ਸਿਵਲ ਸਰਜਨ ਬਠਿੰਡਾ ਵੱਲੋਂ ਲੋਕਾਂ ਨੂੰ ਸਿਹਤ ਸਕੀਮਾਂ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ
ਅਸ਼ੋਕ ਵਰਮਾ
ਬਠਿੰਡਾ, 2 ਜਨਵਰੀ 2026 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਸਿਹਤ ਸਕੀਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਬੀ.ਡੀ.ਪੀ.ਓ ਦਫ਼ਤਰ ਵਿਖੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਦੀਆਂ ਦੌਰਾਨ ਸਿਹਤ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ, ਮਾਤਾ-ਸ਼ਿਸ਼ੂ ਸਿਹਤ ਸੇਵਾਵਾਂ, ਟੀਕਾਕਰਨ, ਰਾਸ਼ਟਰੀ ਗੈਰ-ਸੰਚਾਰੀ ਰੋਗ ਪ੍ਰੋਗਰਾਮ, ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਰਦੀ ਨਾਲ ਸਬੰਧਿਤ ਬਿਮਾਰੀਆਂ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਉਹਨਾਂ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਠੰਢ ਕਾਰਨ ਸਾਹ ਦੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਫਲੂ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਹਨ, ਇਸ ਲਈ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਸੰਤੁਲਿਤ ਆਹਾਰ ਲੈਣ, ਨਿਯਮਤ ਸਿਹਤ ਜਾਂਚ ਕਰਵਾਉਣ ਅਤੇ ਬਿਮਾਰੀ ਦੇ ਲੱਛਣ ਨਜ਼ਰ ਆਉਣ ’ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਜਾਂ ਆਯੂਸ਼ਮਨ ਅਰੋਗਿਆ ਕੇਂਦਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਦਵਾਈਆਂ, ਮੁਫਤ ਲੈਬ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।