ਦਿੱਲੀ ਵਿਚ ਸਾਫ਼ ਹਵਾ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ - ਜਮਹੂਰੀ ਫਰੰਟ
ਚੰਡੀਗੜ੍ਹ, 25 ਨਵੰਬਰ 2025- ਅੱਜ ਪ੍ਰੈੱਸ ਬਿਆਨ ਜਾਰੀ ਕਰਕੇ ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਨੇ ਦਿੱਲੀ ਵਿਚ ਵੱਧ ਰਹੇ ਹਵਾ ਪ੍ਰਦੂਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਇੰਡੀਆ ਗੇਟ ‘ਤੇ ਇਕੱਠੇ ਹੋਏ 23 ਸ਼ਾਂਤਮਈ ਪ੍ਰਦਰਸ਼ਨਕਾਰੀਆਂ—ਜਿਨ੍ਹਾਂ ਵਿਚ 11 ਕੁੜੀਆਂ ਸ਼ਾਮਲ ਹਨ—ਨੂੰ ਗ੍ਰਿਫ਼ਤਾਰ ਕਰਨ, ਰਾਤ-ਭਰ ਹਿਰਾਸਤ ਵਿਚ ਰੱਖਕੇ ਤਸ਼ੱਦਦ ਕਰਨ ਅਤੇ ਤਿੰਨ ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏਕੇ ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾਲ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਕਿਹਾ ਕਿ ਆਪਣੇ ਸਿਹਤ ਉੱਪਰ ਮੰਡਰਾਉਂਦੇ ਪ੍ਰਦੂਸ਼ਿਤ ਵਾਤਾਵਰਣ ਦੇ ਖ਼ਤਰੇ ਖ਼ਿਲਾਫ਼ ਸ਼ਾਂਤਮਈ ਤਰੀਕੇ ਨਾਲ ਵਿਰੋਧ ਦਰਜ ਕਰਾਉਣਾ ਨਾਗਰਿਕਾਂ ਦਾ ਸੰਵਿਧਾਨਕ ਹੱਕ ਹੈ। ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਪਬਲਿਕ ਸਿਹਤ ਸੰਕਟ ਨੂੰ ਘਟਾਉਣ ਲਈ ਕਦਮ ਚੁੱਕਣ ਦੀ ਬਜਾਏ ਦਿੱਲੀ ਪੁਲਿਸ-ਪ੍ਰਸ਼ਾਸਨ ਵਿਦਿਆਰਥੀਆਂ ਨੂੰ ਜਬਰ ਰਾਹੀਂ ਦਹਿਸ਼ਤਜ਼ਦਾ ਕਰਨ ਦੇ ਰਾਹ ਤੁਰਿਆ ਹੋਇਆ ਹੈ। ਮੌਜੂਦਾ ਵਿਕਾਸ ਮਾਡਲ ਪ੍ਰਦੂਸ਼ਨ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ ਅਤੇ ਦਿੱਲੀ ਪੁਲਿਸ ਵੱਲੋਂ ਮੁਤਵਾਜ਼ੀ ਵਿਕਾਸ ਮਾਡਲ ਦੀ ਗੱਲ ਕਰਨ ਅਤੇ ਝੂਠੇ ਮੁਕਾਬਲਿਆਂ ਵਿਰੁੱਧ ਆਵਾਜ਼ ਉਠਾਉਣ ਦੇ ਜਮਹੂਰੀ ਹੱਕ ਨੂੰ ਹੀ ਦੇਸ਼ ਵਿਰੋਧੀ ਸੰਗੀਨ ਜੁਰਮ ਬਣਾ ਦਿੱਤਾ ਗਿਆ ਹੈ। ਇਹ ਹੋਰ ਵੀ ਚਿੰਤਾਜਨਕ ਕਿ ਔਰਤਾਂ ਸੰਬੰਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਕੇ ਲੜਕੀਆਂ ਨੂੰ ਰਾਤ-ਭਰ ਹਿਰਾਸਤ ਵਿਚ ਰੱਖਿਆ ਗਿਆ, ਔਰਤ ਪ੍ਰਦਰਸ਼ਨਕਾਰੀਆਂ ਨਾਲ ਜਿਨਸੀ ਛੇੜਛਾੜ ਕੀਤੀ ਗਈ ਅਤੇ ਕੁਝ ਵਿਦਿਆਰਥੀਆਂ ਉੱਪਰ ਥਾਣਿਆਂ ਵਿਚ ਬੇਕਿਰਕੀ ਨਾਲ ਤਸ਼ੱਦਦ ਕੀਤਾ ਗਿਆ। ਹਿਰਾਸਤ ਵਿਚ ਲਏ ਵਿਅਕਤੀ ਨੂੰ ਕਿਸੇ ਵੀ ਰੂਪ 'ਚ ਸਰੀਰਕ, ਮਾਨਸਿਕ ਅਤੇ ਜਿਨਸੀ ਤੌਰ 'ਤੇ ਪ੍ਰੇਸ਼ਾਨ ਕਰਨਾ ਮਨੁੱਖੀ ਹੱਕਾਂ ਦੀ ਗੰਭੀਰ ਉਲੰਘਣਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਵਕੀਲਾਂ ਨੂੰ ਪੁਲਿਸ ਥਾਣਿਆਂ ਵਿਚ ਜਾ ਕੇ ਹਿਰਾਸਤ ਵਿਚ ਲਏ ਗਏ ਪ੍ਰਦਰਸ਼ਨਕਾਰੀਆਂ ਨੂੰ ਮਿਲਣ ਨਹੀਂ ਦਿੱਤਾ ਗਿਆ। ਜੋ ਇਸਦਾ ਸਬੂਤ ਹੈ ਕਿ ਤਸ਼ੱਦਦ ਅਤੇ ਝੂਠੇ ਕੇਸਾਂ ਲਈ ਬਦਨਾਮ ਦਿੱਲੀ ਪੁਲਿਸ ਪ੍ਰਦਰਸ਼ਨਕਾਰੀਆਂ ਨਾਲ ਕੀਤੀ ਬਦਤਮੀਜ਼ੀ, ਵਹਿਸ਼ਤ ਅਤੇ ਤਸ਼ੱਦਦ ਨੂੰ ਲੁਕੋਣਾ ਚਾਹੁੰਦੀ ਹੈ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਸਾਰੇ ਗ੍ਰਿਫ਼ਤਾਰ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਝੂਠੇ ਕੇਸ ਰੱਦ ਕੀਤੇ ਜਾਣ; ਹਿਰਾਸਤ ਵਿਚ ਕੀਤੇ ਤਸ਼ੱਦਦ ਅਤੇ ਲੜਕੀਆਂ ਨਾਲ ਜਿਨਸੀ ਛੇੜਛਾੜ ਦੀ ਸਮਾਂਬੱਧ, ਸੁਤੰਤਰ ਅਤੇ ਨਿਰਪੱਖ ਜੁਡੀਸ਼ੀਅਲ ਜਾਂਚ ਕਰਾਈ ਜਾਵੇ। ਔਰਤਾਂ ਦੀ ਗ੍ਰਿਫ਼ਤਾਰੀ ਸੰਬੰਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ; ਵਾਤਾਵਰਣ ਸੰਬੰਧੀ ਦਿੱਲੀ ਦੇ ਨਾਗਰਿਕਾਂ ਦੀਆਂ ਚਿੰਤਾਵਾਂ ਨੂੰ ਮੁਖ਼ਾਤਬ ਹੋ ਕੇ ਪ੍ਰਦੂਸ਼ਣ ਉੱਪਰ ਕਾਬੂ ਪਾਉਣ ਲਈ ਠੋਸ ਕਦਮ ਚੁੱਕੇ ਜਾਣ। ਵਾਤਾਵਰਣ, ਜਨਤਕ ਸਿਹਤ, ਝੂਠੇ ਮੁਕਾਬਲਿਆਂ, ਆਦਿਵਾਸੀਆਂ ਇਲਾਕਿਆਂ ਵਿਚ ਕਤਲੇਆਮ ਦੇ ਜਾਇਜ਼ ਮੁੱਦੇ ਉਠਾਉਣ ਵਾਲੇ ਵਿਦਿਆਰਥੀਆਂ, ਔਰਤਾਂ ਅਤੇ ਹੋਰ ਨਾਗਰਿਕਾਂ ਨੂੰ ਬਦਨਾਮ ਕਰਨ ਲਈ ਚਲਾਇਆ ਜਾ ਰਿਹਾ ਰਾਸ਼ਟਰ-ਵਿਰੋਧੀ ਹੋਣ ਦਾ ਝੂਠਾ ਬਿਰਤਾਂਤ ਬੰਦ ਕੀਤਾ ਜਾਵੇ। ਮਿਤੀ: 25 ਨਵੰਬਰ 2025