ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਸਲਾਨਾ ਐਥਲੈਟਿਕ ਮੀਟ ਕਰਵਾਈ
ਅਸ਼ੋਕ ਵਰਮਾ
ਬਠਿੰਡਾ, 13 ਫਰਵਰੀ 2025 :ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਦੀ 18ਵੀਂ ਸਲਾਨਾ ਐਥਲੈਟਿਕ ਮੀਟ ਕਾਲਜ ਦੇ ਖੇਡ ਮੈਦਾਨ ਵਿੱਚ ਕਰਵਾਈ ਗਈ। ਇਸ ਐਥਲੈਟਿਕ ਮੀਟ ਦਾ ਥੀਮ "ਨਸਾ ਮੁਕਤ ਪੰਜਾਬ, ਤੰਦਰੁਸਤ ਪੰਜਾਬ" ਸੀ। ਕਾਲਜ ਦੇ ਖੇਡ ਵਿਭਾਗ ਵੱਲੋਂ ਕਰਵਾਈ ਗਈ ਇਸ ਐਥਲੈਟਿਕ ਮੀਟ ਵਿੱਚ ਟ੍ਰੈਕ ਅਤੇ ਫੀਲਡ ਦੇ ਲੜਕੇ ਅਤੇ ਲੜਕੀਆਂ ਦੇ 15 ਵੱਖੋ-ਵੱਖਰੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 150 ਦੇ ਕਰੀਬ ਐਥਲੀਟਾਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਰਾਜੀਬ ਕੁਮਾਰ ਰਾਏ, ਜਨਰਲ ਮੈਨੇਜਰ (ਸੀ. & ਪੀ.), ਐਚ.ਐਮ.ਈ.ਐਲ.-ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ ਮੁੱਖ ਮਹਿਮਾਨ ਵੱਜੋ ਸਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।
![](https://www.babushahi.in/upload/cke/1739431506_Pic 2.jpg)
ਉਹਨਾਂ ਕਿਹਾ ਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਖੇਡਾਂ ਦੀ ਖਾਸ ਮਹੱਤਤਾ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਜਿਹੀਆਂ ਸਮਾਝਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਤੰਦਰੁਸਤ ਜੀਵਨ ਬਤੀਤ ਕਰਨ। ਉਹਨਾਂ ਦੱਸਿਆ ਕਿ ਕਾਲਜ ਵਿੱਚ 400 ਮੀਟਰ ਟ੍ਰੈਕ ਤੋਂ ਇਲਾਵਾ ਵੱਖੋਂ-ਵੱਖਰੀਆਂ ਇੰਨਡੋਰ ਅਤੇ ਆਊਟਡੋਰ ਖੇਡ ਸਹੂਲਤਾਂ ਮੌਜੂਦ ਹਨ। ਮੁੱਖ ਮਹਿਮਾਨ ਵੱਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਖੇਡਾਂ ਦੀ ਮਹੱਤਤਾ ਤੇ ਜੋਰ ਦਿੰਦਿਆਂ ਕਾਲਜ ਦੀ ਇਹਨਾਂ ਖੇਡਾਂ ਕਰਵਾਉਣ ਲਈ ਸ਼ਲਾਘਾ ਕੀਤੀ ਗਈ।
ਵੱਖੋਂ-ਵੱਖਰੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਉਤਸਾਹ ਨਾਲ ਭਾਗ ਲਿਆ। ਕਾਲਜ ਦੇ ਬਾਕੀ ਵਿਦਿਆਰਥੀ ਵੀ ਐਥਲੀਟਾਂ ਦਾ ਹੌਸਲਾ ਵਧਾਉਂਦੇ ਰਹੇ। ਕਾਲਜ ਦੇ ਇਲੈਕਟ੍ਰੀਕਲ ਇੰਜੀ: ਵਿਭਾਗ ਦੇ ਵਿਦਿਆਰਥੀ ਮਨਜੋਤ ਅਤੇ ਇੰਨਫਰਮੇਸ਼ਨ ਟੈਕਨਲੋਜੀ ਵਿਭਾਗ ਦੇ ਵਿਦਿਆਰਥੀ ਕ੍ਰਿਸ਼ਵ ਨੂੰ ਬੈਸਟ ਐਥਲੀਟ ਲੜਕੇ ਅਤੇ ਡੀ-ਫਾਰਮੇਸੀ ਵਿਭਾਗ ਦੀ ਵਿਦਿਆਰਥਣ ਸੁਮਨ ਨੂੰ ਬੈਸਟ ਐਥਲੀਟ ਲੜਕੀ ਚੁਣਿਆ ਗਿਆ।
![](https://www.babushahi.in/upload/cke/1739431518_Pic 3.jpg)
ਐਥਲੀਟ ਮੀਟ ਦੀ ਓਵਰ ਆਲ ਟਰਾਫ਼ੀ ਇੰਨਫਰਮੇਸ਼ਨ ਟੈਕਨਲੋਜੀ ਵਿਭਾਗ ਨੇ ਜਿੱਤੀ। ਜੇਤੂ ਐਥਲੀਟਾਂ ਨੂੰ ਇਨਾਮਾਂ ਦੀ ਵੰਡ ਪ੍ਰਿੰਸੀਪਲ, ਮੁੱਖ ਮਹਿਮਾਨ ਅਤੇ ਵਿਭਾਗੀ ਮੁਖੀਆਂ ਨੇ ਸਾਂਝੇ ਰੂਪ ਵਿੱਚ ਕੀਤੀ। ਇਹ ਐਥਲੈਟਿਕ ਮੀਟ ਐਸ.ਆਰ.ਸੀ ਪ੍ਰਧਾਨ ਦਰਸ਼ਨ ਸਿੰਘ ਢਿੱਲੋ ਅਤੇ ਸਕੱਤਰ ਐਸ.ਆਰ.ਸੀ. ਮੀਨਾ ਗਿੱਲ ਦੀ ਦੇਖ-ਰੇਖ ਹੇਠ ਕਰਵਾਈ ਗਈ। ਕਾਲਜ ਦੇ ਖੇਡ ਅਫ਼ਸਰ ਗੋਰਵ ਜਿੰਦਲ, ਸਹਾਇਕ ਖੇਡ ਅਫ਼ਸਰ ਲਖਵਿੰਦਰ ਸਿੰਘ ਅਤੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਵੱਲੋਂ ਉਤਸ਼ਾਹ ਨਾਲ ਇਸ ਐਥਲੈਟਿਕ ਮੀਟ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾਇਆ।