ਖੂਨਦਾਨ ਹੈ ਜੀਵਨਦਾਨ-ਜਿਨ੍ਹਾਂ ਦਿੱਤਾ ਉਹ ਮਹਾਨ
ਹੇਸਟਿੰਗਜ਼ ਵਿਖੇ ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਵੱਲੋਂ ਚੌਥਾ ਖੂਨਦਾਨ ਕੈਂਪ ਆਯੋਜਿਤ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 14 ਮਈ 2025:-ਅੱਜ ਅਕਾਲ ਰਾਈਡਰਜ਼ ਨਿਊਜ਼ੀਲੈਂਡ ਅਤੇ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਨੇ ਖੂਨਦਾਨ ਨੂੰ ਜੀਵਨ ਦਾਨ ਦੇ ਵਿਚ ਬਦਲਣ ਦੇ ਆਪਣੇ ਉਦਮ ਨੂੰ ਚੌਥੇ ਸਾਲ ਦਾਖਲ ਕਰ ਲਿਆ। ਇਹ ਖੂਨਦਾਨ ਕੈਂਪ ਟੋਈਟੋਈ ਇਵੈਂਟ ਸੈਂਟਰ ਹੇਸਟਿੰਗਜ਼ ਵਿਖੇ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਇਆ ਗਿਆ ਸੀ। ਇਸ ਕੈਂਪ ਦੇ ਮੁੱਖ ਆਯੋਜਕ ਸ. ਸੁਖਦੀਪ ਸਿੰਘ ਖਹਿਰਾ ਖੂਨ ਦਾਨ ਕਰ ਵਾਲੇ ਸਾਰੇ ਮਹਾਨ ਦਾਨੀਆਂ ਦਾ ਧੰਨਵਾਦ ਕੀਤਾ, ਜੋ ਕਿ ਲੋਕਾਂ ਦੀ ਜ਼ਿੰਦਗੀ ਬਚਾਉਣ ਵਾਸਤੇ ਅੱਗੇ ਆਏ। ਖੂਨ ਦਾਨੀਆਂ ਦੇ ਵਿਚ 10 ਅਜਿਹੇ ਖੂਨਦਾਨੀ ਵੀ ਆਏ ਜਿਹੜੇ ਪਹਿਲੀ ਵਾਰ ਇਸ ਨੇਕ ਕੰਮ ਲਈ ਅੱਗੇ ਹੋਏ। ਕੈਂਪ ਦੇ ਵਿਚ ਸਹਿਯੋਗ ਦੇ ਲਈ ਸ੍ਰੀ ਮਨਜੀਤ ਸੰਧੂ, ਜਸਮੀਤ ਬੇਦੀ, ਹਰਮਨ ਪ੍ਰੀਤ ਸਿੰਘ ਅਤੇ ਹਰਵਿੰਦਰ ਵਿਰਕ ਪਹੁੰਚੇ। ਮੀਡੀਆ ਸਹਿਯੋਗੀ ਰੇਡੀਓ ਸਪਾਈਸ, ਪੰਜਾਬੀ ਹੈਰਲਡ ਅਤੇ ਡੇਲੀ ਖ਼ਬਰ ਦਾ ਧੰਨਵਾਦ ਕੀਤਾ ਗਿਆ। ਖੂਨਦਾਨ ਕੈਂਪ ਨੂੰ ਸਫਲ ਕਰਨ ਦੇ ਲਈ ਗੁਰਦੁਆਰਾ ਸਾਹਿਬ ਜੀ ਹੇਸਟਿੰਗਜ਼, ਸ੍ਰੀ ਗੁਰੂ ਰਵਿਦਾਸ ਟੈਂਪਲ ਹੇਸਟਿੰਗਜ਼, ਮਲਟੀਕਲਚਰਲ ਐਸੋਸੀਏਸ਼ਨ ਹਾਕਸਬੇਅ, ਟੈਨੀਸਨ ਕੈਫੇ, ਡੋਮੀਨੋਸ, ਐਮ.ਪੀ. ਫੂਡਜ਼, ਸ. ਜਰਨੈਲ ਸਿੰਘ ਹਜ਼ਾਰਾ, ਸ. ਹਰਮਨ ਪ੍ਰੀਤ ਸਿੰਘ - ਇਨਸ਼ੋਰੈਂਸ ਐਡਵਾਈਜ਼ਰ, ਹਾਸਟਿੰਗਸ ਟੈਕਸੀਸ,ਟੀਮ ਵਰਕ, ਹਿੰਦੂ ਕੌਂਸਲ,ਇੰਡੋਨੇਸ਼ੀਆਈ ਅਤੇ ਫਿਲੀਪੀਨੀ ਭਾਈਚਾਰੇ ਦਾ ਵੀ ਕਾਫੀ ਯੋਗਦਾਨ ਰਿਹਾ। ਸੋ ਸੱਚਮੁੱਚ ਖੂਨਦਾਨ ਕਰਨਾ ਜੀਵਨ ਦਾਨ ਕਰਨ ਵਾਂਗ ਹੁੰਦਾ ਹੈ ਅਤੇ ਜਿਹੜੇ ਅਜਿਹਾ ਦਾਨ ਕਰਦੇ ਹਨ ਉਹ ਮਹਾਨ ਹੁੰਦੇ ਹਨ।