ਆਟੋ- ਟ੍ਰੈਕਟਰ ਟਰਾਲੀ ਦੀ ਟੱਕਰ 'ਚ ਦੋ ਸਕੂਲੀ ਬੱਚੇ ਜ਼ਖ਼ਮੀ
ਦੀਪਕ ਜੈਨ
ਜਗਰਾਓਂ, 10 ਸਤੰਬਰ, 2025: ਰਾਏਕੋਟ ਰੋਡ 'ਤੇ ਅੱਜ ਦੁਪਹਿਰ ਹੋਏ ਆਟੋ ਤੇ ਟ੍ਰੈਕਟਰ ਟਰਾਲੀ ਦੀ ਟੱਕਰ ਦੇ ਸੜਕ ਹਾਦਸੇ ਵਿੱਚ ਆਟੋ ਵਿੱਚ ਸਵਾਰ ਦੋ ਸਕੂਲੀ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਮੌਜੂਦ ਰਾਹਗੀਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੱਕ ਆਟੋ ਚਾਲਕ ਜੋ ਸਕੂਲੀ ਬੱਚਿਆਂ ਨੂੰ ਛੁੱਟੀ ਦੇ ਸਮੇਂ ਘਰ ਛੱਡਣ ਲਈ ਰਾਇਕੋਟ ਅੱਡੇ ਵੱਲ ਜਾ ਰਿਹਾ ਸੀ, ਉਸਦੀ ਕਲਿਆਣੀ ਹਸਪਤਾਲ ਦੇ ਨੇੜੇ ਇੱਕ ਟ੍ਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਉਸ ਵੇਲੇ ਆਟੋ ਵਿੱਚ 10 ਤੋਂ 12 ਸਕੂਲ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ ਦੋ ਬੱਚੇ ਇਸ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਕਲਿਆਨੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਹਾਦਸੇ ਦੇ ਸਮੇਂ ਟ੍ਰੈਕਟਰ ਟਰਾਲੀ ਚਾਲਕ ਅਤੇ ਆਟੋ ਚਾਲਕ ਵਿਚਕਾਰ ਕਾਫ਼ੀ ਤੀਖੀ ਨੋਕਝੋਕ ਵੀ ਦੇਖਣ ਨੂੰ ਮਿਲੀ ਅਤੇ ਦੋਵੇਂ ਹੀ ਇੱਕ ਦੂਜੇ 'ਤੇ ਦੋਸ਼ ਲਗਾਉਂਦੇ ਦਿਖਾਈ ਦਿੱਤੇ। ਆਟੋ ਚਾਲਕ ਦਾ ਕਹਿਣਾ ਹੈ ਕਿ ਇਹ ਹਾਦਸਾ ਟ੍ਰੈਕਟਰ ਟਰਾਲੀ ਚਾਲਕ ਦੀ ਗਲਤੀ ਅਤੇ ਲਾਪਰਵਾਹੀ ਕਾਰਨ ਹੋਇਆ ਹੈ। ਜਦੋਂਕਿ ਟ੍ਰੈਕਟਰ ਟਰਾਲੀ ਚਾਲਕ ਬੂਟਾ ਸਿੰਘ ਨੇ ਕਿਹਾ ਕਿ ਉਹ ਤਾਂ ਆਪਣੀ ਟਰਾਲੀ ਲੈ ਕੇ ਮੌੜ ਮੁੜ ਚੁੱਕੇ ਸੀ ਪਰ ਆਟੋ ਚਾਲਕ ਦੀ ਸਪੀਡ ਜ਼ਿਆਦਾ ਹੋਣ ਕਾਰਨ ਉਹ ਬ੍ਰੇਕ ਨਾ ਲਾ ਸਕਿਆ ਅਤੇ ਆਟੋ ਬੇਕਾਬੂ ਹੋ ਕੇ ਟਰੈਕਟਰ ਟਰਾਲੀ ਨਾਲ ਜਾ ਟਕਰਾਇਆ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ, ਇਸ ਵਿੱਚ ਉਸਦੀ ਕੋਈ ਗਲਤੀ ਨਹੀਂ ਹੈ।
ਆਟੋ ਵਿੱਚ ਸਵਾਰ ਵਿਦਿਆਰਥਣ ਜਸ਼ਨਦੀਪ ਕੌਰ ਅਤੇ ਲਕਸ਼ਮੀ ਦੇਵੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਆਟੋ ਅੱਗੇ ਅਚਾਨਕ ਟਰੈਕਟਰ ਟਰਾਲੀ ਆ ਗਿਆ ਅਤੇ ਬ੍ਰੇਕ ਨਾ ਲੱਗਣ ਕਾਰਨ ਆਟੋ ਟਰਾਲੀ ਨਾਲ ਟਕਰਾ ਗਿਆ ਜਿਸ ਨਾਲ ਉਨ੍ਹਾਂ ਨੂੰ ਮਾਮੂਲੀ ਚੋਟਾਂ ਲੱਗੀਆਂ ਹਨ। ਇਸ ਮਾਮਲੇ ਵਿੱਚ ਮੌਕੇ 'ਤੇ ਪਹੁੰਚੇ ਥਾਣਾ ਸਿਟੀ ਪੁਲਿਸ ਦੇ ਏਐਸਆਈ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਤੋਂ ਬਾਅਦ ਅੱਗੇ ਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।