ਝੋਨੇ ਦੀਆਂ ਪਾਬੰਦੀਸ਼ੁਦਾ ਹਾਈਬ੍ਰਿਡ ਕਿਸਮਾਂ ਦੇ ਬੀਜ ਦੀ ਪਨੀਰੀ ਨਾਂ ਬੀਜੀ ਜਾਵੇ : ਮੁੱਖ ਖੇਤੀਬਾੜੀ ਅਫ਼ਸਰ
ਰੋਹਿਤ ਗੁਪਤਾ
ਗੁਰਦਾਸਪੁਰ, 4 ਮਈ 2025 - ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ ਤਾਂ ਜੋ ਮੰਡੀਕਰਨ ਸਮੇਂ ਕਿਸੇ ਕਿਸਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਝੋਨੇ ਦੀਆਂ ਸਿਫ਼ਾਰਸ਼ ਸ਼ੁਦਾ ਕਿਸਮਾਂ ਦੀ ਪਨੀਰੀ ਦੀ ਬਿਜਾਈ ਕਰਨ ਬਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਮੰਡੀ ਵਿੱਚ ਝੋਨੇ ਦੇ ਮੰਡੀਕਰਨ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਸ ਨਾਲ ਕਿਸਾਨਾਂ ਨੂੰ ਵੱਡੀ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ ਹਾਈਬ੍ਰਿਡ ਕਿਸਮਾਂ ਦੇ ਬੀਜ ਦੀ ਵਿੱਕਰੀ ਅਤੇ ਲਵਾਈ ਕਰਨ ਤੇ ਪਾਬੰਦੀ ਲਗਾਈ ਹੈ ਅਤੇ ਇਸ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਇਨ੍ਹਾਂ ਕਿਸਮਾਂ ਦੀ ਲਵਾਈ ਨਾਂ ਕਰਨ ਅਤੇ ਬੀਜ ਵਿਕ੍ਰੇਤਾਵਾਂ ਨੂੰ ਇਨ੍ਹਾਂ ਕਿਸਮਾਂ ਦੇ ਬੀਜ ਦੀ ਵਿੱਕਰੀ ਨਾ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਵੱਲੋਂ ਗੁਆਂਢੀ ਰਾਜਾਂ ਤੋਂ ਹਾਈਬ੍ਰਿਡ ਕਿਸਮਾਂ ਦੇ ਬੀਜ ਖ਼ਰੀਦ ਕੇ ਪਨੀਰੀ ਦੀ ਬਿਜਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਜੋ ਪੰਜਾਬ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੇ ਬੀਜ ਦੀ ਵਰਤੋਂ ਕਰਦੀਆਂ ਪਨੀਰੀ ਦੀ ਬਿਜਾਈ ਨਾਂ ਕੀਤੀ ਜਾਵੇ ਤਾਂ ਜੋ ਬਾਅਦ ਵਿੱਚ ਕੋਈ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਦੀ ਖ਼ਰੀਦ ਕਰਕੇ ਹੀ ਸਮੇਂ ਸਿਰ ਪਨੀਰੀ ਦੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪੀ ਆਰ 128 ਕਿਸਮ ਦੇ ਬੀਜ ਦੀ ਵਧੇਰੇ ਮੰਗ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਪੀ ਆਰ 128 ਅਤੇ ਹੋਰ ਕਿਸਮਾਂ ਦੀ ਪਨੀਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਸ਼ ਕੀਤੇ ਸਮੇਂ ਤੇ ਹੀ ਕੀਤੀ ਜਾਵੇ ਅਤੇ ਫ਼ਸਲ ਨੂੰ ਯੂਰੀਆ ਖਾਦ,ਬਾਕੀ ਕਿਸਮਾਂ ਨਾਲੋਂ ਘੱਟ ਪਾਈ ਜਾਣੀ ਚਾਹੀਦੀ ਹੈ ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਤੋਂ ਪਹਿਲਾ ਖੇਤ ਨੂੰ ਰੌਣੀ ਕਰ ਲੈਣਾ ਚਾਹੀਦਾ ਤਾਂ ਜੋ ਪਿਛਲੇ ਸਾਲ ਬੀਜੇ ਝੋਨੇ ਦੇ ਬੀਜ ਉੱਗ ਸਕਣ ਅਤੇ ਪਨੀਰੀ ਵਿਚ ਪਿਛਲੇ ਸਾਲ ਵਾਲੇ ਬੀਜ ਤੋਂ ਉੱਗਣ ਵਾਲੇ ਬੂਟੇ ਰਲ ਨਾਂ ਸਕਣ। ਉਨ੍ਹਾਂ ਕਿਹਾ ਕਿ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾਂ ਰੌਣੀ ਕਰਨ ਨਾਲ ਚੋਬਾ ਜਾਂ ਸਾਉਣ ਜਾਂ ਜੰਗਲੀ ਝੋਨੇ ਦੇ ਬੀਜ ਵੀ ਉੱਗ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪਨੀਰੀ ਬੀਜਣ ਤੋਂ ਪਹਿਲਾਂ ਦੇਸੀ ਰੂੜੀ ਵਰਤਣ ਨਾਲ ਪਨੀਰੀ ਸੌਖਿਆਂ ਪੁੱਟੀ ਜਾਂਦੀ ਹੈ ।ਉਨ੍ਹਾਂ ਕਿਹਾ ਕਿ ਪਨੀਰੀ ਦੀ ਬਿਜਾਈ ਕਰਨ ਤੋਂ ਪਹਿਲਾਂ 4 ਕਿੱਲੋ ਯੂਰੀਆ,7 ਕਿੱਲੋ ਸਿੰਗਲ ਸੁਪਰਫਾਸਫੇਟ ਅਤੇ 3 ਕਿੱਲੋ ਜ਼ਿੰਕ ਸਲਫ਼ੇਟ 33 ਫ਼ੀਸਦੀ ਪਾ ਦੇਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪਨੀਰੀ ਬੀਜਣ ਤੋਂ ਪਹਿਲਾਂ ਬੀਜ ਨੂੰ ਪਾਣੀ ਨਾਲ ਭਰੇ ਟੱਬ ਵਿੱਚ ਪਾਂ ਕੇ ਬਿਮਾਰੀ ਵਾਲੇ ਅਤੇ ਹੌਲੇ ਦਾਣੇ ਬਾਹਰ ਕੱਢ ਲੈਣਾ ਚਾਹੀਦਾ ਅਤੇ ਪਾਣੀ ਦੇ ਹੇਠਾਂ ਬੈਠੇ ਬੀਜ ਹੀ ਪਨੀਰੀ ਬੀਜਣ ਲਈ ਵਰਤਿਆ ਜਾਣਾ ਚਾਹੀਦਾ।ਉਨ੍ਹਾਂ ਕਿਹਾ ਕਿ ਚੋਣ ਕੀਤੇ ਗਏ ਤੰਦਰੁਸਤ ਬੀਜ ਨੂੰ 24 ਗਰਾਮ ਸਪਰਿੰਟ ਨਾਮ ਦੀ ਉੱਲੀ ਨਾਸ਼ਕ ਪ੍ਰਤੀ 8 ਕਿੱਲੋ ਬੀਜ ਨੂੰ 100 ਮਿਲੀ ਲੀਟਰ ਪਾਣੀ ਵਿਚ ਘੋਲ ਕੇ ਬੀਜ ਸੋਧ ਲਿਆ ਜਾਵੇ।ਉਨ੍ਹਾਂ ਕਿਹਾ ਕਿ ਸੋਧੇ ਹੋਏ ਬੀਜ ਨੂੰ ਗਿੱਲੀਆਂ ਬੋਰੀਆਂ ਉੱਪਰ 6-7 ਮੋਟੀ ਤਹਿ ਲਗਾ ਕੇ ਖਿਲਾਰ ਕੇ ਗਿੱਲੀਆਂ ਬੋਰੀਆਂ ਨਾਲ ਢੱਕਣ ਉਪਰੰਤ ਰੋਜ਼ਾਨਾ ਪਾਣੀ ਪਾ ਕੇ ਬੋਰੀਆਂ ਨੂੰ ਗਿੱਲਾ ਰੱਖੋ।
ਉਨ੍ਹਾਂ ਕਿਹਾ ਕਿ ਪਨੀਰੀ ਬੀਜਣ ਉਪਰੰਤ ਸਿਫ਼ਾਰਸ਼ ਕੀਤੀਆਂ ਨਦੀਣ ਨਾਸ਼ਕਾਂ ਜਿਵੇਂ 1200 ਮਿਲੀ ਲੀਟਰ ਬੂਟਾਕਲੋਰ ਪ੍ਰਤੀ ਏਕੜ ਨੂੰ 60 ਕਿੱਲੋ ਰੇਤ ਵਿਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਬਾਅਦ ਜਾਂ 500 ਮਿਲੀ ਲੀਟਰ ਸੌਫਟ (ਸੈਫਨਰ ਅਤੇ ਪ੍ਰੀਟਿਲਾਕਲੋਰ) ਨੂੰ ਬਿਜਾਈ ਤੋਂ 3 ਦਿਨਾਂ ਬਾਅਦ ਰੇਤ ਚ ਮਿਲਾ ਕੇ ਛੱਟਾ ਦੇ ਦਿਓ। ਇਸ ਤੋਂ ਇਲਾਵਾ ਪਨੀਰੀ ਦੀ ਬਿਜਾਈ ਤੋਂ 15-20 ਦਿਨਾਂ ਬਾਅਦ 100 ਗਰਾਮ ਬਿਸਪੈਰੀਬੈਕ ਦਾ ਛਿੜਕਾਅ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਨੀਰੀ ਦੀ ਬਿਜਾਈ ਤੋਂ 15 ਦਿਨਾਂ ਬਾਅਦ 15 ਕਿੱਲੋ ਯੂਰੀਆ ਦਾ ਛੱਟਾ ਦੇ ਦੇਣਾ ਚਾਹੀਦਾ ਤਾਂ ਜੋ ਤੰਦਰੁਸਤ ਪਨੀਰੀ ਸਮੇਂ ਸਿਰ ਤਿਆਰ ਹੋ ਸਕੇ।