ਓਮਾਨ ਵਿਚ ਵੇਚੀ ਦੋ ਸਾਲ ਬਾਅਦ ਘਰ ਪਰਤੀ ਪੀੜਤਾ ਨੇ ਸੁਣਾਈ ਹੱਡਬੀਤੀ: ਚੰਗੇ ਭਵਿੱਖ ਦੀ ਭਾਲ ਵਿੱਚ 2 ਸਾਲ ਪਹਿਲਾਂ ਗਈ ਸੀ ਵਿਦੇਸ਼
* 50 ਤੋਂ ਵਧੇਰੇ ਲੜਕੀਆਂ ਹੋਰ ਵੀ ਸਨ ਮੇਰੇ ਨਾਲ, ਜੋ ਹੋ ਰਹੀਆਂ ਸੀ ਤਸ਼ੱਦਦ ਦਾ ਸ਼ਿਕਾਰ - ਪੀੜਿਤਾ
* ਉੱਥੇ ਕੁੜੀਆਂ ਨਾਲ ਜ਼ੁਲਮ ਦੀਆਂ ਸਾਰੀਆਂ ਹੱਦਾਂ ਕੀਤੀਆਂ ਜਾ ਰਹੀਆਂ ਹਨ ਪਾਰ
* ਪਰਵਾਸ ਨੂੰ ਲੈ ਕੇ ਜੋ ਹਲਾਤ ਬਣੇ ਹੋਏ ਹਨ ਉਹ ਬੇਹੱਦ ਹੀ ਚਿੰਤਾਜਨਕ : ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 18 ਫਰਵਰੀ 2025 - ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪਰਵਾਸ ਦਾ ਰੁੱਖ ਕਰ ਰਹੇ ਹਨ ਤੇ ਦੂਸਰੇ ਪਾਸੇ ਇਹੀ ਪਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਉਜਾੜਨ ਦੇ ਰਾਹ ਵੱਲ ਤੁਰਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਵੱਲੋਂ ਆਪਣੇ ਫੌਜ਼ੀ ਜਹਾਜ਼ਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹਕੇ ਪੰਜਾਬੀਆਂ ਨੂੰ ਡੀਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਅਰਬ ਦੇਸ਼ਾਂ ਦੇ ਵਿੱਚ ਲਗਾਤਾਰ ਦੇਸ਼ ਦੀਆਂ ਧੀਆਂ ਤੇ ਤਸ਼ੱਦਦ ਦੇ ਮਾਮਲੇ ਰੁੱਕਣ ਦਾ ਨਾਮ ਨਹੀ ਲੈ ਰਹੇ ਹਨ। ਅਰਬ ਨਾਲ ਸੰਬੰਧਤ ਹੀ ਇੱਕ ਮਾਮਲਾ ਸਾਹਮਣੇ ਜਿਸ ਵਿੱਚ ਜਲੰਧਰ ਜ਼ਿਲ੍ਹੇ ਨਾਲ ਸੰਬੰਧ ਰੱਖਣ ਵਾਲੀ ਇੱਕ ਪੀੜਤਾ ਓਮਾਨ ਵਿੱਚ 2 ਸਾਲ ਦੀ ਨਰਕ ਭਰੀ ਜ਼ਿੰਦਗੀ ਬਤੀਤ ਕਰਕੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਿਸ ਪਹੁੰਚੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਪਹੁੰਚੀ ਇਸ ਪੀੜਤਾ ਨੇ ਦੱਸਿਆ ਕਿ ਇਹ ਉਸਦਾ ਦੂਸਰਾ ਜਨਮ ਹੈ।
ਪੀੜਤਾ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਮਸਕਟ (ਓਮਾਨ) ਦੇ ਵਿੱਚ ਚੰਗੇ ਭਵਿੱਖ ਦੀ ਭਾਲ ਦੇ ਲਈ ਗਈ ਸੀ। ਪਰ ਉੱਥੇ ਜਾ ਕੇ ਜਦੋਂ ਲੜਕੀ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਤਾਂ ਉਸਨੂੰ ਪਤਾ ਲੱਗਾ ਕਿ ਉਸ ਨੂੰ ਉੱਥੇ ਕੰਮ ਕਰਨ ਦੇ ਲਈ ਨਹੀਂ ਭੇਜਿਆ ਗਿਆ ਬਲਕਿ ਉਸ ਨੂੰ ਵੇਚ ਦਿੱਤਾ ਗਿਆ। ਉਸਨੇ ਦੱਸਿਆ ਕਿ ਜਿਸ ਜਗ੍ਹਾ ਉਸਨੂੰ ਵੇਚਿਆ ਗਿਆ ਉੱਥੇ ਉਸਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਬਹੁਤ ਜਿਆਦਾ ਤਸ਼ੱਦਦ ਕੀਤਾ ਗਿਆ। ਉਸਨੂੰ ਮਾਰਿਆ ਕੁੱਟਿਆ ਜਾਂਦਾ ਅਤੇ ਉਸਦੇ ਨਾਲ ਧੱਕੇਸ਼ਾਹੀ ਵੀ ਕੀਤੀ ਜਾਂਦੀ ਸੀ। ਉਸਨੇ ਦੱਸਿਆ ਕਿ ਉੱਥੇ ਨਾਲ 50 ਤੋਂ ਵਧੇਰੇ ਹੋਰ ਵੀ ਲੜਕੀਆਂ ਫਸੀਆਂ ਹੋਈਆਂ ਹਨ ਜੋ ਇਸੇ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਸਨ। ਉਸਨੇ ਕਿਹਾ ਕਿ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਨਾ ਸਿਰਫ ਉਸਦੀ ਬਲਕਿ ੳੇੁੱਥੇ ਉਸਦੇ ਨਾਲ ਫਸੀਆਂ ਕਿੰਨੀਆਂ ਹੀ ਲੜਕੀਆਂ ਦੀਆਂ ਘਰ ਵਾਪਸੀ ਹੋ ਸਕੀ ਹੈ ਜੋ ਲੜਕੀਆਂ ਜਿਉਣ ਦੀ ਵੀ ਆਸ ਛੱਡ ਚੁੱਕੀਆਂ ਸਨ।
ਪੀੜਿਤ ਲੜਕੀ ਨੇ ਦੱਸਿਆ ਕਿ ਉਸ ਉਪਰ ਚੋਰੀ ਦਾ ਇਲਜ਼ਾਮ ਤੇ ਜ਼ੁਰਮਾਨਾ ਹੋਣ ਕਾਰਣ ਉਸਨੂੰ ਵਾਪਸੀ ਲਈ ਲੰਬਾ ਸਮਾਂ ਇੰਤਜ਼ਾਰ ਕਰਨ ਪਿਆ। ਜਿਸ ਦਰਮਿਆਨ ਉੱਥੇ ੳਸਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਹੱਡ ਬੀਤੀ ਸੁਣੀ ਹੈ ਜੋ ਦਿਲ ਜਿੰਜੋਰੜਨ ਵਾਲੇ ਹਨ। ਪੀੜਿਤ ਲੜਕੀ ਨੇ ਪੰਜਾਬ ਦੀਆਂ ਨੌਜਵਾਨ ਲੜਕੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪਰਵਾਸ ਦਾ ਰੁੱਖ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੜਕੀਆਂ ਦੇ ਨਾਲ ਹੈਵਾਨੀਅਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਹੈ ਉਹ ਹਾਲਾਤ ਬੇਹੱਦ ਹੀ ਰੂਹ ਕੰਬਾਊ ਹਨ। ਪੀੜਤ ਲੜਕੀ ਨੇ ਉੱਥੇ ਉਸਦੀ ਸਹਾਇਤਾ ਕਰਨ ਵਾਲੇ ਉੱਥੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕੀਤਾ ਜਿਹਨਾਂ ਵੱਲੋਂ ਉਸਨੂੰ ਇੱਕ ਪਰਿਵਾਰਿਕ ਮਾਹੋਲ਼ ਦਿੱਤਾ ਗਿਆ ਤੇ ਉਸਨੂੰ ਸੰਭਾਲ਼ਿਆ ਗਿਆ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਪਰਵਾਸ ਨੂੰ ਲੈ ਕੇ ਜੋ ਹਲਾਤ ਬਣੇ ਹੋਏ ਹਨ ਉਹ ਬੇਹੱਦ ਹੀ ਚਿੰਤਾਜਨਕ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਅਗਰ ਉਹ ਪ੍ਰਵਾਸ ਦਾ ਰੁੱਖ ਕਰ ਰਹੇ ਹਨ ਤਾਂ ਉਹਨਾਂ ਕੋਲ ਸਹੀ ਤਰੀਕਾ ਹੋਣਾ ਚਾਹੀਦਾ ਹੈ ਨਾ ਕਿ ਫਰਜ਼ੀ ਏਜੰਟਾ ਦੇ ਹੱਥੇ ਚੜ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨ। ਉਹਨਾਂ ਵਿਦੇਸ਼ ਮੰਤਰਾਲੇ, ਭਾਰਤੀ ਦੂਤਾਵਾਸ ਤੇ ਉੱਥੇ ਲੜਕੀਆਂ ਦੇ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਦਾ ਦਿਲੋਂ ਧੰਨਵਾਦ ਕੀਤਾ ਜੋ ਧੋਖੇ ਕਾਰਣ ਫਸੀਆਂ ਇਹਨਾਂ ਲੜਕੀਆਂ ਦੀ ਹਰ ਤਰ੍ਹਾਂ ਨਾਲ ਸੰਭਵ ਸਹਾਇਤਾ ਕਰ ਰਹੇ ਹਨ ਤੇ ਇਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਵਾਪਿਸ ਭੇਜਣ ਵਿੱਚ ਸਹਾਇਤਾ ਕਰ ਰਹੇ ਹਨ।
ਨਜ਼ਾਇਜ਼ ਕੇਸ ਪਾ ਕੇ ਲੜਕੀਆਂ ਨੂੰ ਜਾ ਰਿਹਾ ਹੈ ਫਸਾਇਆ ਪੀੜਤਾ
ਓਮਾਨ ਤੋਂ ਵਾਪਿਸ ਪਰਤੀ ਲੜਕੀ ਨੇ ਵੱਡੇ ਖੁਲਾਸੇ ਕਰਦੇ ਹੋਇਆ ਦੱਸਿਆ ਕਿ ਉੱਥੇ ਲੜਕੀਆਂ ਨੂੰ ਹੁਣ ਝੂਠੇ ਕੇਸਾਂ ਹੇਠ ਫਸਾ ਕਿ ਜੇਲ੍ਹਾਂ ਵਿੱਚ ਫਸਾਇਆ ਜਾ ਰਿਹਾ ਹੈ। ਉਸਨੇ ਦੱਸਿਆ ਕਿ ਉਥੋਂ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਹੀ ਖਤਮ ਹੋ ਚੁੱਕੀ ਹੈ। ਉਸਨੇ ਉੱਥੇ ਹੀ ਪੰਜਾਬ ਦੀ ਰਹਿਣ ਵਾਲੀ ਫਸੀ ਇੱਕ ਹੋਰ ਲੜਕੀ ਦਾ ਜ਼ਿਕਰ ਕਰਦਿਆ ਹੋਇਆ ਦੱਸਿਆ ਕਿ ਉਸ ਲੜਕੀ ਦੇ ਏਜੰਟ ਵੱਲੋਂ ਉਸਤੇ ਇਹਨਾਂ ਤਸ਼ਦੱਦ ਕੀਤਾ ਗਿਆ ਕਿ ਉਸ ਲੜਕੀ ਦੇ ਪੈਰ ਬੁਰੀ ਤਰ੍ਹਾਂ ਨਾਲ ਖਰਾਬ ਹੋ ਚੁੱਕੇ ਸੀ ਤੇ ਉਸ ਨੂੰ ਸਖਤ ਇਲਾਜ ਦੀ ਲੋੜ ਸੀ। ਪਰ ਉਸਦੇ ਏਜੰਟ ਵੱਲੋਂ ਉਸਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਚੋਰੀ ਦੇ ਇਲਜ਼ਾਮਾਂ ਹੇਠ ਜੇਲ ਵਿੱਚ ਭੇਜ ਦਿੱਤਾ।