ਆਈਪੀਐਸ ਗੁਰਿੰਦਰ ਸਿੰਘ ਢਿੱਲੋਂ ਦਾ ਫਰਿਜਨੋ ਪਹੁੰਚਣ ਤੇ ਨਿੱਘਾ ਸੁਆਗਤ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜਨੋ (ਕੈਲੀਫੋਰਨੀਆ)15 ਮਾਰਚ 2025- ਆਈ. ਪੀ. ਐਸ. ਰਿਟਾਇਰਡ ਏ.ਡੀ. ਜੀਪੀ ਪੰਜਾਬ ਪੁਲਿਸ ਸ. ਗੁਰਿੰਦਰ ਸਿੰਘ ਢਿੱਲੋ ਅੱਜ-ਕੱਲ ਆਪਣੀ ਅਮਰੀਕਾ ਫੇਰੀ ਦੌਰਾਨ ਉੱਘੇ ਸਮਾਜਸੇਵੀ ਦੀਸ਼ੇ ਦਾਇਆ ਕਲਾਂ ਦੇ ਸੱਦੇ ਤੇ ਕੈਲੀਫੋਰਨੀਆ ਦੇ ਸੋਹਣੇ ਸ਼ਹਿਰ ਫਰਿਜਨੋ ਪਹੁੰਚੇ। ਜਿੱਥੇ ਉਹਨਾਂ ਦੇ ਸਨਮਾਨ ਹਿੱਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਅਯੋਜਨ ਦੀਸ਼ਾ ਦਾਇਆ ਕਲਾਂ ਦੇ ਗ੍ਰਹਿ ਵਿਖੇ ਕਲੋਵਸ ਵਿੱਚ ਰੱਖਿਆ ਗਿਆ। ਜਿੱਥੇ ਫਰਿਜਨੋ ਏਰੀਏ ਦੇ ਪਤਵੰਤੇ ਸੱਜਣਾ ਨੇ ਪਹੁੰਚਕੇ, ਉਹਨਾਂ ਨੂੰ ਜੀ ਆਇਆ ਕਿਹਾ। ਸਭ ਤੋ ਪਹਿਲਾਂ ਦੀਸ਼ੇ ਨੇ ਆਏ ਮਹਿਮਾਨਾ ਦੀ ਜਾਣ ਪਹਿਚਾਣ ਕਰਵਾਈ, ਉਪਰੰਤ ਆਈ. ਪੀ. ਐਸ. ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਨੈਸ਼ਨਲ ਆਗੂ ਰਹੁਲ ਗਾਧੀ ਦੀ ਸ਼ਖਸੀਅਤ ਤੋ ਪ੍ਰਭਾਵਤ ਹੋਕੇ ਸਿਆਸਤ ਵਿੱਚ ਆਏ, ‘ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਉਹਨਾਂ ਕਿਹਾ ਕਿ ਪੁਲਿਸ ਸਰਵਿਸ ਦੌਰਾਨ ਵੀ ਮੈਂ ਸੱਚ ਦੇ ਨਾਲ ਖੜਕੇ, ਇਮਾਨਦਾਰੀ ਨਾਲ ਡਿਊਟੀ ਕੀਤੀ ਅਤੇ ਪੰਜਾਬ ਪੰਜਾਬੀਅਤ ਪ੍ਰਤੀ ਫਿਕਰਮੰਦੀ ਤੇ ਪਿਆਰ, ਮੈਨੂੰ ਸਿਆਸਤ ਵੱਲ ਖਿੱਚ ਲਿਆਇਆ। ਉਹਨਾਂ ਕਿਹਾ ਕਿ ਜੋ ਵਿਜ਼ਨ ਰਹੁਲ ਗਾਧੀ ਅਤੇ ਕਾਂਗਰਸ ਲੀਡਰਸ਼ਿਪ ਵਿੱਚ ਮੈਨੂੰ ਦਿਸਿਆ, ਮੈਨੂੰ ਲਗਦਾ ਕਿ ਸਿਰਫ ਕਾਂਗਰਸ ਹੀ ਪੰਜਾਬ ਦੇ ਮਸਲਿਆ ਨੂੰ ਹੱਲ ਕਰ ਸਕਦੀ ਹੈ। ਇਸ ਮੌਕੇ ਉਹਨਾਂ ਐਨ. ਆਰ . ਆਈ ਮੁੱਦਿਆ, ਜਿਵੇਂ ਕਿ ਪ੍ਰਾਪ੍ਰਟੀ ਤੇ ਹੋ ਰਹੇ ਕਬਜੇ, ਡਰੱਗ ਮਾਫੀਆ ਅਤੇ ਗੈਂਗਸਟਰ ਕਲਚਰਲ, ਮਾਈਨਿੰਗ ਪ੍ਰੌਬਲਮ ਅਤੇ ਹੋਰ ਐਨ ਆਰ ਆਈ ਡਿਸਪਿਊਟ ਵਗੈਰਾ ਬਾਰੇ ਖੁੱਲਕੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਪੰਜਾਬ ਗੇੜਾ ਮਾਰਦੇ ਰਹਿਣਾ ਚਾਹੀਦਾ ਹੈ ‘ਤਾਂ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਇਸ ਮੌਕੇ ਪਤਵੰਤੇ ਸੱਜਣਾਂ ਦੁਆਰਾ ਉਹਨਾਂ ਨੂੰ ਤਿੱਖੇ ਸਵਾਲ ਵੀ ਕੀਤੇ ਗਏ, ਜਿੰਨ੍ਹਾਂ ਦੇ ਉਹਨਾਂ ਬਾਖੂਬੀ ਜਵਾਬ ਦਿੱਤੇ। ਅੰਤ ਵਿੱਚ ਉਹਨਾਂ ਨੂੰ ਸਨਮਾਨ ਚਿੰਨ ਦੇਕੇ ਨਿਵਾਜਿਆ ਗਿਆ।