ਸਿਵਲ ਸਰਜਨ ਬਠਿੰਡਾ ਵੱਲੋਂ ਹਾਇਪਰਟੈਂਸ਼ਨ ਤੇ ਟੈਲੀ ਫਿਲਮ ਬਣਾਉਣ ਵਾਲੇ ਬੱਚੇ ਸਨਮਾਨਿਤ
ਅਸ਼ੋਕ ਵਰਮਾ
ਬਠਿੰਡਾ, 19 ਸਤੰਬਰ 2025 : ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਵੱਲੋਂ ਅੱਜ ਹਾਇਪਰਟੈਂਸ਼ਨ ਤੇ ਟੈਲੀ ਫਿਲਮ ਬਣਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਜਿਲ੍ਹਾ ਪਬਲਿਕ ਰਿਲੇਸ਼ਨ ਅਫ਼ਸਰ ਗੁਰਦਾਸ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਜਿਲ੍ਹਾ ਬੀ.ਸੀ.ਸੀ ਨਰਿੰਦਰ ਕੁਮਾਰ, ਐਨ.ਸੀ.ਡੀ ਵਿੰਗ ਤੋਂ ਸੁਖਵਿੰਦਰ ਸਿੰਘ ਅਤੇ ਜੀ.ਐਨ.ਐਮ ਸਕੂਲ ਦੀ ਅਧਿਆਪਕਾ ਨਵਨੀਤ ਕੌਰ ਹਾਜ਼ਰ ਸਨ । ਇਸ ਮੌਕੇ ਸਿਵਲ ਸਰਜਨ ਡਾ ਤਪਿੰਦਰਜੋਤ ਨੇ ਦੱਸਿਆ ਕਿ ਸਿਹਤ ਵਿਭਾਗ ਬਠਿੰਡਾ ਵੱਲੋਂ ਹਾਇਪਰਟੈਂਸ਼ਨ (ਉੱਚ ਰਕਤ ਚਾਪ) ਬਾਰੇ ਜਨਤਾ ਵਿੱਚ ਜਾਗਰੂਕਤਾ ਵਧਾਉਣ ਲਈ ਇੱਕ ਟੈਲੀ ਫਿਲਮ ਜਾਰੀ ਕੀਤੀ ਗਈ। ਇਹ ਟੈਲੀ ਫਿਲਮ ਜੀ.ਐਨ.ਐਮ ਟ੍ਰੇਨਿੰਗ ਸਕੂਲ ਬਠਿੰਡਾ ਦੇ ਬੱਚਿਆ ਦੁਆਰਾ ਤਿਆਰ ਕੀਤੀ ਗਈ । ਇਹ ਟੈਲੀ ਫਿਲਮ ਉੱਚ ਰਕਤ ਚਾਪ ਦੀ ਸਮੱਸਿਆ, ਇਸਦੇ ਲੱਛਣ, ਕਾਰਣ, ਪ੍ਰਭਾਵ ਅਤੇ ਰੋਕਥਾਮ ਦੇ ਤਰੀਕਿਆਂ ਨੂੰ ਆਮ ਭਾਸ਼ਾ ਵਿੱਚ ਦਰਸਾਉਂਦੀ ਹੈ।
ਉਹਨਾਂ ਦੱਸਿਆ ਕਿ ਹਾਇਪਰਟੈਂਸ਼ਨ ਇੱਕ ‘ਨਿਰੀਵ ਘਾਤਕ’ ਰੋਗ ਹੈ ਜੋ ਕਿ ਬਿਨਾਂ ਕਿਸੇ ਲੱਛਣ ਦੇ ਵੀ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਹ ਹਿਰਦੇ ਰੋਗਾਂ, ਦਿਮਾਗੀ ਘਾਤ (ਸਟ੍ਰੋਕ) ਅਤੇ ਕਿਡਨੀ ਫੇਲ੍ਹ ਹੋਣ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਮੁੱਖ ਕਾਰਣ ਬਣ ਸਕਦਾ ਹੈ।ਟੈਲੀ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸਿਹਤਮੰਦ ਜੀਵਨਸ਼ੈਲੀ, ਵਿਆਯਾਮ, ਸੰਤੁਲਿਤ ਭੋਜਨ, ਨਮਕ ਦੀ ਘੱਟ ਵਰਤੋਂ, ਅਤੇ ਨਿਯਮਤ ਤੌਰ 'ਤੇ ਰਕਤ ਚਾਪ ਦੀ ਜਾਂਚ ਕਰਵਾ ਕੇ ਹਾਇਪਰਟੈਂਸ਼ਨ ਤੋਂ ਬਚਿਆ ਜਾ ਸਕਦਾ ਹੈ। ਇਹ ਫਿਲਮ ਸਿਹਤ ਵਿਭਾਗ ਦੇ ਫੇਸਬੁੱਕ (ਸਿਹਤ ਵਿਭਾਗ ਬਠਿੰਡਾ) ਅਤੇ ਸਿਹਤ ਵਿਭਾਗ ਦੇ ਪੇਜ (Mass Education & Media Wing Bathinda) ਤੇ ਉਪਲਬਧ ਹੈ ।