ਇਫਟੂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਨਵੰਬਰ 2025
ਭੱਠਾ ਵਰਕਰ ਯੂਨੀਅਨ (ਇਫਟੂ) ਨੇ ਪਿੰਡ ਪੱਲੀਆਂ ਕਲਾਂ ਦੇ ਭੱਠੇ ਉੱਤੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ।
ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਸਕੱਤਰ ਅਵਤਾਰ ਸਿੰਘ ਤਾਰੀ,ਭੱਠਾ ਵਰਕਰ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਨੇ ਕਿਹਾ ਕਿ ਚਾਰ ਕਿਰਤ ਕੋਡ ਲਾਗੂ ਕਰਕੇ ਮੋਦੀ ਸਰਕਾਰ ਨੇ ਸਮੁੱਚੇ ਮਜ਼ਦੂਰ ਵਰਗ ਉੱਤੇ ਵੱਡਾ ਹੱਲਾ ਬੋਲਿਆ ਹੈ ਜਿਸ ਦਾ ਮਜ਼ਦੂਰ ਜਮਾਤ ਹਰ ਹਾਲਤ ਵਿੱਚ ਕਰੜਾ ਜਵਾਬ ਦੇਵੇਗੀ।
ਉਹਨਾਂ ਕਿਹਾ ਕਿ ਕਈ ਰਾਜ ਸਰਕਾਰਾਂ ਨੇ ਕੋਡਾਂ ਦੇ ਵਿਰੋਧ ਕਾਰਨ ਅਜੇ ਤਕ ਨਿਯਮ ਤਿਆਰ ਨਹੀਂ ਕੀਤੇ। ਪਰ ਮੋਦੀ ਸਰਕਾਰ ਨੂੰ ਮਜ਼ਦੂਰ ਵਰਗ ਦੇ ਕਿਸੇ ਵੀ ਅਧਿਕਾਰ ਦੀ ਦਲੀਲ ਦੀ ਕੋਈ ਪਰਵਾਹ ਨਹੀਂ।
ਕੌੜੀ ਸੱਚਾਈ ਇਹ ਹੈ ਕਿ ਭਾਰਤ ਦੀ ਮਜ਼ਦੂਰੀ ਸ਼ਕਤੀ ਦੀ ਬਹੁਤ ਵੱਡੀ ਹਿੱਸੇਦਾਰੀ ਗ਼ੈਰ-ਸੰਗਠਤ ਖੇਤਰ ਵਿੱਚ ਹੈ ਅਤੇ ਮੁਲਕ ਵਿਚ ਜ਼ਿਆਦਾਤਰ ਨੌਕਰੀਆਂ ਅਸਥਾਈ ਹਨ। ਕੋਡਾਂ ਦੇ ਇਸ ਐਲਾਨ ਨਾਲ ਸਰਕਾਰਾਂ ਅਤੇ ਪੂੰਜੀਪਤੀਆਂ ਵਿੱਚ ਉਹ ਹੌਸਲਾ ਪੈਦਾ ਹੋਵੇਗਾ ਕਿ ਉਹ ਹੁਣ ਤਕ ਮਜ਼ਦੂਰਾਂ ਨੇ ਜਿਨ੍ਹਾਂ ਅਧਿਕਾਰਾਂ ਲਈ ਜੱਦੋ-ਜਹਿਦ ਕੀਤੀ ਹੈ, ਉਹਨਾਂ ਨੂੰ ਵੀ ਤੋੜ ਸਕਣ। ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦੇ ਕਠਿਨ ਮੁਹਿੰਮ ਨਾਲ ਹਾਸਲ ਕੀਤੇ ਅਧਿਕਾਰਾਂ ’ਤੇ ਸਿੱਧੇ ਹਮਲੇ ਕੀਤੇ ਜਾ ਰਹੇ ਹਨ ਅਤੇ ਇਹ ਕਾਰਪੋਰੇਟ ਹਮਲਿਆਂ ਨੂੰ ਹੋਰ ਬੇਲਗਾਮ ਕਰਨਗੇ। ਕਾਰਪੋਰੇਟ ਤਾਂ ਲੰਮੇ ਸਮੇਂ ਤੋਂ ਕਾਹਲੇ ਹਨ ਕਿ ‘ਹਾਇਰ-ਐਂਡ-ਫਾਇਰ’ ਦਾ ਪੂਰਾ ਹੱਕ ਮਿਲੇ, ਜ਼ਿਆਦਾ ਕੰਮ ਦੇ ਘੰਟੇ ਲਗਾਏ ਜਾ ਸਕਣ, ਅਤੇ ਲੋਕਤੰਤਰਕ ਅਧਿਕਾਰਾਂ ਨੂੰ ਕੁਚਲਿਆ ਜਾਵੇ।ਇਸ ਮੌਕੇ ਮਹਿੰਦਰ, ਬਿਕਰਮ, ਕਾਂਸ਼ੀ ਰਾਮ,ਅਤੇ ਜਸਬੀਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮਹਿੰਦਰ , ਸੰਜਾ, ਮੁਖੀ, ਸਰੇਸ਼ੋ, ਓਮਕਾਰੀ,ਅਮਿਟ ਅਤੇ ਪਿੰਕੂ ਭੱਠਾ ਮਜ਼ਦੂਰ ਵੀ ਹਾਜ਼ਰ ਸਨ।