ਅਮਰੀਕਾ ਤੋਂ ਵੱਡੇ ਪੱਧਰ 'ਤੇ ਹੋਰ ਭਾਰਤੀ ਹੋਣਗੇ ਡਿਪੋਰਟ- ਬਿੱਟੂ ਨੇ ਵੱਡਾ ਖੁਲਾਸਾ ਕਰਦਿਆਂ, ਸਰਕਾਰ 'ਤੇ ਵੀ ਲਾਏ ਦੋਸ਼
ਅੰਮ੍ਰਿਤਸਰ, 15 ਫਰਵਰੀ 2025 - ਅੰਮ੍ਰਿਤਸਰ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਵੱਡਾ ਦਾਅਵਾ ਕਰਦਿਆਂ ਹੋਇਆ ਕਿਹਾ ਕਿ ਅਮਰੀਕਾ ਤੋਂ ਵੱਡੇ ਪੱਧਰ ਤੇ ਹੋਰ ਭਾਰਤੀ ਡਿਪੋਰਟ ਹੋਣਗੇ। ਹਾਲੇ ਕੁੱਝ ਪਤਾ ਨਹੀਂ ਕਿ ਕਿਹੜੇ-ਕਿਹੜੇ ਏਅਰਪੋਰਟ 'ਤੇ ਅਮਰੀਕਾ ਦੇ ਜਹਾਜ਼ ਉਥੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਉੱਤਰਨਗੇ।
ਅੱਗੇ ਬਿੱਟੂ ਨੇ ਕਿਹਾ ਕਿ ਇਹ ਡਿਪੋਰਟ ਹੋਏ ਭਾਰਤੀ ਵੀ ਸਾਡੇ ਆਪਣੇ ਹੀ ਹਨ। ਬਿੱਟੂ ਨੇ ਵੱਡੇ ਪੱਧਰ 'ਤੇ ਅਮਰੀਕਾ ਤੋਂ ਭਾਰਤੀਆਂ ਦੇ ਡਿਪੋਰਟ ਹੋਣ 'ਤੇ ਟਰੈਵਲ ਏਜੰਟਾਂ ਨੂੰ ਹੱਥ ਜੋੜਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਸ਼ਰਮ ਹੈ ਤਾਂ, ਹੁਣ ਥੋੜਾ ਜਿਹਾ ਤਰਸ ਕਰਨ, ਅਮਰੀਕਾ 'ਚ ਸਰਕਾਰ ਬਦਲ ਗਈ, ਹੁਣ ਅਮਰੀਕੀ ਪੁਲਿਸ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਕੇਸ ਲੈ ਕੇ ਅਦਾਲਤਾਂ ਵਿੱਚ ਨਹੀਂ ਜਾਣਾ, ਉੱਥੋਂ ਸਿੱਧਾ ਹੀ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ।
ਅੱਗੇ ਬਿੱਟੂ ਨੇ ਸੀਐੱਮ ਭਗਵੰਤ ਮਾਨ ਤੇ ਤੰਜ਼ ਕੱਸਦਿਆਂ - ਕਿਹਾ ਕਿ ਪਹਿਲਾਂ ਵੀ 100-200 ਗੈਰ ਕਾਨੂੰਨੀ ਪ੍ਰਵਾਸੀ ਉਥੋਂ ਡਿਪੋਰਟ ਹੋ ਕੇ ਆਏ ਸਨ। ਦਿੱਲੀ ਹਾਰਨ ਤੋਂ ਬਾਅਦ ਇਹ ਬੌਖ਼ਲਾਏ ਪਏ ਹਨ, ਇਹ ਆਮ ਆਦਮੀ ਪਾਰਟੀ ਦੀ ਪਲਾਨਿੰਗ ਹੈ, ਕਿ ਉਹ ਭਾਰਤ ਦੀ ਰਾਖੀ ਕਰਦੇ ਰਹੇ ਹਨ। ਜਹਾਜ਼ ਉੱਤਰਨ ਨਾਲ ਪੰਜਾਬ ਜਾਂ ਫਿਰ ਪੰਜਾਬੀਆਂ ਦੀ ਬਦਨਾਮੀ ਨਹੀਂ ਹੋਣੀ, ਸਾਰਾ ਮੁਲਕ ਕਹਿ ਰਿਹਾ ਪੰਜਾਬ ਸਾਡੇ ਨਾਲ ਦਰਦ ਵੰਡ ਰਿਹਾ ਹੈ।
ਬਿੱਟੂ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਗੁਨਾਹਗਾਰ ਭਗਵੰਤ ਮਾਨ ਹੈ। ਪੰਜਾਬ ਦੀ ਕਾਨੂੰਨ ਵਿਵਸਥਾ ਬਿਲਕੁਲ ਹੀ ਵਿਗੜ ਚੁੱਕੀ ਹੈ ਅਤੇ ਭਗਵੰਤ ਮਾਨ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਭਗਵੰਤ ਮਾਨ ਕਿਹੜੇ ਮੂੰਹ ਨਾਲ ਬੋਲ ਰਿਹਾ ਕਿ ਗੋਰੇ ਇੱਥੇ ਆ ਕੇ ਕੰਮ ਕਰਨਗੇ ? ਕੰਮ ਨਹੀਂ ਮਿਲ ਰਿਹਾ ਤਾਂ ਹੀ ਨੌਜਵਾਨ ਬਾਹਰ ਜਾ ਰਹੇ ਹਨ। ਭਗਵੰਤ ਮਾਨ ਨੂੰ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਾਰਿਆਂ ਦੇ ਪੈਸੇ ਵਾਪਸ ਦਵਾਉਣੇ ਚਾਹੀਦੇ ਹਨ।
ਬਿੱਟੂ ਨੇ ਭਗਵੰਤ ਮਾਨ 'ਤੇ ਕਬੂਤਰਬਾਜ਼ੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਕੁੱਝ ਸੀ ਐਮ ਦੀ ਕੁਰਸੀ 'ਤੇ ਦਿਨਾਂ ਦਾ ਪ੍ਰਾਹੁਣਾ ਹੈ।