ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ ਨਸ਼ਾ ਮੁਕਤੀ ਯਾਤਰਾ- ਸ਼ੈਰੀ ਕਲਸੀ
- ਕਿਹਾ-ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ
ਰੋਹਿਤ ਗੁਪਤਾ
ਬਟਾਲਾ, 18 ਮਈ 2025 - ਮੁੱਖ ਮੰਤਰੀ, ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਆਰੰਭੀ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਪੱਧਰ ਅਤੇ ਵਾਰਡ ਪੱਧਰ 'ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ।
ਇਸ ਤਹਿਤ ਅੱਜ ਬਟਾਲਾ ਹਲਕੇ ਦੇਪੀੰਚ ਕੋਟਲੀ ਭਾਨ ਸਿੰਘ ਤੇ ਲੌਂਗੋਵਾਲ ਕਲਾਂ ਦੇ ਪਿੰਡਾਂ ਵਿਚ ਨਸ਼ਾ ਮੁਕਤੀ ਯਾਤਰਾ ਤਹਿਤ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂੰ ਕਰਵਾਇਆ ਗਿਆ ।
ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੈ। ਇਹ ਯਾਤਰਾ ਨਸ਼ਿਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ ਵੱਡੀ ਗਿਣਤੀ ਨਸ਼ਾ ਤਸਕਰ ਫੜੇ ਜਾ ਚੁੱਕੇ ਹਨ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੁਣ ਤੱਕ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਕਈ ਨਜਾਇਜ਼ ਉਸਾਰੀਆਂ ਨੂੰ ਵੀ ਢਾਹਿਆ ਜਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਜਾਂ ਸੌਦਾਗਰਾਂ ਦੀ ਜਾਣਕਾਰੀ ਤੁਰੰਤ ਬਿਨਾਂ ਕਿਸੇ ਡਰ ਦੇ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਹੁਣ ਪੰਜਾਬ ਸਰਕਾਰ ਦਾ ਸਾਥ ਦਿੰਦੀ ਹੋਈ ਨਸ਼ਿਆਂ ਦਾ ਖਾਤਮਾ ਕਰ ਕੇ ਹੀ ਦਮ ਲਵੇਗੀ।
ਇਸ ਮੌਕੇ ਉਨ੍ਹਾਂ ਦੋਨਾਂ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ਵਿੱਚ ਨੌਜਵਾਨਾਂ ਦੇ ਖੇਡਣ ਲਈ ਗਰਾਊਂਡ ਦੇ ਵਿਕਾਸ ਕੰਮ, ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦੀ ਸਫਾਈ ਕਰਵਾਈ ਜਾਵਗੀ, ਥਾਪਰ ਮਾਡਲ ਤਹਿਤ ਸ਼ਹਿਰ ਦਾ ਵਿਕਾਸ ਕੰਮ ਕਰਵਾਇਆ ਜਾਵੇਗਾ, ਪਾਰਕ ਦੀ ਉਸਾਰੀ ਕਰਵਾਈ ਜਾਵੇਗੀ, ਗਲੀਆਂ ਦੇ ਨਿਰਮਾਣ ਕਾਰਜ, ਵਾਟਰ ਕੂਲਰ ਲਗਾਉਣ, ਜਿੰਮ ਦਾ ਸਮਾਨ ਦੇਣ, ਡੇਰਿਆਂ ਦੇ ਖੜਵੰਜੇ ਬਣਾਉਣ ਸਮੇਤ ਵੱਖ ਵੱਖ ਵਿਕਾਸ ਕਾਰਜ ਕਰਵਾਏ ਜਾਣਗੇ। ਇਨ੍ਹਾਂ ਕੰਮਾਂ ਲਈ ਸਬੰਧਤ ਵਿਭਾਗਾਂ ਵਲੋਂ ਮਨਜੂਰੀ ਮਿਲ ਗਈ ਹੈ।
ਇਸ ਦੌਰਾਨ ਹਾਜ਼ਰੀਨ ਨੂੰ ਨਸ਼ਿਆਂ ਦੇ ਖਾਤਮੇ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਬੀਡੀਪੀਓ ਬਲਜੀਤ ਸਿੰਘ, ਐਸ.ਐਚ ਓ. ਗੁਰਦੇਵ ਸਿੰਘ, ਮਨਜੀਤ ਸਿੰਘ ਕੁਆਰਡੀਨੇਟਰ ਬਟਾਲਾ, ਸ਼ਰਨਜੀਤ ਸਿੰਘ ਸੈਕਰਟਰੀ, ਸਰਪੰਚ ਜਤਿੰਦਰ ਸਿੰਘ, ਸਰਪੰਚ ਸਰਬਜੀਤ ਸਿੰਘ ਸੱਬਾ,ਸਰਪੰਚ ਜਗਤਾਰ ਸਿੰਘ, ਵਾਸ਼ੂਦੇਵ ਸ਼ਰਮਾ, ਜਗਜੀਤ ਸਿੰਘ, ਵੀਨੂੰ ਕਾਹਲੋਂ ਤੇ ਲੰਬੜਦਾਰ ਅਮਰੀਕ ਸਿੰਘ ਆਦਿ ਮੌਜੂਦ ਸਨ।