ਤਖ਼ਤਾਂ ਦਾ ਟਕਰਾਅ ਰੋਕਣ ਲਈ ਸਮੁੱਚਾ ਪੰਥ-ਖ਼ਾਲਸਾ ਅੱਗੇ ਆਵੇ - ਵਿਰਸਾ ਸੰਭਾਲ ਮੰਚ
- ਚਵਰ ਤਖ਼ਤਾਂ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਉੱਚ ਹਨ, ਨਾ ਕਿ ਸੇਵਕ
- ਹੁਕਮਨਾਮੇ ਤਖ਼ਤ ਦੇ ਮਾਲਕ ਦੇ ਹੁੰਦੇ ਹਨ, ਨਾ ਕਿ ਸੇਵਕਾਂ ਦੇ - ਵਿਰਸਾ ਸੰਭਾਲ ਮੰਚ
ਚੰਡੀਗੜ੍ਹ, ਮਿਤੀ: 10 ਜੁਲਾਈ 2025 - 'ਸਭਿਆਚਾਰ ਤੇ ਵਿਰਸਾ ਸੰਭਾਲ ਮੰਚ' ਨੇ ਕਿਹਾ ਹੈ, ਕਿ ਗੁਰਦਵਾਰਾ ਪ੍ਰਬੰਧਾਂ ਵਿੱਚ "ਉੱਚ-ਇਖ਼ਲਾਕ ਦੀ ਘਾਟ" ਅਤੇ "ਹਉਮੈਂ ਭਾਰੂ" ਹੋਣ ਕਰਕੇ, ਸਿੱਖ ਤਖ਼ਤਾਂ ਦੇ ਟਕਰਾਅ ਵਾਲੀ ਅਤਿ ਦੁਖ਼ਦਾਈ ਅਤੇ ਨਾਜ਼ੁਕ ਸਥਿਤੀ ਬਣ ਗਈ ਹੈ। ਡਾਢੇ ਅਫ਼ਸੋਸ ਦੀ ਗੱਲ ਹੈ, ਜਦੋਂ ਕਿ ਤਖ਼ਤਾਂ ਦਾ ਮਾਲਿਕ ਇੱਕੋ ਹੈ ਪਰ ਮਾਲਕ ਦੀਆਂ ਮੋਹਰਾਂ ਹਉਮੈ ਅਤੇ ਮਨਮੱਤ ਵੱਸ ਇੱਕ ਦੂਜੇ ਵਿਰੁੱਧ ਸੇਵਕ ਹੀ ਵਰਤੀ ਜਾਂਦੇ ਹਨ।
ਸੰਸਾਰ ਭਰ ਦੀਆਂ ਸਮੂਹ ਸਿੱਖ ਸੰਗਤਾਂ ਦਿਲੋਂ ਚਾਹੁੰਦੀਆਂ ਹਨ, ਕਿ ਗੁਰਮਤਿ, ਗੁਰਇਤਿਹਾਸ ਅਤੇ ਸਿੱਖਸਿਧਾਂਤ ਦੀ ਰੋਸ਼ਨੀ ਵਿੱਚ ਸਿੱਖ-ਤਖਤਾਂ ਤੋਂ ਹੁਕਮਨਾਮੇ" ਦੇ ਵਿਧੀ ਵਿਧਾਨ ਸਬੰਧੀ ਵਿਚਾਰ ਲਈ ਇੱਕ ਅਤਿ ਜ਼ਰੂਰੀ ਸਰਬਤ ਖ਼ਾਲਸਾ ਰੂਪ ਵਿੱਚ ਪੰਥਕ ਇਕੱਤਰਤਾ ਤੁਰੰਤ ਬੁਲਾਈ ਜਾਵੇ। ਮੌਜੂਦਾ ਹਾਲਾਤ, ਗੁਰੂ-ਪੰਥ ਦੀ ਸਮੁੱਚੀ ਸਿੱਖ ਸੰਗਤ ਦੇ ਸਾਂਝੇ ਉੱਦਮ ਦੀ ਮੰਗ ਕਰਦੇ ਹਨ।
ਡਾ ਮਨਜੀਤ ਸਿੰਘ ਰੰਧਾਵਾ ਕਨਵੀਨਰ "ਸਭਿਆਚਾਰ ਤੇ ਵਿਰਸਾ ਸੰਭਾਲ ਮੰਚ" ਨੇ ਦੱਸਿਆ, ਕਿ ਦੁਨੀਆਂ ਭਰ ਦੀ ਸਿੱਖ ਸੰਗਤ ਮਹਿਸੂਸ ਕਰਦੀ ਹੈ, ਕਿ ਤਖ਼ਤ ਸਾਹਿਬਾਨ ਤੋਂ ਹੁਕਮਨਾਮੇ ਗੁਰਬਾਣੀ ਨੂੰ ਸਮਰਪਿਤ ਹੋ ਕੇ, ਹਉਮੈਂ ਤਿਆਗ ਕੇ, ਗੁਰਮਤਿ ਅਨੁਸਾਰ ਜਾਰੀ ਕੀਤੇ ਹੀ ਨਹੀਂ ਜਾ ਰਹੇ। ਜਿਸ ਕਰਕੇ ਆਪਾ-ਵਿਰੋਧੀ ਹੋ ਰਹੇ ਹਨ, ਜੋ ਘਾਤਕ ਹਨ।
ਹੁਕਮਨਾਮੇ ਮਾਲਕ ਦੇ ਹੁੰਦੇ ਹਨ, ਜੋ ਸਿਰਫ਼ ਗੁਰੂ ਗ੍ਰੰਥ ਸਾਹਿਬ ਤੋਂ ਹੀ ਲਏ ਜਾਣੇ ਚਾਹੀਦੇ ਹਨ। ਗੁਰਦਵਾਰਾ ਪ੍ਰਬੰਧ ਵਿੱਚ ਸਖ਼ਸ਼ੀ ਉੱਚੇ ਇਖ਼ਲਾਕ ਦੀ ਘਾਟ ਕਰਕੇ ਹੁਕਮਨਾਮੇ ਦੇ ਤਰੀਕੇ ਦੀ ਤਖਤਾਂ ਦੇ ਸੇਵਕਾਂ ਵੱਲੋ ਮਨਮੱਤ ਨਾਲ ਗ਼ਲਤ ਅਤੇ ਘਾਤਕ ਵਰਤੋਂ ਨੂੰ ਤੁਰੰਤ ਰੋਕਣਾ "ਗੁਰੂ ਗ੍ਰੰਥ ਦੇ ਗੁਰੂਪੰਥ" ਵੱਲੋਂ ਅਤਿ ਜ਼ਰੂਰੀ ਹੈ।
ਸਮੂਹ ਸੰਗਤ ਲਈ ਇਹ ਸਮਝਣਾ ਜ਼ਰੂਰੀ ਹੋ ਗਿਆ ਹੈ, ਕਿ ਚਵਰ ਤਖ਼ਤ ਤੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਰਵਉੱਚ ਹਨ, ਨਾ ਕਿ "ਤਖ਼ਤ-ਬੁੰਗੇ ਦੇ ਸੁਰੱਖਿਆ ਦਸਤੇ" ਦੇ ਸੇਵਕ ਜਥੇਦਾਰ। ਅਕਾਲੀ ਫ਼ੂਲਾ ਸਿੰਘ ਵੀ ਸ੍ਰੀ ਅਕਾਲ ਤਖ਼ਤ ਦੇ "ਸੁਰੱਖਿਆ ਦਸਤੇ "ਸ਼ਹੀਦੀ ਮਿਸਲ ਦੇ ਜਥੇਦਾਰ ਸਨ ਨਾ ਕਿ ਸ੍ਰੀ ਅਕਾਲ-ਤਖ਼ਤ ਦੇ ਜਥੇਦਾਰ"। ਹੁਣ ਤਾਂ ਕਿਸੇ ਵੀ ਤਖ਼ਤ ਦਾ ਕੋਈ ਸੁਰੱਖਿਆ ਦਸਤਾ ਵੀ ਨਹੀਂ ਹੈ।
ਉਹਨਾਂ ਕਿਹਾ, ਕਿ ਗੁਰਬਾਣੀ ਤਾਂ "ਗੁਰੂ", "ਸੰਗਤ" ਅਤੇ "ਪੰਜ ਪਿਆਰੇ" ਸਾਹਿਬਾਨ ਬਾਰੇ ਪ੍ਰਤੱਖ਼ ਨਿਰਨਾ ਦਿੰਦੀ ਹੈ ਕਿ:
"ਪ੍ਰੇਮ ਦਾ ਇੱਕੀਵਾਂ ਵਿਸਵਾ" ਜੋ "ਰੱਬ ਨੇ ਭਗਤ ਨੂੰ" ਦਿੱਤਾ ਹੈ, ਉਹੋ ਹੱਕ "ਗੁਰੂ ਨੇ ਸੰਗਤ, ਗੁਰੂ-ਪੰਥ" ਨੂੰ ਦਿੱਤਾ ਹੋਇਆ ਹੈ। ਇਹ ਸੰਗਤ ਨੂੰ ਗੁਰਪ੍ਰੇਮ ਦਾ ਅਖ਼ਤਿਆਰ ਹੀ; "ਪੰਚ ਪਰਵਾਣ ਪੰਚ ਪਰਧਾਨੁ॥", ਹੋ ਕੇ ਵਰਤਦਾ ਹੈ।
ਗੁਰਬਾਣੀ ਦਾ ਫ਼ੁਰਮਾਨ ਹੈਃ
"ਦਾਸ ਅਨਿੰਨ ਮੇਰੋ ਨਿਜ ਰੂਪ॥ ਦਰਸਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤਿ ਕਰਤ ਗ੍ਰਿਹ ਕੂਪ॥੧॥ ਰਹਾਉ॥ ਮੇਰੀ ਬਾਂਧੀ ਭਗਤੁ ਛਡਾਵੈ ਬਾਂਧੈ ਭਗਤੁ ਨ ਛੂਟੈ ਮੋਹਿ॥ ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ॥੧॥ ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ॥ ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ॥੨॥੩॥" ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ ੧੨੫੨.
ਉਹਨਾਂ ਖੁਲਾਸਾ ਕੀਤਾ, ਕਿ ਕਿਸੇ ਵਿਚਾਰ ਅਧੀਨ ਮੁੱਦੇ ਤੇ, ਸਰਬਸੰਮਤੀ ਦੇ ਗੁਰਮਤੇ ਨਾਲ ਲਏ ਗਏ ਫੈਸਲੇ ਨੂੰ, ਵਿਅਕਤੀ ਜਾਂ ਸੰਸਥਾ ਵਿਸ਼ੇਸ਼ ਵੱਲੋਂ, ਕਿਸੇ ਸਿੰਘ ਸਾਹਿਬਾਨਾਂ ਨੂੰ ਬਦਲ ਕੇ ਪਹਿਲੇ ਗੁਰਮਤੇ ਦਾ ਫ਼ੈਸਲਾ ਬਦਲਿਆ, ਉਲਟਾਇਆ ਜਾਂ ਤਰਮੀਮ ਹਰਗਿਜ਼ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ। ਅਜਿਹਾ ਕਰਕੇ ਸਿਰਫ਼ ਸਿੱਖ-ਪਰੰਪਰਾਵਾਂ ਦਾ ਘਾਣ ਹੀ ਨਹੀਂ, ਬਲਕਿ ਗੁਰਮਰਿਆਦਾ ਵੀ ਉਲਟਾਈ ਜਾ ਰਹੀ ਹੈ।
ਉਹਨਾਂ ਸਿਧਾਂਤ ਸਪਸ਼ਟ ਕੀਤਾ, ਕਿ ਜਿਸ ਕਾਰਜ ਨੂੰ ਨੇਪਰੇ ਚਾੜ੍ਹਣ ਲਈ, "ਸੰਗਤ ਵੱਲੋਂ ਪਰਵਾਣ" ਪੰਜ ਸਿੰਘ ਸਾਹਿਬਾਨ ਥਾਪੇ ਜਾਣ, ਉਹ ਸ੍ਰੀ ਗੁਰੂ ਗਰੰਥ ਸਾਹਿਬ ਤੋ ਆਗਿਆ ਲੈ ਕੇ ਹੀ "ਗੁਰਮਤਿ" ਅਨੁਸਾਰ, ਸਿਰਫ਼ ਅਤੇ ਸਿਰਫ਼, "ਇੱਕਮਤ" ਹੋ ਕੇ ਹੀ "ਗੁਰਮਤਾ" ਕਰਕੇ ਜਾਰੀ ਕਰ ਸਕਦੇ ਹਨ। ਜੋ ਗੁਰਬਾਣੀ ਦੀ ਕਸਵੱਟੀ ਤੇ ਪੂਰਾ ਹੋਣਾ ਵੀ ਲਾਜ਼ਮੀ ਹੈ। ਕਿਉਂਕਿ "ਗੁਰਮਤਾ ਤਾਂ ਗੁਰੂ ਦੀ ਮਤਿ" ਤੋਂ ਲਾਂਭੇ ਹੋ ਹੀ ਨਹੀਂ ਸਕਦਾ। ਅਜਿਹਾ ਹੋਣ ਤੇ ਹੀ ਗੁਰੂ-ਆਸ਼ੇ ਅਤੇ ਪ੍ਰਵਾਨਤ-ਵਿਧੀ ਅਨੁਸਾਰ ਜਾਰੀ ਕੀਤਾ ਹੁਕਮਨਾਮਾ ਹੀ ਸਰਬੱਤ ਸਿੱਖਸੰਗਤ ਨੂੰ ਪ੍ਰਵਾਨ ਹੁੰਦਾ ਆਇਆ ਹੈ।
ਪੁਰਾਤਨ ਸਿੱਖ ਇਤਿਹਾਸ ਵਿੱਚ, ਸਿੱਖ ਸੰਗਤ ਜਾਂ ਸੰਗਤ ਵੱਲੋਂ ਥਾਪੇ ਸਿੰਘ ਸਾਹਿਬਾਨ ਵੱਲੋਂ, ਗੁਰਮਤਿ ਤੋਂ ਲਾਂਭੇ ਜਾ ਕੇ, ਜਾਂ ਇੱਕਮਤ ਨਾ ਹੋ ਕੇ, ਬਹੁਸੰਮਤੀ ਨਾਲ, ਫ਼ੈਸਲਾ ਲੈ ਸਕਣ ਦੀ, ਜਾਂ ਮਨਮਤ ਦੇ ਆਪਾ ਵਿਰੋਧੀ ਫੈਸਲੇ ਲੈ ਸਕਣ ਦੀ ਕਦੇ ਵੀ ਕੋਈ ਮਿਸਾਲ ਨਹੀਂ ਮਿਲਦੀ।
ਉਹਨਾਂ ਇਹ ਵੀ ਦੱਸਿਆ, ਕਿ ਇੱਕਮਤ ਨਾ ਹੋ ਸਕਣ ਦੀ ਸੂਰਤ ਵਿੱਚ, ਅਸਹਿਮਤੀ ਵਾਲਾ ਫ਼ੈਸਲਾ ਸੰਗਤ ਕੋਲ ਵਾਪਸ ਆਉਣਾ ਸੁਨਿਸਚਿਤ ਹੈ। ਪਰ ਬਹੁਸੰਮਤੀ ਨਾਲ ਜਾਂ ਆਪਾ ਵਿਰੋਧੀ ਫੈਸਲੇ ਕਦਾਚਿਤ ਨਹੀਂ ਲਏ ਜਾ ਸਕਦੇ। ਕਿਸੇ ਵਿਚਾਰ-ਵਿਰੋਧ ਦੀ ਸੂਰਤ ਵਿੱਚ, ਗੁਰੂ ਗਰੰਥ ਸਾਹਿਬ ਤੋਂ ਸੇਧ ਲੈ ਕੇ ਸਿਰਫ਼ ਅਤੇ ਸਿਰਫ਼ ਸੰਗਤ ਹੀ ਆਪ ਫ਼ੈਸਲਾ ਕਰਨ ਯੋਗ ਹੈ।
ਉਹਨਾਂ ਕਿਹਾ ਇਤਿਹਾਸ ਗਵਾਹ ਹੈ, ਕਿ 18ਵੀਂ ਸਦੀ ਵਿੱਚ ਵੀ, ਸ੍ਰੀ ਅਕਾਲ-ਤਖ਼ਤ ਸਾਹਿਬ ਤੋਂ ਸਭ ਕੌਮੀ ਫੈਸਲੇ "ਸਰਬਤ ਖ਼ਾਲਸਾ ਸਿੱਖ ਸੰਗਤ ਨੇ ਆਪ ਕੀਤੇ, ਨਾ ਕਿ ਅਕਾਲ ਤਖ਼ਤ ਦੀ ਸੁਰੱਖਿਆ ਲਈ ਅਕਾਲ ਬੁੰਗੇ ਵਿੱਚ ਤਾਇਨਾਤ ਸ਼ਹੀਦੀ ਮਿਸਲ ਦੇ ਜਥੇਦਾਰ" ਨੇ।
ਤੱਤ ਖ਼ਾਲਸੇ ਤੇ ਬੰਦਈ ਖ਼ਾਲਸੇ ਦਾ ਵਿਵਾਦ ਅਤੇ ਦਸਮ ਗਰੰਥ ਜੀ ਬਾਰੇ ਦੋ ਰਾਏ ਬਾਰੇ ਫ਼ੈਸਲੇ, ਸਰਬੱਤ ਸਿੱਖ ਸੰਗਤ ਵੱਲੋਂ ਸਿਰ ਜੋੜ ਕੇ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨਾਲ ਕਰਨੇ, ਇਸ ਦੀਆਂ ਪ੍ਰਤੱਖ ਇਤਿਹਾਸਿਕ ਮਿਸਾਲਾਂ ਹਨ।
ਉਹਨਾਂ ਕਿਹਾ, ਕਿ ਸ੍ਰੀ 'ਅਕਾਲ-ਤਖ਼ਤ' ਸਾਹਿਬ ਦੀ ਮਰਿਆਦਾ ਬਹਾਲ ਰੱਖਦੇ ਹੋਏ, ਤੁਰੰਤ ਸਰਬੱਤ ਖ਼ਾਲਸਾ ਸਿੱਖ ਸੰਗਤ ਰੂਪ ਵਿੱਚ ਸਮੂਹ ਸਿੱਖ ਸੰਪਰਦਾਵਾਂ ਅਤੇ ਸਿੱਖ ਜਥੇਬੰਦੀਆਂ ਦੀ ਬੇਹਦ ਜ਼ਰੂਰੀ ਇਕੱਤਰਤਾ ਲਾਜ਼ਮੀ ਸੱਦੀ ਜਾਣੀ ਚਾਹੀਦੀ ਹੈ।
ਇਸ ਨਾਜ਼ਕ ਸਮੇਂ ਅਜਿਹੀ ਇੱਕਤਰਤਾ ਨਾ ਸੱਦ ਕੇ ਤਖ਼ਤਾਂ ਦਾ ਟਕਰਾ ਵਧਣ ਨਾ ਰੋਕਣਾ, ਵੀ ਗੁਰਮਰਿਆਦਾ ਦੀ ਇਤਿਹਾਸਿਕ ਘੋਰ ਉਲੰਘਣਾ ਹੀ ਮੰਨਿਆ ਜਾਵੇਗਾ।