ਲੌਂਗੋਵਾਲ ਵਿਖੇ ਸਮੂਹ ਭਾਈਚਾਰੇ ਵੱਲੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ, ਵੱਡੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ
- ਅਗਰ ਦਿਲ ਹਮਦਰਦੀ ਤੋਂ ਖਾਲੀ ਹੈ ਤਾਂ ਉਸ ਦੀ ਇਬਾਦਤ ਵੀ ਕਿਸੇ ਕੰਮ ਦੀ ਨਹੀਂ---ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ
- ਕਿਸੇ ਵੀ ਧਰਮ ਦੇ ਰਹਿਬਰ ਨੇ ਨਫਰਤ ਦਾ ਪਾਠ ਨਹੀਂ ਪੜਾਇਆ ਪਰ ਫਿਰ ਵੀ ਆਪਸੀ ਨਫਰਤਾਂ ਅਤੇ ਫ਼ਸਾਦ ਹੋ ਰਹੇ ਹਨ -ਗਿਆਨੀ ਪਲਵਿੰਦਰ ਸਿੰਘ ਬੁੱਟਰ
- ਸਨਾਤਨ ਧਰਮ ਪਰਮਾਤਮਾ ਵੱਲੋਂ ਸਾਜੀ ਸ਼੍ਰਿਸਟੀ ਦੇ ਸਮੁੱਚੇ ਜੀਵਾਂ ਅਤੇ ਬਨਸਪਤੀ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦਾ ਹੈ-ਸਵਾਮੀ ਸ਼ੰਕਰ ਮੁਨੀ ਜੀ ਮਹਾਰਾਜ
ਮੁਹੰਮਦ ਇਸਮਾਈਲ ਏਸ਼ੀਆ
ਲੌਂਗੋਵਾਲ/ਮਲੇਰਕੋਟਲਾ 17 ਫਰਵਰੀ 2025 - ਇਤਿਹਾਸਕ ਨਗਰੀ ਲੌਂਗੋਵਾਲ ਵਿਖੇ ਸਮੂਹ ਭਾਈਚਾਰੇ ਵੱਲੋਂ ਸਰਬ ਧਰਮ ਸੰਮੇਲਨ ਕਰਵਾਇਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸਲਾਮ ਕਹਿੰਦਾ ਹੈ ਕਿ ਅਗਰ ਦਿਲ ਹਮਦਰਦੀ ਤੋਂ ਖਾਲੀ ਹੈ ਤਾਂ ਉਸ ਦੀ ਇਬਾਦਤ ਵੀ ਕਿਸੇ ਕੰਮ ਨਹੀਂ।ਉਨਾ ਕਿਹਾ ਕਿ ਅਜਿਹਾ ਇਨਸਾਨ ਧਰਮੀ ਨਹੀਂ ਹੋ ਸਕਦਾ ਜਿਸ ਤੋਂ ਮਾਂ,ਬਾਪ,ਭੈਣ ਭਰਾ,ਪਤਨੀ ਬੱਚੇ ਅਤੇ ਗੁਆਢੀਂ ਦੁਖੀ ਹੋਣ।ਇਮਾਮ ਸਾਹਿਬ ਨੇ ਕਿਹਾ ਕਿ ਦੂਜਿਆਂ ਦੇ ਦਰਦ ਨੂੰ ਮਹਿਸੂਸ ਕਰਨ ਹੀ ਅਸਲ ਧਰਮ ਹੈ।ਉਨਾ ਕਿਹਾ ਸਿਰਫ ਨਮਾਜ ਪੜ੍ਹਨ ਅਤੇ ਜਕਾਤ ਦੇਣ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ।ਖ਼ੁਦਾ ਦੀ ਬਣਾਈ ਹੋਈ ਸ੍ਰਿਸ਼ਟੀ ਨਾਲ ਮੁਹੱਬਤ ਹੀ ਅਸਲ ਬੰਦਗੀ ਹੈ। ਉਨਾਂ ਸਰਬ ਧਰਮ ਸੰਮੇਲਨ ਕਰਵਾਉਣ ਤੇ ਲੌਂਗੋਵਾਲ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ।
ਗਿਆਨੀ ਪਲਵਿੰਦਰ ਸਿੰਘ ਬੁੱਟਰ ਨੇ ਕਿਹਾ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ।ਉਨਾ ਕਿ ਗੁਰੂ ਸਾਹਿਬਾਨਾਂ ਨੇ ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਸਿਰਫ ਪਾਖੰਡਵਾਦ ਨੂੰ ਨਕਾਰਿਆ ਹੈ ਉਹ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ।ਉਨਾ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਇਕ ਸਵਲ ਆਇਆ ਕਿ ਹਿੰਦੂ ਵੱਡਾ ਹੈ ਮੁਸਲਮਾਨ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਵੱਡਾ ਉਹ ਹੈ ਜੋ ਅਪਣੇ ਧਰਮ ਦੇ ਸਿਧਾਂਤਾ ਅਨੁਸਾਰ ਆਪਣੇ ਜੀਵਨ ਨੂੰ ਢਾਲ ਲੈਂਦਾ ਹੈ।ਉਨਾ ਕਿਹਾ ਕਿ ਕਿਸੇ ਵੀ ਧਰਮ ਦੇ ਰਹਿਬਰ ਨੇ ਨਫਰਤ ਦਾ ਪਾਠ ਨਹੀਂ ਪੜਾਇਆ ਪਰ ਫਿਰ ਵੀ ਆਪਸੀ ਨਫਰਤਾਂ ਅਤੇ ਫ਼ਸਾਦ ਹੋ ਰਹੇ ਹਨ ।ਉਨਾ ਕਿਹਾ ਕਿ ਸਾਰਿਆਂ ਨੂੰ ਆਪਣੇ ਆਪਣੇ ਧਰਮ ਵਿੱਚ ਪਰਪਕ ਰਹਿੰਦੇ ਹੋਏ ਇਕ ਦੂਜੇ ਦੇ ਮਦਦਗਾਰ ਬਣ ਕੇ ਜੀਵਨ ਜਿਊਣਾ ਚਾਹੀਦਾ ਹੈ।
ਸਵਾਮੀ ਸ਼ੰਕਰ ਮੁਨੀ ਜੀ ਮਹਾਰਾਜ ਨੇ ਇਸ ਮੌਕੇ "ਸਰਵੇਭਵੰਤੁ ਸ਼ੁਖਣਾਹ" ਤੋ ਆਪਣੇ ਵਿਚਾਰ ਸ਼ੁਰੂ ਕੀਤੇ। ਸਵਾਮੀ ਜੀ ਨੇ ਕਿਹਾ ਕਿ ਅੱਜ ਦਾ ਮਨੁੱਖ ਪਰਮਾਰਥ ਨੂੰ ਛੱਡ ਸਵਾਰਥ ਦੇ ਰਾਹ ਤੁਰ ਪਿਆ ਹੈ। ਉਨਾ ਕਿਹਾ ਕਿ ਸਮੁੰਦਰ ਦੀਆ ਲਹਿਰਾਂ ਦੁਰੋ ਤਾਂ ਸੁਹਾਵਣੀਆ ਲਗਦੀਆਂ ਹਨ।ਪਰ ਜੇਕਰ ਅਸੀਂ ਲਹਿਰਾਂ ਦੇ ਵਿਚ ਜਾਵਾਂਗੇ ਤਾਂ ਜੀਵਨ ਨਸ਼ਟ ਹੋ ਸਕਦਾ ਹੈ।ਉਨਾ ਕਿਹਾ ਸੰਸਾਰਿਕ ਸੁਖ ਸਮੁੰਦਰ ਦੀਆਂ ਲਹਿਰਾਂ ਵਾਂਗ ਹੀ ਹਨ।ਇਹ ਸੁਖ ਲੈਣ ਲਈ ਇਨਸਾਨ ਧਰਮ ਦੇ ਸਿਧਾਤਾਂ ਤੋਂ ਦੂਰ ਹੋਇਆ ਹੈ।ਉਨਾ ਕਿਹਾ ਕਿ ਸਨਾਤਨ ਧਰਮ ਪਰਮਾਤਮਾ ਵਲੋ ਸਾਜੀ ਸ਼੍ਰਿਸਟੀ ਦੇ ਸਮੁੱਚੇ ਜੀਵਾਂ ਅਤੇ ਬਨਸਪਤੀ ਨਾਲ ਪਿਆਰ ਕਰਨ ਦਾ ਸੰਦੇਸ਼ ਦਿੰਦਾ ਹੈ।
ਇਸ ਮੌਕੇ ਸਲੀਮ ਮੰਡੇਰ ਕਲਾ,ਬਲਵਿੰਦਰ ਸਿੰਘ ਲੌਂਗੋਵਾਲ,ਬਲਦੇਵ ਸਿੰਘ ਢਾਡੀ,ਪੰਡਿਤ ਨਰੇਸ਼ ਸ਼ਾਸਤਰੀ ਬਾਬਾ ਸਤਗੁਰ ਸਿੰਘ ਅਤੇ ਦੇਵਿੰਦਰ ਵਸ਼ਿਸਟ ਨੇ ਸੰਬੋਧਨ ਕਰਦਿਆਂ ਮਹਿਮਾਨਾਂ ਦਾ ਸਵਾਗਤ ਕੀਤਾ । ਲੰਗਰ ਦੇ ਪ੍ਰਬੰਧ ਗੁਰਦੁਆਰਾ ਯਾਦਗਰ ਸ਼ਹੀਦ ਭਾਈ ਮਨੀ ਸਿੰਘ ਵਲੋ ਕੀਤੇ ਗਏ।ਸਮਾਗਮ ਵਿੱਚ ਮੁਸਲਿਮ ਬਰਾਦਰੀ ਦੇ ਮੈਂਬਰਾਂ ਨੇ ਪ੍ਰਬੰਧਾਂ ਨੂੰ ਬਾਖੂਬੀ ਸੰਭਾਲਿਆ।ਇਸ ਸਮੇਲਨ ਵਿਚ ਮੁਸਲਿਮ ਸੰਸਥਾਵਾ ਤੋਂ ਇਲਾਵਾ ਗੁਰਦੁਆਰਾ ਭਾਈ ਮਨੀ ਸਿੰਘ, ਗੁਰਦੁਆਰਾ ਯਾਦਗਰ ਸ਼ਹੀਦਾਂ ਪੱਤੀ ਦੁੱਲਟ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਡੇਰਾ ਬਾਬਾ ਰਾਧਿਕਾ ਦਾਸ,ਸ਼ਿਵ ਮੰਦਿਰ ਪੱਤੀ ਗਾਹੁ,ਸ਼੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ,ਦੁਰਗਾ ਮੰਦਰ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਮਹੰਤ ਹੀਰਾ ਦਾਸ, ਸਲੀਮ ਖ਼ਾਨ ਮੰਡੇਰ ਕਲਾਂ,ਸੁਰਜੀਤ ਸਿੰਘ ਮੱਸੇ ਕਾ,ਪ੍ਰਧਾਨ ਗੁਰਜੰਟ ਸਿੰਘ ਦੁੱਲਟ,ਸੁਬੀਰ ਖ਼ਾਨ,ਹਰਬੰਸ ਖ਼ਾਨ,ਸ਼ਮਸ਼ਾਦ ਦੀਨ,ਜਸਵੀਰ ਸਿੰਘ ਲੌਂਗੋਵਾਲ,ਪ੍ਰਧਾਨ ਪਰਮਿੰਦਰ ਕੌਰ ਬਰਾੜ,ਮੇਲਾ ਸਿੰਘ ਸੂਬੇਦਰ,ਮਾਸਟਰ ਨਰਿੰਦਰ ਸ਼ਰਮਾਂ(ਨੀਟਾ),ਰਾਜ ਸਿੰਘ ਰਾਜੂ,ਬਲਵੰਤ ਸਿੰਘ ਕਨੇਡਾ,ਪੰਡਤ ਨਰੇਸ਼ ਸ਼ਾਸਤਰੀ,ਸਿਕੰਦਰ ਸ਼ਰਮਾ ਸ਼ਿੰਕੂ,ਸੁਨੇਂਦਰ ਸ਼ਾਸਤਰੀ,ਜੋਤਿਸ਼ ਅਚਾਰੀਆ ਆਰ.ਵੀ ਵਸ਼ਿਸਟ,ਸਾਬਕਾ ਪ੍ਰਧਾਨ ਰੀਤੂ ਗੋਇਲ,ਵਿਜੇ ਕੁਮਾਰ ਗੋਇਲ,ਗੁਰਮੀਤ ਸਿੰਘ ਲੱਲੀ,ਬੁੱਧ ਰਾਮ ਗਰਗ,ਗੋਲਡੀ ਸਿੰਘ,ਕਾਲਾ ਮਿੱਤਲ,ਗੋਪਾਲ ਕ੍ਰਿਸ਼ਨ ਪਾਲੀ,ਸੰਜੇ ਸੈਣ,ਰਮੇਸ਼ ਸ਼ਰਮਾਂ,ਡਾਕਟਰ ਕੇਵਲ ਚੰਦ ਧੌਲਾ,ਸੁਰਿੰਦਰ ਲੀਲਾ,ਅੰਮ੍ਰਿਤ ਲਾਲ ਸਿੰਗਲਾ,ਗੁਰਜੰਟ ਖ਼ਾਨ,ਮੁਰਲੀ ਮਨੋਹਰ,ਨਿਗਮ ਖ਼ਾਨ,ਅੰਮ੍ਰਿਤ ਪਾਲ ਸਿੰਘ ਵਿਰਕ,ਅਵਤਾਰ ਦੁੱਲਟ,ਪੂਰਨ ਸਿੰਘ ਦੁੱਲਟ,ਰਣਜੀਤ ਸਿੰਘ ਢਿੱਲੋਂ ਆਦਿ ਵੀ ਹਾਜਰ ਸਨ।