Babushahi Special: ਨਗਰ ਨਿਗਮ ਦੀ ਕੁਰਸੀ ਸੰਭਾਲਣ ਤੋਂ ਬਾਅਦ ਦਿਖਾਏੇ ‘ਨਵੇਂ ਮੇਅਰ ਨੇ ਤੇਵਰ’
ਅਸ਼ੋਕ ਵਰਮਾ
ਬਠਿੰਡਾ,7 ਫਰਵਰੀ2025: ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਮਹਿਤਾ ਨੇ ਅਫਸਰਾਂ ਨੂੰ ਦੋ ਟੁੱਕ ਲਫਜ਼ਾਂ ’ਚ ਕਿਹਾ ਹੈ ਕਿ ਸ਼ਹਿਰ ਵਾਸੀਆਂ ਦੇ ਕੰਮ ਤਾਂ ਕਰਨੇ ਹੀ ਪੈਣਗੇ। ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਵਾਰਡ ਨੰਬਰ 48 ਤੋਂ ਚੋਣ ਜਿੱਤਣ ਅਤੇ ਸਿਆਸੀ ਧਮਾਕਾ ਕਰਕੇ ਚੜ੍ਹਦੀ ਉਮਰੇ ਮੇਅਰ ਬਣੇ ਇਸ ਨੌਜਵਾਨ ਦੇ ਇਹ ਬਦਲੇ ਤੇਵਰ ਕੁਰਸੀ ਸੰਭਾਲਣ ਉਪਰੰਤ ਦੇਖਣ ਨੂੰ ਮਿਲੇ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪਦਮਜੀਤ ਮਹਿਤਾ ਦੇ ਆਉਣ ਤੋਂ ਤੁਰੰਤ ਬਾਅਦ ਦਫਤਰ ’ਚ ਕੰਮ ਧੰਦਿਆਂ ਲਈ ਆਉਣ ਵਾਲਿਆਂ ਦੀ ਭੀੜ ਵਧੀ ਹੈ। ਨਗਰ ਨਿਗਮ ਦੇ ਮੇਅਰ ਨੂੰ ਹੁਣ ਉਮੀਦ ਹੈ ਕਿ ਪੰਜਾਬ ਸਰਕਾਰ ਤੋਂ ਵਿਕਾਸ ਲਈ ਖਾਸ ਤੌਰ ਤੇ ਗਰਾਂਟਾਂ ਦਾ ਗੱਫਾ ਮਿਲੇਗਾ। ਮੇਅਰ ਦੇ ਚੇਅਰ ਤੇ ਬੈਠਣ ਤੋਂ ਪਹਿਲਾਂ ਹੀ ਲੋਕਾਂ ਦਾ ਤਾਂਤਾ ਲੱਗਣ ਲੱਗਿਆ ਹੈ ਕਿਉਂਕਿ ਆਮ ਲੋਕਾਂ ਨੂੰ ਕਾਫੀ ਸਮਾਂ ਬਾਅਦ ਸੁਣਵਾਈ ਦੀ ਆਸ ਬੱਝੀ ਹੈ।
ਵੀਰਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੇਅਰ ਦੇ ਚਿਹਰੇ ਤੇ ਬੰਪਰ ਜਿੱਤ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ । ਉਨ੍ਹਾਂ ਅਧਿਕਾਰੀਆਂ ਨੂੰ ਆਖਿਆ ਕਿ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਮੁਹੱਈਆ ਕਰਵਾਉਣਾ ਅਤੇ ਸਮੱਸਿਆਵਾਂ ਦਾ ਹੱਲ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ। ਉਨ੍ਹਾਂ ਕਿਹਾ ਕਿ ਦਫਤਰਾਂ ਦੇ ਬਾਹਰ ਕਿਸੇ ਨੂੰ ਉਡੀਕਣਾ ਪਵੇ ਚੰਗਾ ਨਹੀਂ ਲੱਗਦਾ ਹੈ ਇਸ ਲਈ ਹਰ ਆਉਣ ਜਾਣ ਵਾਲੇ ਵਿਅਕਤੀ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਏ। ਉਨ੍ਹਾਂ ਕਿਹਾ ਕਿ ਜਨਤਕ ਸੇਵਾਵਾਂ ਦੌਰਾਨਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਤੇ ਉਹ ਦਫਤਰੀ ਕੰਮਕਾਜ ’ਚ ਪੂਰੀ ਪਾਰਦਰਸ਼ਤਾ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਆਮ ਆਦਮੀ ਦੇ ਪਹਿਰੇਦਾਰ ਬਣ ਕੇ ਕੰਮ ਕਰਨ ਦੀ ਹੈ ਜਿਸ ਲਈ ਸੀਵਰੇਜ਼ , ਪਾਣੀ ,ਸਟਰੀਟ ਲਾਈਟ ਤੇ ਹੋਰ ਸਮੱਸਿਆਵਾਂ ਦਾ ਹੱਲ ਕਰਵਾਉਣਾ ਨਗਰ ਨਿਗਮ ਪ੍ਰਸ਼ਾਸ਼ਨ ਦੀ ਮੁਢਲੀ ਤਰਜੀਹ ਹੋਣੀ ਚਾਹੀਦੀ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਬਠਿੰਡਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲਈ ਅਤੇ ਇੰਨ੍ਹਾਂ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਗਰ ਨਿਗਮ ਵਿੱਚ ਆਉਣ ਵਾਲੇ ਹਰੇਕ ਨਾਗਰਿਕ ਨਾਲ ਪਿਆਰ ਦੀ ਭਾਸ਼ਾ ਵਰਤਣ ਵਾਸਤੇ ਕਿਹਾ। ਉਨ੍ਹਾਂ ਨਗਰ ਨਿਗਮ ਸਟਾਫ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਬਿਨਾਂ ਝਿਜਕ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸਮੂਹ ਸਟਾਫ ਨੂੰ ਸ਼ਹਿਰ ਨੂੰ ਤਰੱਕੀ ਵੱਲ ਲਿਜਾਣ ਅਤੇ ਮੁਸ਼ਕਲਾਂ ਦੇ ਹੱਲ ਲਈ ਨਵੇਂ ਨਵੇਂ ਨੁਕਤੇ ਸੁਝਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਬਠਿੰਡਾ ਵਾਸੀਆਂ ਦਾ ਜੀਵਨ ਪੱਧਰ ਆਪਸੀ ਸਹਿਯੋਗ ਨਾਲ ਹੀ ਉੱਚਾ ਚੁੱਕਿਆ ਜਾ ਸਕਦਾ ਹੈ। ਉਨ੍ਹਾਂ ਨਗਰ ਨਿਗਮ ਦੀ ਸਮੁੱਚੀ ਟੀਮ ਨੂੰ ਆਪੋ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਵੀ ਕਿਹਾ ਤਾਂ ਜੋ ਬਠਿੰਡਾ ਦੀ ਗਿਣਤੀ ਨਮੂਨੇ ਦੇ ਮਹਾਂਨਗਰਾਂ ’ਚ ਹੋ ਸਕੇ।
ਨਵੇਂ ਮੇਅਰ ਲਈ ਚੁਣੌਤੀਆਂ
ਨਗਰ ਨਿਗਮ ਬਠਿੰਡਾ ਦੇ ਨਵੇਂ ਮੇਅਰ ਪਦਮਜੀਤ ਮਹਿਤਾ ਅੱਗੇ ਕਈ ਤਰਾਂ ਦੀਆਂ ਚੁਣੌਤੀਆਂ ਬਰਕਰਾਰ ਹਨ ਜੋ ਉਨ੍ਹਾਂ ਨੂੰ ਵਿਰਸੇ ’ਚ ਮਿਲੀਆਂ ਹਨ। ਸਭ ਤੋਂ ਵੱਡੀ ਚੁਣੌਤੀ ਸਫਾਈ ਸੇਵਕਾਂ ਦੀਆਂ ਦਿੱਕਤਾਂ ਦੇ ਹੱਲ ਕੱਢਕੇ ਸ਼ਹਿਰ ਚੋਂ ਲੱਗੇ ਕੂੜੇ ਦੇ ਢੇਰਾਂ ਨੂੰ ਚੁਕਵਾਉਣਾ ਅਤੇ ਸਫਾਈ ਵਿਵਸਥਾ ਬਹਾਲ ਰੱਖਣਾ ਹੈ। ਇਸ ਤੋਂ ਇਲਾਵਾ ਮਾਨਸਾ ਰੋਡ ਤੇ ਸਥਿਤ ਕਚਰਾ ਪਲਾਂਟ ਦਾ ਮਸਲਾ ਅਵਾਰਾ ਪਸ਼ੂਆਂ ਨੂੰ ਨੱਥ ਪਾਉਣੀ, ਸ਼ਹਿਰ ਦੀ ਸੀਵਰੇਜ਼ ਪ੍ਰਣਾਲੀ ਨੂੰ ਲੀਹ ਤੇ ਲਿਆਉਣਾ ਅਤੇ ਹਰ ਵਾਰਡ ‘ਚ ਪਾਣੀ ਦੀ ਸਪਲਾਈ ਯਕੀਨੀ ਬਨਾਉਣੀ ਹੋਵੇਗੀ। ਇਸ ਤੋਂ ਇਲਾਵਾ ਅਵਾਰਾ ਕੁੱਤਿਆਂ ਦੇ ਮਸਲੇ ,ਬਾਰਸ਼ ਦੇ ਪਾਣੀ ਦੀ ਨਿਕਾਸੀ ਅਤੇ ਮਲਟੀਸਟੋਰੀ ਪਰਕਿੰਗ ਵਿਵਾਦ ਦਾ ਹੱਲ ਕਰਕੇ ਵਪਾਰੀ ਵਰਗ ਨੂੰ ਰਾਹਤ ਦਿਵਾਉਣੀ ਵੀ ਇੱਕ ਤਰਾਂ ਨਾਲ ਚੁਣੌਤੀ ਮੰਨੀ ਜਾ ਰਹੀ ਹੈ।
ਸਮੱਸਿਆਵਾਂ ਤਰਜੀਹੀ ਏਜੰਡਾ :ਮੇਅਰ
ਮੇਅਰ ਪਦਮਜੀਤ ਸਿੰਘ ਮਹਿਤਾ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਅਤੇ ਸੰਭਾਵਨਾਵਾਂ ਬਾਰੇ ਜਾਣਕਾਰੀ ਹਾਸਲ ਕਰ ਲਈ ਹੈ। ਉਨ੍ਹਾਂ ਕਿਹਾ ਕਿ ਉਹ ਬਠਿੰਡਾ ਦੀ ਗਿਣਤੀ ਆਦਰਸ਼ ਸ਼ਹਿਰਾਂ ਵਿੱਚ ਕਰਵਾਉਣ ਲਈ ਆਪਣੇ ਸਾਥੀ ਕੌਂਸਲਰਾਂ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਵਿਕਾਸ ਦੀ ਰਫਤਾਰ ਤੇਜ ਕਰਨ ਲਈ ਪੂਰਾ ਤਾਣ ਲਾਉਣ ਵਾਸਤੇ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਉਨ੍ਹਾਂ ਕਿਹਾ ਕਿ ਆਮ ਨਾਗਰਿਕਾਂ ਨੂੰ ਆਉਣ ਵਾਲੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਅਤੇ ਜਲਦੀ ਹੀ ਸਥਿਤੀ ਬਦਲੀ ਹੋਈ ਨਜ਼ਰ ਆਵੇਗੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਉਨ੍ਹਾਂ ਦੇ ਸਹਿਯੋਗੀ ਬਣਨ ਦਾ ਸੱਦਾ ਵੀ ਦਿੱਤਾ।
ਮੁਕੱਦਰ ਕਾ ਸਿਕੰਦਰ ਮਹਿਤਾ
ਸ਼ਹਿਰ ਵਾਸੀਆਂ ’ਚ ਛੋਟੀ ਉਮਰ ਵਿੱਚ ਮੇਅਰ ਵਰਗਾ ਜਿੰਮੇਵਾਰੀਆਂ ਦੀ ਪੰਡ ਵਾਲਾ ਅਹੁਦਾ ਸੰਭਾਲਣ ਵਾਲੇ ਪਦਮਜੀਤ ਮਹਿਤਾ ਨੂੰ ਮੁਕੱਦਰ ਕਾ ਸਿਕੰਦਰ ਕਿਹਾ ਜਾਂਦਾ ਹੈ। ਜਿਮਨੀ ਚੋਣ ਐਲਾਨ ਹੋਣ ਵਾਲੇ ਦਿਨ ਕਿਸੇ ਨੂੰ ਚਿਤ ਚੇਤਾ ਵੀ ਨਹੀਂ ਸੀ ਕਿ ਬਠਿੰਡਾ ਇਸ ਵੱਡੀ ਸਿਆਸੀ ਘਟਨਾ ਦਾ ਗਵਾਹ ਬਣਨ ਜਾ ਰਿਹਾ ਹੈ। ਦਰਅਸਲ ਜਿਮਨੀ ਚੋਣ ਲਈ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਨੇ ਵਿਧਾਇਕ ਦੇ ਸਿਫਾਰਸ਼ੀ ਬਲਵਿੰਦਰ ਸਿੰਘ ਨੂੰ ਟਿਕਟ ਦਿੱਤੀ ਸੀ ਪਰ ਅਗਲੇ ਦਿਨ ਪਦਮਜੀਤ ਮਹਿਤਾ ਨੂੰ ਉਮੀਦਵਾਰ ਬਣਾ ਲਿਆ। ਵਿਧਾਇਕ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਪਦਮਜੀਤ ਮਹਿਤਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਸਮੂਹ ਸਿਆਸੀ ਗਿਣਤੀਆਂ ਮਿਣਤੀਆਂ ਨੂੰ ਫੇਲ੍ਹ ਕਰਦਿਆਂ ਮੇਅਰ ਬਣਨ ’ਚ ਸਫਲਤਾ ਹਾਸਲ ਕਰ ਲਈ।