Babushahi Special: ‘ਪੰਜਾਬ ਪੁਲਿਸ ਦੀ ਰਵਾਇਤੀ ਵੱਢੂੰ ਖਾਂਊ’ ਦੀ ਥਾਂ ਪੁਲਿਸ ਦੇ ਨਵੇਂ ਰੰਗਰੂਟਾਂ ਦੀ ਸੰਗ ਤੋਂ ਲੋਕ ਦੰਗ
ਅਸ਼ੋਕ ਵਰਮਾ
ਬਠਿੰਡਾ,10 ਜੁਲਾਈ2025: ਪੰਜਾਬ ਪੁਲੀਸ ਦੇ ਨਵੇਂ ਜਵਾਨਾਂ ਨੂੰ ਤਾਂ ਸੰਗ ਨੇ ਹੀ ਮਾਰ ਲਿਆ ਹੈ ਜਿਨ੍ਹਾਂ ਨੂੰ ਦੇਖ ਕੇ ਬਠਿੰਡਾ ਦੇ ਲੋਕ ਤਾਂ ਦੰਗ ਰਹਿ ਗਏ ਹਨ। ਪੰਜਾਬ ਪੁਲਿਸ ਤਰਫੋਂ ਅਮਨ ਕਾਨੂੰਨ ਡਿਊਟੀ ਲਈ ਬਠਿੰਡਾ ਪੁਲੀਸ ਵਿੱਚ ਕਰੀਬ 2ਸੌ ਨਵੇਂ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਹ ਉਹ ਮੁੰਡੇ ਕੁੜੀਆਂ ਹਨ ਜੋ ਕੁੱਝ ਸਮਾਂ ਪਹਿਲਾਂ ਪੁਲਿਸ ਵਿੱਚ ਭਰਤੀ ਹੋਏ ਹਨ। ਇਨ੍ਹਾਂ ਨਵੇਂ ਪੁਲਿਸ ਮੁਲਾਜਮ ਨੂੰ ਜਿਲ੍ਹਾ ਪੁਲਿਸ ਨੇ ਬੁੱਧਵਾਰ ਨੂੰ ਫਲੈਗ ਮਾਰਚ ਕਰਨ ਲਈ ਸੜਕਾਂ ਤੇ ਉਤਾਰਿਆ ਸੀ। ਜਾਣਕਾਰੀ ਅਨੁਸਾਰ ਇਨ੍ਹਾਂ ਰੰਗਰੂਟਾਂ ਦੀ ਵਿੱਦਿਅਕ ਯੋਗਤਾ ਉੱਚੀ ਹੈ ਪਰ ਪੱਕੀਆਂ ਸਰਕਾਰੀ ਨੌਕਰੀਆਂ ਦੀ ਤੋਟ ਉਨ੍ਹਾਂ ਨੂੰ ਪੰਜਾਬ ਪੁਲਿਸ ਵਾਲੇ ਪਾਸੇ ਲਿਆਈ ਹੈ। ਦੇਖਣ ’ਚ ਆਇਆ ਹੈ ਕਿ ਸਕੂਲਾਂ ਕਾਲਜਾਂ ’ਚ ਮਸਤੀ ਕਰਨ ਵਾਲੇ ਇਹ ਰੰਗਰੂਟ ਖੱੁਲ੍ਹਕੇ ਡਿਊਟੀ ਕਰਨ ਦੀ ਥਾਂ ਝਿਜਕ ਮਹਿਸੂਸ ਕਰਦੇ ਹਨ।

ਬਠਿੰਡਾ ਦੇ ਧੋਬੀ ਬਜ਼ਾਰ ’ਚ ਫਲੈਗ ਮਾਰਚ ਦੌਰਾਨ ਨਵੇਂ ਜਵਾਨਾਂ ਨੇ ਕਦਮ ਤਾਲ ਕੀਤੀ ਤਾਂ ਇਹੋ ਚਰਚਾ ਭਾਰੂ ਰਹੀ ਕਿ ਪੁਲੀਸ ਦੀ ਵਰਦੀ ਪਾਉਣ ਦੇ ਬਾਵਜੂਦ ਇੰਨ੍ਹਾਂ ਰੰਗਰੂਟਾਂ ਦੇ ਚਿਹਰਿਆਂ ਤੋਂ ਸੰਗ ਨਹੀਂ ਉੱਤਰੀ ਹੈ। ਦੁਕਾਨਦਾਰਾਂ ਦਾ ਪ੍ਰਤੀਕਰਮ ਸੀ ਕਿ ਡਿਊਟੀ ’ਤੇ ਤਾਇਨਾਤ ਨਵੇਂ ਮੁੰਡਿਆਂ ਤੇ ਕੁੜੀਆਂ ਨੂੰ ਹਾਲੇ ਉਹ ‘ਰਿਵਾਇਤੀ’ ਰੰਗ ਨਹੀਂ ਚੜ੍ਹਿ੍ਹਆ ਜਿਸ ਲਈ ਪੰਜਾਬ ਪੁਲੀਸ ਕੌਮਾਂਤਰੀ ਪੱਧਰ ਤੇ ਪ੍ਰਸਿੱਧ ਹੈ। ਆਰੀਆ ਸਮਾਜ ਚੌਂਕ ਦੇ ਇੱਕ ਦੁਕਾਨਦਾਰ ਦਾ ਕਹਿਣਾ ਸੀ ਕਿ ਇੰਨ੍ਹਾਂ ਰੰਗਰੂਟਾਂ ਨੂੰ ਦੇਖਕੇ ਤਾਂ ਇੰਜ ਲੱਗਿਆ ਹੀ ਨਹੀਂ ਕਿ ਉਹ ਪੰਜਾਬ ਪੁਲਿਸ ਦੇ ਮੁਲਾਜ਼ਮ ਹਨ। ਉਨ੍ਹਾਂ ਕਿਹਾ ਕਿ ਨਵਾਂ ਪੋਚ ,ਖੇਡ੍ਹਣ ਕੁੱਦਣ ਵਾਲੀ ਅੱਲੜ੍ਹ ਉਮਰ ਅਤੇ ਵੱਡੇ ਅਫਸਰਾਂ ਦੀ ਛਤਰ ਛਾਇਆ ਹੇਠ ਡਿਊਟੀ ਕਰ ਰਹੇ ਇੰਨ੍ਹਾਂ ਰੰਗਰੂਟਾਂ ਵਿੱਚ ਇੱਕ ਤਰਾਂ ਨਾਲ ਓਪਰਾਪਣ ਅਤੇ ਬੇਗਾਨਗੀ ਦੀ ਭਾਵਨਾ ਜਿਹੀ ਲੱਗ ਰਹੀ ਸੀ।
ਅੱਜ ਵੀ ਜਦੋਂ ਇਹ ਨਵੇਂ ਪੁਲਿਸ ਜਵਾਨ ਨਾਕਾ ਡਿਊਟੀ ਤੇ ਤਾਇਨਾਤ ਕੀਤੇ ਗਏ ਤਾਂ ਉਨ੍ਹਾਂ ਨੂੰ ਚੈਕਿੰਗ ਲਈ ਕਾਰਾਂ ਆਦਿ ਚਲਾਉਣ ਵਾਲਿਆਂ ਨੂੰ ਰੋਕਣ ਤੋਂ ਵੀ ਝਿਜਕ ਮਹਿਸੂਸ ਕਰਦੇ ਦੇਖਿਆ ਗਿਆ। ਉਂਜ ਵੱਡੀ ਗੱਲ ਇਹ ਹੈ ਕਿ ਜਿਹੜੇ ਨਵੇਂ ਜਵਾਨਾਂ ਨਾਲ ਪੁਰਾਣੇ ਮੁਲਾਜ਼ਮਾਂ ਨੇ ਡਿਊਟੀ ਦਿੱਤੀ ਉਹ ਤਾਂ ਪੂਰੇ ਹੌਂਸਲੇ ਵਿੱਚ ਨਜ਼ਰ ਆਏ ਪਰ ਜਦੋਂ ਕਿਤੇ ਨਵਿਆਂ ਨੂੰ ਰਤਾ ਵੀ ਇਕੱਲਿਆਂ ਡਿਊਟੀ ਕਰਨੀ ਪਈ ਤਾਂ ਉਹ ਡਰ ਡਰ ਕੇ ਵਕਤ ਟਪਾਉਣ ਵਿੱਚ ਲੱਗੇ ਰਹੇ। ਅੱਜ ਇਹ ਵੀ ਦੇਖਿਆ ਗਿਆ ਕਿ ਨਵੇਂ ਮੁਲਾਜ਼ਮ ਸੰਗ ਸੰਗ ਵਿੱਚ ਗੱਡੀਆਂ ਰੋਕਣ ਮੌਕੇ ਬੜੀ ਹਲੀਮੀ ਅਤੇ ਸੰਜੀਦਗੀ ਨਾਲ ਪੇਸ਼ ਆ ਰਹੇ ਸਨ। ਪਿੰਡਾਂ ਜਾਂ ਫਿਰ ਕਸਬਿਆਂ ’ਚੋਂ ਆਈਆਂ ਨਵੀਆਂ ਪੁਲਿਸ ਮੁਲਾਜ਼ਮ ਕੁੜੀਆਂ ਵੀ ਨਾਕਿਆਂ ਤੇ ਕਾਰ ਚਾਲਕਾਂ ਖਾਸ ਤੌਰ ਤੇ ਮੁੰਡਿਆਂ ਨੂੰ ਰੋਕਣ ਤੋਂ ਝਿਜਕਦੀਆਂ ਨਜ਼ਰ ਆ ਰਹੀਆਂ ਹਨ।
ਦੂਜੇ ਪਾਸੇ ਨਵੀਆਂ ਮੁਲਾਜਮ ਕੁੜੀਆਂ ਦੀ ਦਿੱਖ ਕਾਫੀ ਤੇਜ ਤਰਾਰ ਵਾਲੀ ਹੈ ਪਰ ਡਿਊਟੀ ਮੌਕੇ ਕਿਸੇ ਕਿਸਮ ਦੀ ਕੁਤਾਹੀ ਨਾਂ ਹੋ ਜਾਏ ਇਸ ਦਾ ਵੀ ਉਹ ਪੂਰਾ ਖਿਆਲ ਰੱਖਦੀਆਂ ਹਨ। ਕਈ ਪੇਂਡ ਕੁੜੀਆਂ ਦੇ ਚਿਹਰੇ ’ਤੇ ਡਿਊਟੀ ਸਮੇਂ ਧੂੜਕੂ ਲੱਗਣ ਵਰਗੀ ਸੰਗ ਸਾਫ ਝਲਕਦੀ ਦਿਸਦੀ ਹੈ। ਬੁੱਧਵਾਰ ਨੂੰ ਜਦੋਂ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਸੰਬੋਧਨ ਕੀਤਾ ਤਾਂ ਅਣਜਾਣੇ ਜਿਹੇ ਭੈਅ ਕਾਰਨ ਇੰਨਾਂ ਨਵੇਂ ਜਵਾਨਾਂ ਨੂੰ ਧੁੜਕੂ ਜਿਹਾ ਲੱਗਿਆ ਰਿਹਾ । ਐਸਐਸਪੀ ਨਾਲ ਗੱਲਬਾਤ ਕਰਦਿਆਂ ਇੱਕ ਰੰਗਰੂਟ ਲੜਕੀ ਵੀ ਕਾਫੀ ਝਿਜਕਦੀ ਰਹੀ। ਇਹ ਨਫਰੀ ਇੱਥੇ ਕਿੰਨਾਂ ਚਿਰ ਰਹੇਗੀ ਇਸ ਬਾਰੇ ਤਾਂ ਪਤਾ ਨਹੀਂ ਲੱਗਿਆ ਪਰ ਏਨਾ ਜਰੂਰ ਹੈ ਇਹ ਡਿਊਟੀ ਵੀ ਪੁਲਿਸ ਜਵਾਨਾਂ ਦੀ ਸਿਖਲਾਈ ਦਾ ਹਿੱਸਾ ਹੀ ਹੈ। ਜਾਣਕਾਰੀ ਅਨੁਸਾਰ ਅਗਲੇ ਦਿਨੀਂ ਇੰਨ੍ਹਾਂ ਜਵਾਨਾਂ ਨੂੰ ਟਰੈਫਿਕ ਡਿਊਟੀ ਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ।
ਬਠਿੰਡਾ ਵਿੱਚ ਸੱਤ ਪ੍ਰਮੁੱਖ ਪੁਆਇੰਟ ਹਨ ਜਿਥੇ ਟਰੈਫਿਕ ਪੁਲੀਸ ਤਾਇਨਾਤ ਰਹਿੰਦੀ ਹੈ। ਟਰੈਫਿਕ ਪੁਲੀਸ ਵਿੱਚ ਮੁਲਾਜ਼ਮਾਂ ਦੀ ਕਾਫੀ ਤੋਟ ਹੈ ਜਿਸ ਨੂੰ ਰੰਗਰੂਟਾਂ ਕਾਰਨ ਆਰਜੀ ਤੌਰ ਤੇ ਹੀ ਸਹੀ ਇੱਕ ਵਾਰ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ। ਇੱਕ ਨਵੇਂ ਮੁਲਾਜ਼ਮ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਬਹੁਤੇ ਸਾਥੀ ਇਸ ਲਈ ਝਿਜਕਦੇ ਰਹਿੰਦੇ ਹਨ ਕਿ ਕਿਧਰੇ ਕੋਈ ਗਲ੍ਹਤੀ ਨਾਂ ਹੋ ਜਾਏ ਅਤੇ ਅਫਸਰਾਂ ਤੋਂ ਝਿੜਕਾਂ ਖਾਣੀਆਂ ਪੈ ਜਾਣ। ਉਨ੍ਹਾਂ ਕਿਹਾ ਕਿ ਨਵੇਂ ਹਾਂ ਜਿਸ ਕਰਕੇ ਹਾਲੇ ਅਜੀਬ ਜਿਹਾ ਡਰ ਬਣਿਆ ਹੋਇਆ ਹੈ ਪਰ ਜਦੋ ਪੁਰਾਣੇ ਮੁਲਾਜ਼ਮ ਨਾਲ ਹੁੰਦੇ ਹਨ ਤਾਂ ਫਿਰ ਕੋਈ ਦਿੱਕਤ ਨਹੀਂ ਆਉਂਦੀ ਹੈ। ਇੱਕ ਮੁਲਾਜਮ ਦਾ ਕਹਿਣਾ ਸੀ ਕਿ ਦਿਲ ਵਿੱਚ ਇਹ ਰਹਿੰਦਾ ਹੈ ਕਿ ਮਸਾਂ ਨੌਕਰੀ ਮਿਲੀ ਹੈ ਕਿ ਕਿਤੇ ਕੋਈ ਭੁੱਲ ਹੋ ਗਈ ਤਾਂ ਲੈਣੇ ਦੇ ਦੇਣੇ ਪੈ ਸਕਦੇ ਹਨ।
ਨਵੇਂ ਹੋਣ ਕਰਕੇ ਝਿਜਕ ਕੁਦਰਤੀ:ਐਸਪੀ
ਐਸ ਪੀ (ਹੈਡਕੁਆਰਟਰ) ਬਠਿੰਡਾ ਜਗਦੀਸ਼ ਕੁਮਾਰ ਬਿਸ਼ਨੋਈ ਦਾ ਕਹਿਣਾ ਸੀ ਕਿ ਤਕਰੀਬਨ 200 ਨਵਾਂ ਰੰਗਰੂਟ ਅਮਨ ਕਾਨੂੰਨ ਡਿਊਟੀ ਲਈ ਆਇਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਆਮ ਬੱਚਿਆਂ ਵਰਗੇ ਹਨ ਜਿੰਨ੍ਹਾਂ ਚੋਂ ਬਹੁਤਿਆਂ ਨੂੰ ਸਿੱਖਿਆ ਪੂਰੀ ਕਰਨ ਉਪਰੰਤ ਪੁਲਿਸ ਦੀ ਨੌਕਰੀ ਮਿਲ ਗਈ ਪਰ ਰਸਮੀ ਸਿਖਲਾਈ ਵੀ ਅਜੇ ਬਾਕੀ ਹੋਣ ਕਰਕੇ ਸੰਗਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਹੋਣ ਕਰਕੇ ਡਿਊਟੀ ਸਮੇਂ ਡਰ ਮਹਿਸੂਸ ਹੋਣਾ ਕੁਦਰਤੀ ਹੈ ਪਰ ਦੇਖਣ ਵਿੱਚ ਕਾਫੀ ਤੇਜ਼ ਤਰਾਰ ਨਜ਼ਰ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਲਗਾਤਾਰ ਡਿਊਟੀ ਅਤੇ ਸਿਖਲਾਈ ਪੂਰੀ ਹੋਣ ਪਿੱਛੋਂ ਇੰਨ੍ਹਾਂ ਵੀ ਰਿਵਾਇਤੀ ਪੁਲਿਸ ਫੋਰਸ ਵਾਂਗ ਵਿਹਾਰ ਕਰਨ ਲੱਗ ਜਾਣਾ ਹੈ।