ਬਠਿੰਡਾ: DC ਅਤੇ ਮੇਅਰ ਵੱਲੋਂ ਝੀਲਾਂ ਦੇ ਸੁੰਦਰੀਕਰਨ ਸਬੰਧੀ ਵਿਸ਼ੇਸ਼ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 10 ਸਤੰਬਰ 2025: ਡੀਸੀ ਰਾਜੇਸ਼ ਧੀਮਾਨ ਅਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਦੀਆਂ ਝੀਲਾਂ ਨੂੰ ਸੁੰਦਰ ਅਤੇ ਖਿੱਚ ਦਾ ਕੇਂਦਰ ਬਣਾਉਣ ਦੇ ਮੱਦੇਨਜਰ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਝੀਲਾਂ ਦੀ ਸਫਾਈ, ਕੰਢਿਆਂ 'ਤੇ ਹਰਿਆਲੀ ਵਧਾਉਣ ਅਤੇ ਆਧੁਨਿਕ ਸਹੂਲਤਾਂ ਪ੍ਰਦਾਨ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਡੀਸੀ ਰਾਜੇਸ਼ ਧੀਮਾਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਝੀਲਾਂ ਦੇ ਸੁੰਦਰੀਕਰਨ ਵਿੱਚ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੋੜੀਂਦਾ ਫੰਡ ਵੀ ਮੁਹਈਆਂ ਕਰਵਾਇਆ ਜਾਵੇਗਾ। ਉਹਨਾਂ ਇਹ ਵੀ ਵਿਚਾਰ ਕੀਤਾ ਕਿ ਆਮ ਲੋਕਾਂ ਅਤੇ ਸਮਾਜਿਕ ਸੰਗਠਨਾਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਸਫਾਈ ਅਤੇ ਹਰਿਆਲੀ ਮੁਹਿੰਮ ਵੀ ਚਲਾਈ ਜਾਵੇ।
ਇਸ ਮੌਕੇ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਝੀਲਾਂ ਸ਼ਹਿਰ ਦੀ ਵਿਰਾਸਤ ਹਨ ਅਤੇ ਇਨ੍ਹਾਂ ਦੀ ਸੰਭਾਲ ਤੇ ਸੁੰਦਰੀਕਰਨ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਝੀਲਾਂ ਦੇ ਆਲੇ-ਦੁਆਲੇ ਰੋਸ਼ਨੀ, ਬੈਠਣ ਦੀ ਵਿਵਸਥਾ ਅਤੇ ਬੱਚਿਆਂ ਲਈ ਖੇਡਣ ਦੇ ਖੇਤਰ ਵਿਕਸਤ ਕਰਨ ਦੀ ਯੋਜਨਾ ਬਣਾਈ ਜਾਵੇਗੀ, ਤਾਂ ਜੋ ਝੀਲਾਂ ਦਾ ਸੁੰਦਰੀਕਰਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਬਠਿੰਡਾ ਵਿੱਚ ਜਲਦੀ ਹੀ ਰੁੱਖ ਲਗਾਉਣ ਦੀ ਮੁਹਿੰਮ ਵੀ ਚਲਾਈ ਜਾਵੇਗੀ।