ਮਸ਼ਹੂਰ ਬਾਲੀਵੁੱਡ ਅਦਾਕਾਰ ਰਾਜ ਕੁੰਦਰਾ ਗੁ. ਬੇਰ ਸਾਹਿਬ ਹੋਏ ਨਤਮਸਤਕ ,ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਕੇ 100 ਮੱਝਾਂ ਦੇਣ ਦਾ ਕੀਤਾ ਐਲਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 12 ਸਤੰਬਰ 2025 ਮਸ਼ਹੂਰ ਬਾਲੀਵੁੱਡ ਅਦਾਕਾਰ ਅਤੇ ਨਿਰਦੇਸ਼ਕ ਰਾਜ ਕੁੰਦਰਾ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਦਸਤਾਰ ਸਜਾ ਕੇ ਨਤਮਸਤਕ ਹੋਏ। ਉਨ੍ਹਾਂ ਵਾਹਿਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਗੁਰਬਾਣੀ ਦਾ ਕੀਰਤਨ ਦਰਬਾਰ ਵਿਚ ਬੈਠ ਕੇ ਸਰਵਣ ਕੀਤਾ ।ਇਸ ਤੋਂ ਬਾਅਦ ਦਫਤਰ ਵਿਖੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ ਤੇ ਹੈੱਡ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਸਿਰੋਪਾਓ ਤੇ ਯਾਦਗਾਰੀ ਚਿਨ੍ਹ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ।
ਉਪਰੰਤ ਰਾਜ ਕੁੰਦਰਾ ਨੇ ਸੁਲਤਾਨਪੁਰ ਲੋਧੀ ਦੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਤੇ ਪਿੰਡਾਂ ਵਿਚ ਹੋਏ ਨੁਕਸਾਨ ਦਾ ਜਾਇਜਾ ਲਿਆ । ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਹਾਲਤ ਬਾਰੇ ਜਾਣਿਆ।
ਰਾਜ ਕੁੰਦਰਾ ਨੇ ਗੱਲਬਾਤ ਕਰਦੇ ਕਿਹਾ ਕਿ ਕੁਦਰਤ ਨੇ ਪੰਜਾਬ ਦੇ ਲੋਕਾਂ 'ਤੇ ਜੋ ਕਹਿਰ ਮਚਾਇਆ ਹੈ, ਉਸ ਲਈ ਉਹ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਕਿ ਪ੍ਰਸ਼ਾਸਨ ਅਤੇ ਸਰਕਾਰ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਕਰੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੇ ਪਸ਼ੂ ਗੁਆ ਦਿੱਤੇ ਹਨ, ਉਨ੍ਹਾਂ ਨੂੰ 100 ਮੱਝਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਵਿੱਚ ਗੁਰਦੁਆਰਾ ਪ੍ਰਬੰਧਕਾਂ ਦੀ ਰਾਏ ਲਈ ਜਾਵੇਗੀ। ਇਸ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਅਵਤਾਰ ਸਿੰਘ,ਐਡੀਸ਼ਨਲ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ, ਸਰਵਣ ਸਿੰਘ, ਕੰਵਲਨੈਣ ਸਿੰਘ ਕੇਨੀ , ਤਹਿਸੀਲਦਾਰ ਪਰਮਿੰਦਰ ਸਿੰਘ, ਨਾਇਬ ਤਹਿਸੀਲਦਾਰ ਗੌਰਵ ਬਾਂਸਲ, ਰਜਿਸਟਰੀ ਕਲਰਕ ਹਰਪ੍ਰੀਤ ਸਿੰਘ ਸੰਧੂ, ਰੀਡਰ ਚਤਰ ਸਿੰਘ, ਡਾਇਰੈਕਟਰ ਰਾਕੇਸ਼ ਮਹਿਤਾ, ਬਲਇੰਦਰ ਸਿੰਘ ਸਰਪੰਚ ਹਰਜਿੰਦਰ ਸਿੰਘ, ਕੌਂਸਲਰ ਹਰਜਿੰਦਰ ਸਿੰਘ, ਸਰਪੰਚ ਹਰਭਜਨ ਸਿੰਘ ਆਦਿ ਹਾਜਰ ਸਨ ।