ਗੁਰਦਾਸਪੁਰ: ਚੋਰਾਂ ਨੇ ਦੁਕਾਨ ਦੀ ਛੱਤ ਦਾ ਜੰਗਲਾਂ ਕੱਟ ਕੇ ਕੀਤੀ ਚੋਰੀ
ਸੀਸੀਟੀਵੀ ਵਿੱਚ ਦਿਖੇ ਦੋ ਚੋਰ, ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਹੋਏ ਦੁਖੀ
ਰੋਹਿਤ ਗੁਪਤਾ
ਗੁਰਦਾਸਪੁਰ 4 ਮਈ 2025- ਗੁਰਦਾਸਪੁਰ ਸ਼ਹਿਰ ਦੇ ਸੰਗਲਪੁਰਾ ਰੋਡ ਦੇ ਦੁਕਾਨਦਾਰ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਦੁਖੀ ਦਿਖਾਈ ਦੇ ਰਹੇ ਹਨ । ਪਿਛਲੇ ਇੱਕ ਹਫਤੇ ਦੌਰਾਨ ਸੰਗਲਪੁਰਾ ਰੋਡ ਦੀਆਂ ਦੋ ਦੁਕਾਨਾਂ ਤੇ ਚੋਰੀ ਹੋ ਗਈ ਹੈ। ਪਿਛਲੇ ਹਫਤੇ ਅੰਕੁਸ਼ ਸ਼ਗਰਵਾਲ ਦੀ ਦੁਕਾਨ ਵਿੱਚੋ ਚੋਰਾ ਵੱਲੋਂ 40 ਹਜਾਰ ਰੁਪਏ ਦੇ ਕਰੀਬ ਨਕਦੀ ਅਤੇ ਇਕ ਲੱਖ ਰੁਪਏ ਦੇ ਕਰੀਬ ਕਾਜੂ ਬਦਾਮ ਅਤੇ ਹੋਰ ਡਰਾਈ ਫਰੂਟ ਚੋਰੀ ਕੀਤਾ ਗਿਆ ਸੀ ਅਤੇ ਬੀਤੀ ਰਾਤ ਜਤਿਨ ਗੁਪਤਾ ਦੀ ਦੁਕਾਨ ਵਿੱਚ ਚੋਰ ਛੱਤ ਦਾ ਜੰਗਲਾ ਕਟਰ ਦੇ ਨਾਲ ਕੱਟ ਕੇ ਵੜ ਗਏ ਅਤੇ ਦੁਕਾਨ ਦਾ ਗਲਾ ਤੋਰ ਕੇ 20 ਹਜ਼ਾਰ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਉਥੇ ਹੀ ਸੀਸੀਟੀਵੀ ਵਿੱਚ ਚੋਰੀ ਕਰਦੇ ਦੋ ਚੋਰ ਨਜ਼ਰ ਆਏ ਹਨ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅੰਕੁਸ਼ ਅਗਰਵਾਲ ਨੇ ਕਿਹਾ ਕਿ ਇੱਕ ਹਫਤਾ ਪਹਿਲਾਂ ਮੇਰੀ ਦੁਕਾਨ ਵਿੱਚ ਵੀ ਚੋਰਾਂ ਨੇ ਚੋਰੀ ਕੀਤੀ ਸੀ ਅਤੇ ਕਰੀਬ 30 ਤੋਂ 40 ਹਜਾਰ ਰੁਪਆ ਕੈਸ਼ ਗਲੇ ਵਿੱਚ ਪਿਆ ਹੋਇਆ ਸੀ ਜੋ ਨਾਲ ਲੈ ਗਏ , ਗੈਸ ਤੋਂ ਇਲਾਵਾ ਚੋਰਾਂ ਵੱਲੋਂ ਡਰਾਈ ਫਰੂਟ ਵੀ ਚੋਰੀ ਕੀਤਾ ਗਿਆ ਸੀ ਅਤੇ ਕੁੱਲ ਡੇਢ ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਸੀ। ਉਸ ਨੇ ਕਿਹਾ ਕਿ ਗੁਰਦਾਸਪੁਰ ਸ਼ਹਿਰ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅਸੀਂ ਪਰੇਸ਼ਾਨ ਹਾਂ ਪੁਲਿਸ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।
ਉੱਥੇ ਹੀ ਬੀਤੀ ਰਾਤ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਜਤਿਨ ਗੁਪਤਾ ਅਤੇ ਨਿਤਿਨ ਗੁਪਤਾ ਨੇ ਦੱਸਿਆ ਕਿ ਜਦੋਂ ਸਵੇਰੇ ਆਪਣੀ ਦੁਕਾਨ ਖੋਲੀ ਤਾਂ ਦੇਖਿਆ ਕਿ ਅੰਦਰ ਲਾਈਟਾਂ ਜਗੀਆਂ ਹੋਈਆਂ ਹਨ ਅਤੇ ਕਾਫੀ ਖਲਾਰਾ ਪਿਆ ਹੋਇਆ ਹੈ ਜਦੋਂ ਅੰਦਰ ਆ ਕੇ ਦੇਖਿਆ ਤਾਂ ਚੋਰਾਂ ਵੱਲੋਂ ਛੱਤ ਦਾ ਜੰਗਲਾ ਕੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਦੁਕਾਨ ਦਾ ਗਲਾ ਤੋੜ ਕੇ ਕਰੀਬ 20 ਹਜਾਰ ਰੁਪਏ ਨਗਦੀ ਚੋਰੀ ਕਰ ਲਈ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇੱਕ ਹਫਤਾ ਪਹਿਲਾਂ ਵੀ ਸਾਡੇ ਗੁਆਂਡ ਦੁਕਾਨ ਤੇ ਚੋਰੀ ਹੋਈ ਸੀ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅਸੀਂ ਦੁਕਾਨਦਾਰ ਪਰੇਸ਼ਾਨ ਹੋ ਚੁੱਕੇ ਹਾਂ।