Weather Update : ਮੌਸਮ ਦੀ ਚੇਤਾਵਨੀ: ਪੰਜਾਬ ਤੇ ਚੰਡੀਗੜ੍ਹ 'ਚ ਵਧੇਗਾ ਗਰਮੀ ਦਾ ਪ੍ਰਕੋਪ
5 ਦਿਨਾਂ 'ਚ 5 ਡਿਗਰੀ ਤੱਕ ਉਛਾਲ ਮਾਰ ਸਕਦਾ ਹੈ ਪਾਰਾ
ਚੰਡੀਗੜ੍ਹ: 26 ਫਰਵਰੀ, 2026
ਉੱਤਰੀ ਭਾਰਤ ਵਿੱਚ ਸਰਦੀ ਹੁਣ ਅਲਵਿਦਾ ਕਹਿ ਰਹੀ ਹੈ ਅਤੇ ਪੰਜਾਬ ਸਣੇ ਚੰਡੀਗੜ੍ਹ ਵਿੱਚ ਗਰਮੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਅਨੁਸਾਰ, ਆਉਣ ਵਾਲੇ ਪੰਜ ਦਿਨਾਂ ਵਿੱਚ ਸੂਬੇ ਦੇ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ ਸਵੇਰ ਅਤੇ ਸ਼ਾਮ ਵੇਲੇ ਹਲਕੀ ਠੰਢ ਦਾ ਅਹਿਸਾਸ ਅਜੇ ਬਰਕਰਾਰ ਹੈ, ਪਰ ਦਿਨ ਵੇਲੇ ਨਿਕਲ ਰਹੀ ਤੇਜ਼ ਧੁੱਪ ਨੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ।
ਜਿੱਥੇ ਇੱਕ ਪਾਸੇ ਪਾਰਾ ਚੜ੍ਹ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਅਜੇ ਵੀ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਬੀਤੇ ਦਿਨ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ (ਦ੍ਰਿਸ਼ਟੀ) 50 ਮੀਟਰ ਤੋਂ ਵੀ ਘੱਟ ਰਹਿ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਮੌਸਮ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਵੇਰ ਦੇ ਸਮੇਂ ਅਚਾਨਕ ਪੈਣ ਵਾਲੀ ਧੁੰਦ ਸੜਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ, ਇਸ ਲਈ ਵਾਹਨ ਚਾਲਕਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ ਹੈ।
ਪਹਾੜੀ ਖੇਤਰਾਂ ਵਿੱਚ ਅੱਜ ਤੋਂ ਦੋ ਪੱਛਮੀ ਗੜਬੜੀਆਂ (Western Disturbances) ਸਰਗਰਮ ਹੋ ਰਹੀਆਂ ਹਨ, ਪਰ ਮੈਦਾਨੀ ਇਲਾਕਿਆਂ ਖਾਸ ਕਰਕੇ ਪੰਜਾਬ ਵਿੱਚ ਇਨ੍ਹਾਂ ਦਾ ਕੋਈ ਵੱਡਾ ਪ੍ਰਭਾਵ ਦੇਖਣ ਨੂੰ ਨਹੀਂ ਮਿਲੇਗਾ। ਸੂਬੇ ਵਿੱਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ। ਤਾਜ਼ਾ ਅੰਕੜਿਆਂ ਮੁਤਾਬਕ, ਬਠਿੰਡਾ 28.6 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ 9 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਢਾ ਇਲਾਕਾ ਦਰਜ ਕੀਤਾ ਗਿਆ।
Click to Follow Babushahi Facebook page →