ਇੰਪਲਾਈਜ਼ ਫੈਡਰੇਸ਼ਨ, ਕੰਟਰੈਕਟਰ ਕਰਮਚਾਰੀ ਯੂਨੀਅਨ ਅਤੇ ਪੈਨਸ਼ਨਰਜ਼ ਵੈਲਫੇਅਰ ਐਂਡ ਫੈਡਰੇਸ਼ਨ ਵੱਲੋਂ ਕੀਤੀ ਗਈ ਸਾਂਝੀ ਮੀਟਿੰਗ
ਮਨਪ੍ਰੀਤ ਸਿੰਘ
ਰੂਪਨਗਰ 2 ਜਨਵਰੀ
ਇੰਪਲਾਈਜ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ, ਕੰਟਰੈਕਟਰ ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੂਪਨਗਰ ਅਤੇ ਪੈਨਸ਼ਨਜ਼ ਵੈਲਫੇਅਰ ਫੈਡਰੇਸ਼ਨ ਇਕਾਈ ਰੂਪਨਗਰ ਦੀ ਸਾਂਝੀ ਮੀਟਿੰਗ ਅੱਜ ਨੂੰਹੋਂ ਕਨੋਲੀ ਵਿਖੇ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਆਗੂ ਹਰਮੇਸ਼ ਸਿੰਘ ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਮੰਨਣ ਪ੍ਰਤੀ ਲਗਾਤਾਰ ਟਾਲਾ ਵੱਟ ਰਹੀ ਹੈ। ਭਗਵੰਤ ਮਾਨ ਸਰਕਾਰ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਕੰਟਰੈਕਟਰ ਕਾਮਿਆਂ ਨੂੰ ਪੱਕਾ ਕਰਨ ਪ੍ਰਤੀ ਜੋ ਵਾਅਦਾ ਕੀਤਾ ਗਿਆ ਸੀ, ਲਗਭਗ ਚਾਰ ਸਾਲਾਂ ਦਾ ਸਮਾਂ ਬੀਤਣ ਉਪਰੰਤ ਵੀ ਪੰਜਾਬ ਸਰਕਾਰ ਦਾ ਇਹ ਵਾਅਦਾ ਵਫਾ ਨਹੀਂ ਹੋਇਆ। ਇਸ ਤੋਂ ਇਲਾਵਾ ਕੰਟਰੈਕਟਰ ਕਰਮਚਾਰੀਆ ਦੀਆਂ ਉਜਰਤਾਂ ਵਿੱਚ ਹਰੇਕ ਛਿਮਾਹੀ ਕੀਤਾ ਜਾਣ ਵਾਲਾ ਘੱਟੋ ਘੱਟ ਉਜਰਤਾਂ ਵਿੱਚ ਵਾਧਾ ਦੇਣ ਤੋਂ ਵੀ ਸਰਕਾਰ ਟਾਲਾ ਵੱਟ ਰਹੀ ਹੈ। ਸਰਕਾਰ ਵੱਲੋਂ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀਏ ਦੀਆਂ ਕਿਸਤਾਂ ਦਾ ਵਾਧਾ ਵੀ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਪੰਜਾਬ ਸਰਕਾਰ ਪ੍ਰਤੀ ਮੁਲਾਜ਼ਮ ਵਰਗ ਦਾ ਗੁੱਸਾ ਦਿਨੋ ਦਿਨ ਵਧ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਅਤੇ ਟਰਾਂਸਕੋ ਦੀਆਂ ਵੱਡਮੁੱਲੀਆਂ ਜਮੀਨਾਂ ਨੂੰ ਕੌਡੀਆਂ ਦੇ ਭਾਅ ਤੇ ਵੇਚਿਆ ਜਾ ਰਿਹਾ ਹੈ। ਇਸ ਦੇ ਰੋਸ ਵੱਲੋਂ 20 ਜਨਵਰੀ 2026 ਨੂੰ ਉਪਰੋਕਤ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਰਣਜੀਤ ਬਾਗ ਰੂਪਨਗਰ ਵਿਖੇ ਰੋਸ ਰੈਲੀ ਕਰਨ ਉਪਰੰਤ ਅਰਥੀ ਫੁਕ ਮੁਜਾਹਰਾ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਨੂੰ ਰਾਜ ਕੁਮਾਰ ਕੋਹਲੀ, ਬਲਬੀਰ ਸਿੰਘ ਮਗਰੋੜ, ਅਮਰਜੀਤ ਸਿੰਘ, ਦਲਬੀਰ ਸਿੰਘ, ਬਲਵਿੰਦਰ ਸਿੰਘ, ਰਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।