ਆਦਰਸ਼ ਸਕੂਲ ਚੌਂਕੇ ਮਾਮਲੇ 'ਚ ਜੇਲ੍ਹ ਵਿੱਚ ਡੱਕੇ ਸੰਘਰਸ਼ੀ ਅਧਿਆਪਕ ਅਤੇ ਕਿਸਾਨ ਰਿਹਾਅ
ਅਸ਼ੋਕ ਵਰਮਾ
ਬਠਿੰਡਾ,4 ਮਈ 2025 : ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕੇ ਦੀ ਮੈਨੇਜਮੈਂਟ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ, ਵਿਦਿਆਰਥੀਆਂ ਦੇ ਮਾਪਿਆਂ ਨੂੰ ਬੀਤੀ ਰਾਤ ਬਠਿੰਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਹੈ। ਇਹ ਲੋਕ ਲੰਘੀ 5 ਅਪ੍ਰੈਲ ਤੋਂ ਜ਼ੇਲ੍ਹ ਵਿੱਚ ਬੰਦ ਸਨ। ਰਿਹਾਈ ਹੋਣ ਤੇ ਵੱਖ ਵਖ ਜਥੇਬੰਦੀਆਂ ਵੱਲੋਂ ਇਹਨਾਂ ਸੰਘਰਸ਼ੀ ਲੋਕਾਂ ਦਾ ਜੇਲ੍ਹ ਦੇ ਗੇਟ ਤੇ ਸਵਾਗਤ ਕੀਤ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਡੀਟੀਐਫ ਦੇ ਸੂਬਾ ਜਨਰਲ ਸਕੱਤਰ ਰੇਸ਼ਮ ਸਿੰਘ ਅਤੇ ਆਦਰਸ਼ ਸਕੂਲ ਦੇ ਮਹਿਲਾ ਅਧਿਆਪਕ ਪਵਨਦੀਪ ਕੌਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਖਤਮ ਕਰਨ ਦੇ ਨਾਅਰੇ ਲਾਉਣ ਵਾਲੀ ਪੰਜਾਬ ਦੀ ਗੱਦੀ ਤੇ ਬਿਰਾਜਮਾਨ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ, ਵਿਦਿਆਰਥੀ ਦੇ ਮਾਪਿਆਂ ਅਤੇ ਉਹਨਾਂ ਦੀ ਹਮਾਇਤ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਆਗੂ/ ਵਰਕਰਾਂ ਵੱਲੋਂ ਪ੍ਰਦਰਸ਼ਨ ਦੌਰਾਨ ਭ੍ਰਿਸ਼ਟ ਮੈਨੇਜਮੈਂਟ ਖਿਲਾਫ ਕਾਰਵਾਈ ਕਰਨ ਦੀ ਬਜਾਏ ਅਧਿਆਪਕਾਂ, ਮਾਪਿਆਂ ਅਤੇ ਕਿਸਾਨਾਂ ਨੂੰ ਹੀ ਉਨਾਂ ਤੇ ਝੂਠੇ ਪੁਲਿਸ ਕੇਸ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ।
ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਖਿਲਾਫ ਚੱਲ ਰਹੇ ਸੰਘਰਸ਼ ਦੌਰਾਨ ਪੁਲਿਸ ਦਾ ਜਬਰ ਅਤੇ ਜੇਉਲਾਂ ਅੰਦੋਲਨਕਾਰੀਆਂ ਨੂੰ ਦਬਾਅ ਨਹੀਂ ਸਕਦੀਆਂ ਤੇ ਉਹਨਾਂ ਦੇ ਹੌਸਲੇ ਬੁਲੰਦ ਹਨ। ਕੱਲ 17 ਕਿਸਾਨ, ਅਧਿਆਪਕ ਅਤੇ ਬੱਚਿਆਂ ਦੇ ਮਾਪੇ ਜਮਾਨਤ ਤੇ ਰਿਹਾਅ ਹੋ ਕੇ ਜੇਲ੍ਹ ਚੋਂ ਬਾਹਰ ਆਏ ਅਤੇ ਪੰਜ ਕਿਸਾਨ ਅਤੇ ਅਧਿਆਪਕ ਹਾਲੇ ਵੀ ਬਠਿੰਡਾ ਜੇਲ ਵਿੱਚ ਬੰਦ ਹਨ। ਉਹਨਾਂ ਕਿਹਾ ਕਿ ਮੈਨੇਜਮੈਂਟ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਬਣਾਈ ਪੜਤਾਲੀਆ ਕਮੇਟੀ ਦੀ ਰਿਪੋਰਟ ਮੁਤਾਬਕ ਮੈਨੇਜਮੈਂਟ ਦੇ ਖਿਲਾਫ ਦੋਸ਼ ਆਇਦ ਕਰਨ ਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ, ਸਾਰੇ ਅਧਿਆਪਕਾਂ ਨੂੰ ਆਦਰਸ਼ ਚੌਂਕੇ ਸਕੂਲ ਵਿੱਚ ਬਹਾਲ ਕਰਾਉਣ, ਸਕੂਲ ਵਿੱਚੋਂ ਵਿਦਿਆਰਥੀਆਂ ਨੂੰ ਕਿਤਾਬਾਂ, ਵਰਦੀਆਂ ਮੁਫਤ ਦਬਾਉਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਆਗੂਆਂ ਨੇ ਮੰਗ ਕੀਤੀ ਕਿ ਆਦਰਸ਼ ਸਕੂਲ ਦੀ ਮੈਨੇਜਮੈਂਟ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਸਾਰੇ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਨੂੰ ਬਹਾਲ ਕੀਤਾ ਜਾਵੇ, ਸਕੂਲ ਦੇ ਮੁਲਾਜ਼ਮਾਂ, ਕਿਸਾਨਾਂ ਤੇ ਹੋਰਾਂ ਖਿਲਾਫ ਕੀਤੇ ਪੁਲਿਸ ਕੇਸ ਰੱਦ ਕੀਤੇ ਜਾਣ, ਮੈਨੇਜਮੈਂਟ ਵੱਲੋਂ ਆਦਰਸ਼ ਸਕੂਲ ਤੋਂ ਇਲਾਵਾ ਭੋਪਾਲ ਅਤੇ ਬੋਹਾ ਵਿਖੇ ਚਲਾਏ ਜਾ ਰਹੇ ਸਕੂਲਾਂ ਦਾ ਪ੍ਰਬੰਧ ਮਨੇਜਮੈਂਟ ਤੋਂ ਵਾਪਸ ਲੈਕੇ ਸਰਕਾਰੀ ਕੀਤਾ ਜਾਵੇ ਅਤੇ ਉਹਨਾਂ ਵੱਲੋਂ ਡੰਮੀ ਐਡਮੀਸ਼ਨਾਂ ਤਹਿਤ ਗੈਰ ਕਾਨੂੰਨੀ ਤੌਰ ਤੇ ਚਲਾਏ ਜਾ ਰਹੇ ਕਾਲਜ ਦੀ ਮਾਨਤਾ ਰੱਦ ਕੀਤੀ ਜਾਵੇ, ਅੰਦੋਲਨਕਾਰੀ ਕਿਸਾਨਾਂ, ਮੁਲਾਜ਼ਮਾਂ ਤੇ ਤਸ਼ੱਦਦ ਕਰਨ ਵਾਲੇ ਅਤੇ ਔਰਤਾਂ ਨੂੰ ਅਸ਼ਲੀਲ ਗਾਲਾਂ ਦੇਣ ਵਾਲੇ ਪੁਲਿਸ ਅਫਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜੇਲ ਚੋਂ ਬਾਹਰ ਆਏ ਅੰਦੋਲਨਕਾਰੀਆਂ ਦੇ ਸਵਾਗਤ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਤਲਵੰਡੀ ਦੇ ਆਗੂ ਹਰਪ੍ਰੀਤ ਸਿੰਘ ਚੱਠੇਵਾਲਾ ਰਣਜੋਧ ਸਿੰਘ ਮਾਹੀ ਨੰਗਲ, ਡੀ ਟੀ ਐਫ ਦੇ ਆਗੂ ਅੰਮ੍ਰਿੰਤਪਾਲ ਪਾਲ ਸਿੰਘ,ਚੌਕੇ ਸਕੂਲ ਦੇ ਸਟਾਫ ਤੋਂ ਇਲਾਵਾ ਕਿਸਾਨ ਮੁਲਾਜ਼ਮ ਸ਼ਾਮਲ ਸਨ।