Punjab Breaking: ਸਵਾਰੀਆਂ ਨਾਲ ਭਰੀ AC Bus ਬਣੀ 'ਅੱਗ ਦਾ ਗੋਲਾ'! 40 ਦੇ ਕਰੀਬ ਯਾਤਰੀ ਸਨ ਸਵਾਰ
ਬਾਬੂਸ਼ਾਹੀ ਬਿਊਰੋ
ਸੰਗਰੂਰ/ਚੰਡੀਗੜ੍ਹ, 4 ਦਸੰਬਰ, 2025: ਚੰਡੀਗੜ੍ਹ (Chandigarh) ਤੋਂ ਬਠਿੰਡਾ (Bathinda) ਜਾ ਰਹੀ ਇੱਕ ਨਿੱਜੀ ਸਲੀਪਰ ਬੱਸ ਵੀਰਵਾਰ ਦੁਪਹਿਰ ਇੱਕ ਦਿਲ ਦਹਿਲਾ ਦੇਣ ਵਾਲੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ। ਦੱਸ ਦੇਈਏ ਕਿ ਪਿੰਡ ਚੰਨੋ ਨੇੜੇ ਹਾਈਵੇਅ 'ਤੇ ਦੌੜ ਰਹੀ ਔਰਬਿਟ ਬੱਸ (Orbit Bus) ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ।
ਗਨੀਮਤ ਰਹੀ ਕਿ ਬੱਸ ਚਾਲਕ ਦੀ ਜ਼ਬਰਦਸਤ ਚੌਕਸੀ ਅਤੇ ਸੂਝ-ਬੂਝ ਕਾਰਨ ਇਸ ਵਿੱਚ ਸਵਾਰ ਕਰੀਬ 40 ਯਾਤਰੀਆਂ ਦੀ ਜਾਨ ਸੁਰੱਖਿਅਤ ਬਚਾ ਲਈ ਗਈ, ਨਹੀਂ ਤਾਂ ਇੱਕ ਵੱਡਾ ਅਤੇ ਦਰਦਨਾਕ ਹਾਦਸਾ ਹੋ ਸਕਦਾ ਸੀ।
ਧੂੰਏਂ ਦੀ ਬਦਬੂ ਤੋਂ ਹੋਇਆ ਸ਼ੱਕ
ਜਾਣਕਾਰੀ ਮੁਤਾਬਕ, ਬੱਸ ਆਪਣੀ ਰਫ਼ਤਾਰ ਵਿੱਚ ਸੀ ਉਦੋਂ ਹੀ ਡਰਾਈਵਰ ਨੂੰ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਕਿਸੇ ਚੀਜ਼ ਦੇ ਸੜਨ ਦੀ ਬਦਬੂ ਮਹਿਸੂਸ ਹੋਈ। ਦੇਖਦੇ ਹੀ ਦੇਖਦੇ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਅਤੇ ਬੱਸ ਦੇ ਪਿਛਲੇ ਹਿੱਸੇ ਵਿੱਚ ਰੱਖੇ ਇੰਜਣ ਅਤੇ ਏਸੀ ਕੈਬਿਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖ਼ਤਰੇ ਨੂੰ ਭਾਪਦਿਆਂ ਡਰਾਈਵਰ ਅਤੇ ਸਟਾਫ਼ ਨੇ ਤੁਰੰਤ ਬੱਸ ਨੂੰ ਹਾਈਵੇਅ 'ਤੇ ਸਥਿਤ ਇੱਕ ਢਾਬੇ ਦੇ ਕੋਲ ਸੁਰੱਖਿਅਤ ਅਤੇ ਖੁੱਲ੍ਹੀ ਥਾਂ 'ਤੇ ਰੋਕ ਦਿੱਤਾ।
ਮਿੰਟਾਂ 'ਚ ਸੁਆਹ ਹੋ ਗਈ ਬੱਸ
ਬੱਸ ਰੁਕਦਿਆਂ ਹੀ ਡਰਾਈਵਰ ਨੇ ਸਾਰੇ ਯਾਤਰੀਆਂ ਨੂੰ ਤੁਰੰਤ ਹੇਠਾਂ ਉਤਰਨ ਲਈ ਕਿਹਾ। ਉੱਥੇ ਮੌਜੂਦ ਹੋਰ ਲੋਕਾਂ ਦੀ ਮਦਦ ਨਾਲ ਕੈਬਿਨ ਵਿੱਚ ਰੱਖਿਆ ਯਾਤਰੀਆਂ ਦਾ ਸਾਮਾਨ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੁਝ ਹੀ ਮਿੰਟਾਂ ਵਿੱਚ ਅੱਗ ਏਨੀ ਭੜਕ ਗਈ ਕਿ ਉਸਨੇ ਪੂਰੀ ਬੱਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੂਚਨਾ ਮਿਲਦਿਆਂ ਹੀ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ, ਪਰ ਉਦੋਂ ਤੱਕ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।
AC ਸਿਸਟਮ 'ਚ ਖਰਾਬੀ ਬਣੀ ਵਜ੍ਹਾ?
ਸ਼ੁਰੂਆਤੀ ਜਾਂਚ ਵਿੱਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੱਸ ਦੇ ਏਸੀ ਸਿਸਟਮ ਵਿੱਚ ਆਈ ਕਿਸੇ ਤਕਨੀਕੀ ਖਰਾਬੀ ਕਾਰਨ ਇਹ ਅੱਗ ਲੱਗੀ ਸੀ। ਹਾਲਾਂਕਿ, ਬੱਸ ਡਰਾਈਵਰ ਅਰਵਿੰਦਰ ਸਿੰਘ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ, ਪਰ ਉਨ੍ਹਾਂ ਦੀ ਸਮਾਂ ਰਹਿੰਦਿਆਂ ਕੀਤੀ ਗਈ ਕਾਰਵਾਈ ਨੇ 40 ਪਰਿਵਾਰਾਂ ਨੂੰ ਉਜੜਨ ਤੋਂ ਬਚਾ ਲਿਆ।