ਬਿਜਲੀ ਸਪਲਾਈ 'ਤੇ ਸਾਬਕਾ ਮੰਤਰੀ ਨੇ ਚੁੱਕੇ ਸਵਾਲ, ਕਿਹਾ - ਸਰਕਾਰ ਦੇ ਵਾਅਦੇ ਫੋਕੇ ਨਿਕਲੇ
*'ਆਪ’ ਸਰਕਾਰ ਦੇ ਬਿਜਲੀ ਸਪਲਾਈ ਨੂੰ ਲੈ ਕੇ ਅਣਗਹਿਲੀ ਕਾਰਨ ਮੋਹਾਲੀ ਦੇ ਲੋਕ ਹਨ ਪ੍ਰੇਸ਼ਾਨ: ਸਾਬਕਾ ਸਿਹਤ ਮੰਤਰੀ*
ਮੋਹਾਲੀ, 5 ਜੁਲਾਈ, 2025
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਘਰੇਲੂ, ਖੇਤੀ ਅਤੇ ਉਦਯੋਗਿਕ ਖੇਤਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਫੌਕੇ ਵਾਅਦਿਆਂ ਦੀ ਨਿਖੇਧੀ ਕੀਤੀ ਅਤੇ ਲਗਾਤਾਰ ਪਾਵਰ ਕੱਟਾਂ ਦਾ ਸਾਹਮਣਾ ਕਰ ਰਹੇ ਮੋਹਾਲੀ ਵਾਸੀਆਂ ਦੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ, " ਅੱਜ ਮੋਹਾਲੀ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਨੂੰ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਦਾ ਇਸ ਵਧਦੀ ਗਰਮੀ ਵਿੱਚ ਜਿਉਣਾ ਔਖਾ ਹੋ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਬਿਨਾਂ ਕਿਸੇ ਦੀ ਚਿੰਤਾ ਕੀਤੇ ਸੁੱਤੀ ਪਈ ਹੈ।"
ਸਿੱਧੂ ਨੇ ਅੱਗੇ ਕਿਹਾ, "ਮਾਨਸੂਨ ਵੀ ਸ਼ੁਰੂ ਹੋ ਗਿਆ ਹੈ, ਪਰ ਇਸ ਦੇ ਬਾਵਜੂਦ ਮੋਹਾਲੀ ਵਾਸੀਆਂ ਨੂੰ ਪਾਵਰ ਕੱਟਾਂ ਤੋਂ ਕਿਸੇ ਵੀ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੈ। ਅੱਜ ਵੀ ਲੋਕਾਂ ਨੂੰ ਬਿਨਾਂ ਬਿਜਲੀ ਤੋਂ ਰਾਤਾਂ ਕੱਟਣੀਆਂ ਪੈ ਰਹੀਆਂ ਹਨ ਅਤੇ ਇਹ ਤਾਂ ਸਿਰਫ਼ ਸ਼ਹਿਰੀ ਇਲਾਕਿਆਂ ਦਾ ਹਾਲ ਹੈ, ਪਿੰਡਾਂ ਦੇ ਹਾਲਾਤ ਤਾਂ ਇਸ ਤੋਂ ਵੀ ਬਦਤਰ ਨੇ।"
ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦਰਸਾਉਂਦੇ ਸਿੱਧੂ ਨੇ ਕਿਹਾ, " ਝੋਨੇ ਦੀ ਲਵਾਈ ਦੇ ਸੀਜ਼ਨ ਵਿਚਕਾਰ ਵਾਰ-ਵਾਰ ਬਿਜਲੀ ਬੰਦ ਹੋਣ ਕਾਰਨ ਅਤੇ ਲੰਬੇ ਪਾਵਰ ਕੱਟਾਂ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਅੱਜ ਸਮੁੱਚੇ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਰਹੇ ਹਨ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਰਹੀ ਹੈ ਅਤੇ ਇਸਦਾ ਖਾਮਿਆਜ਼ਾ ਸਿਰਫ਼ ਤੇ ਸਿਰਫ਼ ਕਿਸਾਨਾਂ ਅਤੇ ਆਮ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ।"
ਸੂਬੇ ਦੇ ਤਾਪ-ਘਰਾਂ ਦੀ ਹਾਲਤ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਸਿੱਧੂ ਨੇ ਕਿਹਾ, "ਪੰਜਾਬ ਵਿੱਚ ਤਾਪ-ਘਰਾਂ ਦੇ 15 'ਚੋਂ 4 ਯੂਨਿਟ ਬੰਦ ਹੋ ਚੁੱਕੇ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਦੋ ਥਰਮਲ ਯੂਨਿਟ—ਇੱਕ ਸਰਕਾਰੀ ਪਲਾਂਟ, ਰੋਪੜ ਵਿਖੇ ਅਤੇ ਦੂਜਾ ਨਿੱਜੀ ਤੌਰ 'ਤੇ ਸੰਚਾਲਿਤ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐਸਪੀਐਲ) ਤਕਨੀਕੀ ਨੁਕਸ ਕਾਰਨ ਬੰਦ ਹੋ ਗਏ। ਇਹ ਬਿਜਲੀ ਸੰਕਟ ਨਹੀਂ, ਸਰਕਾਰ ਦੀ ਨਾਕਾਮੀ ਦਾ ਸਬੂਤ ਹੈ। ਭਗਵੰਤ ਮਾਨ ਦੀ ਸਰਕਾਰ ਕੇਵਲ ਮੀਡੀਆ ਦੀ ਝੂਠੀ ਚਮਕ ਵਿੱਚ ਰੁੱਝੀ ਹੋਈ ਹੈ ਜੋ ਕਿ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਹੈ।"
ਸਿੱਧੂ ਨੇ ਅੱਗੇ ਕਿਹਾ, " ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ‘ਆਪ’ ਸਰਕਾਰ ਕਾਰਨ ਪੈਦਾ ਹੋਈ ਆਰਥਿਕ ਗੜਬੜੀ ਕਾਰਨ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਸਿਰਫ਼ ਏਨਾ ਹੀ ਨਹੀਂ ਬਿਜਲੀ ਵਿਭਾਗ ਵਿੱਚ ਕਰਮਚਾਰੀਆਂ ਦੀ ਕਾਫ਼ੀ ਘਾਟ ਜਿਸ ਕਾਰਨ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਰਿਹਾ।"
ਸਿੱਧੂ ਨੇ ਭਗਵੰਤ ਮਾਨ ਸਰਕਾਰ 'ਤੇ ਸਖ਼ਤ ਪ੍ਰਹਾਰ ਕਰਦਿਆਂ ਕਿਹਾ, "ਜਿੱਥੇ ਅੱਜ ਪੂਰਾ ਪੰਜਾਬ ਬਿਜਲੀ ਸੰਕਟ ’ਚ ਫਸਿਆ ਹੋਇਆ ਹੈ, ਓਥੇ ਹੀ ਬਿਜਲੀ ਵਿਭਾਗ ਵਿਚ ਢੇਰ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਮਜਬੂਰ ਕਰਮਚਾਰੀ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਬਿਨਾਂ 18-20 ਘੰਟੇ ਤੱਕ ਡਿਊਟੀਆਂ ਨਿਭਾ ਰਹੇ ਹਨ, ਜਿੱਥੇ ਮੈਂ ਇਨ੍ਹਾਂ ਮੁਲਾਜ਼ਮਾਂ ਦਾ ਧੰਨਵਾਦ ਕਰਦਾ ਹਾਂ ਜੋ ਦਿਨ ਰਾਤ ਕੰਮ ਕਰ ਰਹੇ ਹਨ ਸਾਨੂੰ ਨਿਰਵਿਘਨ ਬਿਜਲੀ ਪਹੁੰਚਾਉਣ ਲਈ, ਉਥੇ ਹੀ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਉਹ ਬਿਜਲੀ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਅਤੇ ਇਸ ਪਾਵਰ ਕੱਟ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ।"