ਭਾਜਪਾ ਨੇਤਾ ਪਰਮਪਾਲ ਸਿੱਧੂ ਵੱਲੋਂ ਲਿਪਸੀ ਮਿੱਤਲ ਦੇ ਕਾਤਲਾਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ
ਅਸ਼ੋਕ ਵਰਮਾ
ਮਾਨਸਾ, 18 ਫਰਵਰੀ 2025: ਲੁਧਿਆਣਾ ਵਿਖੇ ਫਿਰੌਤੀ ਦੇ ਕੇ ਕਤਲ ਕਰਵਾਈ ਮਾਨਸਾ ਦੀ ਲੜਕੀ ਦੇ ਕਾਤਲਾਂ ਨੂੰ ਭਾਜਪਾ ਲੋਕ ਸਭਾ ਹਲਕਾ ਬਠਿੰਡਾ ਦੀ ਇੰਚਾਰਜ਼ ਪਰਮਪਾਲ ਕੌਰ ਸਿੱਧੂ ਨੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।
ਸਵ: ਲਿਪਸੀ ਮਿੱਤਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੀ ਭਾਜਪਾ ਆਗੂ ਨੇ ਇਸ ਘਟਨਾ ਲਈ ਪੰਜਾਬ ਸਰਕਾਰ ਦੀ ਮਾੜੀ ਕਾਨੂੰਨ ਵਿਵਸਥਾ ਨੂੰ ਜਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਤਾਂ ਵਾਪਰੀ ਕਿਉਂਕਿ ਲੁਟੇਰਿਆਂ ਅਤੇ ਦਹਿਸ਼ਤਗਰਦਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੌਫ ਨਹੀਂ ਹੈ। ਸਿੱਧੂ ਨੇ ਕਿਹਾ ਕਿ ਆਪਣੇ-ਆਪ ਵਿੱਚ ਇਹ ਬਹੁਤ ਹੀ ਮੰਦਭਾਗੀ ਅਤੇ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਹੈ। ਜਿਸ ਨੇ ਰਿਸ਼ਤੇ ਮਲੀਆਮੇਟ ਕਰ ਦਿੱਤੇ ਹਨ।
ਉਨ੍ਹਾਂ ਕਿਹਾ ਕਿ ਇਹ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ, ਸਿਸਟਮ, ਸਰਕਾਰ ਤੇ ਪੁਲਿਸ ਦਾ ਲੋਕਾਂ ਵਿੱਚ ਕੋਈ ਡਰ ਨਾ ਹੋਣ ਕਾਰਨ ਵਾਪਰੀ ਹੈ। ਜਿਸ ਕਰਕੇ ਲੁਧਿਆਣਾ ਵਰਗੇ ਸੰਘਣੀ ਅਬਾਦੀ ਵਾਲੇ ਸ਼ਹਿਰ ਵਿੱਚ ਇਸ ਘਟਨਾ ਨੂੰ ਆਸਾਨੀ ਨਾਲ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਨੇ ਲਿਪਸੀ ਮਿੱਤਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਹਰ ਦਿਨ ਅਜਿਹੀਆਂ ਘਟਨਾਵਾਂ ਆਮ ਹੋਣ ਲੱਗੀਆਂ ਹਨ ਕਿਉਂਕਿ ਪੰਜਾਬ ਵਿੱਚ ਕਾਨੂੰਨ ਕਿਤੇ ਨਜਰ ਨਹੀਂ ਆਉਂਦਾ। ਭਗਵੰਤ ਮਾਨ ਤੋਂ ਪੰਜਾਬ ਦਾ ਮਾਹੌਲ ਸੰਭਾਲਿਆ ਨਹੀਂ ਜਾ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਯੂ.ਪੀ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀ। ਪਰ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਯੋਗੀ ਸਰਕਾਰ ਨੇ ਲੋਕਾਂ ਨੂੰ ਵਧੀਆ ਸ਼ਾਸ਼ਨ, ਬਿਨ੍ਹਾ ਡਰ-ਭੈਅ ਵਾਲਾ ਮਾਹੌਲ ਅਤੇ ਦਰੁਸਤ ਕਾਨੂੰਨ ਵਿਵਸਥਾ ਬਣਾ ਕੇ ਦਿੱਤੀ। ਯੂ.ਪੀ ਵਿੱਚ ਅੱਜ ਕਿਤੇ ਵੀ ਕ੍ਰਾਈਮ ਜਾਂ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ।
ਉਨ੍ਹਾਂ ਕਿਹਾ ਕਿ ਯੂ.ਪੀ ਵਿੱਚ ਜੋ ਪਹਿਲਾਂ ਹਾਲ ਹੁੰਦਾ ਸੀ, ਉਹ ਅੱਜ ਪੰਜਾਬ ਵਿੱਚ ਹੋ ਰਿਹਾ ਹੈ। ਉਨ੍ਹਾਂ ਨੇ ਭੰਮਾ ਪਰਿਵਾਰ ਨਾਲ ਲਿਪਸੀ ਮਿੱਤਲ ਦੇ ਕਤਲ ਮਾਮਲੇ ਵਿੱਚ ਹਰ-ਤਰ੍ਹਾਂ ਦਾ ਸਹਿਯੋਗ ਦੇਣ ਅਤੇ ਘਟਨਾ ਨੁੰ ਅੰਜਾਮ ਦੇਣ ਵਾਲਿਆਂ ਲਈ ਸਖਤ ਸਜਾਵਾਂ ਦੀ ਮੰਗ ਕਰਦਿਆਂ ਕਿਹਾ ਕਿ ਇਸ ਘਟਨਾ ਨਾਲ ਜੁੜੇ ਹਰ ਵਿਅਕਤੀ ਨੂੰ ਸਖਤ ਤੋਂ ਸਖਤ ਕਠੋਰ ਸਜਾ ਮਿਲੇ ਤਾਂ ਜੋ ਕੋਈ ਹੋਰ ਅਜਿਹੀ ਘਟਨਾ ਨਾ ਵਾਪਰੇ ਅਤੇ ਨਾ ਹੀ ਕਿਸੇ ਦੀ ਮਾਨਸਿਕਤਾ ਵਿੱਚ ਅਜਿਹਾ ਘਿਨੋਣਾ ਅਪਰਾਧ ਪੈਦਾ ਹੋਵੇ। ਇਸ ਮੌਕੇ ਆੜ੍ਹਤੀਆ ਯੂਨੀਅਨ ਮਾਨਸਾ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਰਮੇਸ਼ ਟੈਣੀ ਭੰਮਾ, ਅਰੁਣ ਬਿੱਟੂ ਭੰਮਾ, ਅਮਰਜੀਤ ਸਿੰਘ ਕਟੋਦੀਆ ਤੋਂ ਇਲਾਵਾ ਹੋਰ ਵੀ ਮੌਜੂਦ ਸਨ।