੰਮ ਕੀਤਾ ਜਾਵੇਗਾ, ਤਾਂ ਜੋ ਬੈਂਕ ਦੀ ਭਰੋਸੇਯੋਗਤਾ ਹੋਰ ਵਧੇ ਅਤੇ ਸਹਿਕਾਰੀ ਬੈਂਕਿੰਗ ਖੇਤਰ ਵਿੱਚ ਇਹ ਬੈਂਕ ਇੱਕ ਮਿਸਾਲ ਬਣ ਸਕੇ । ਇਸ ਮੋਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭਾਸਕਰ ਕਟਾਰੀਆ, ਜ਼ਿਲ੍ਹਾ ਮੈਨੇਜਰ ਸ਼੍ਰੀ ਜਤਿੰਦਰ ਸਿੰਘ ਗਿੱਲ ਨੇ ਨਵੇਂ ਚੇਅਰਮੈਨ ਨੂੰ ਵਧਾਈ ਦਿੱਤੀ।ਇਸ ਮੌਕੇ ਜਗਰੂਪ ਸਿੰਘ ਗਿੱਲ ਐਮ.ਐਲ.ਏ, ਬਠਿੰਡਾ ਅਤੇ ਚੇਅਰਮੈਨ ਨੀਲ ਗਰਗ ਸਮੇਤ ਵੱਡੀ ਗਿਣਤੀ ਪਤਵੰਤੇ ਹਾਜਰ ਸਨ।