Political Special ਮਾਲਵੇ ’ਚ ਜੀਰੋ ’ਤੇ ਆਊਟ ਹੋਈ ਕਾਂਗਰਸ ਵੱਲੋਂ ਮਲਵਈਆਂ ਨੂੰ ਬਰਨਾਲੇ ਤੋ ਸਿਆਸੀ ਚੋਗਾ
ਅਸ਼ੋਕ ਵਰਮਾ
ਬਠਿੰਡਾ , 25 ਫਰਵਰੀ 2026 : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 117 ਵਿਧਾਨ ਸਭਾ ਹਲਕਿਆਂ ਚੋਂ ਇਕੱਲੇ ਮਾਲਵਾ ’ਚ 40 ਸੀਟਾਂ ਹਾਸਲ ਕਰਕੇ ਪੰਜਾਬ ਵਿੱਚ ਸਰਕਾਰ ਬਨਾਉਣ ਵਾਲੀ ਕਾਂਗਰਸ ਪਾਰਟੀ 2022 ਦੇ ਚੋਣ ਨਤੀਜਿਆਂ ਦੀ ਰੌਸ਼ਨੀ ’ਚ ਬਰਨਾਲਾ ਤੋਂ ਮਲਵਈਆਂ ਨੂੰ ਸਿਆਸੀ ਚੋਗਾ ਪਾਏਗੀ। ਇੰਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ ਮਾਲਵੇ ਦੇ ਗਿੱਦੜਬਾਹਾ ਹਲਕੇ ਤੋਂ ਜਿੱਤਣ ਵਿੱਚ ਸਫਲ ਹੋਈ ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਮੌਕੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਹਲਕੇ ਤੋਂ ਚੋਣ ਲੜਨ ਕਾਰਨ ਅਸਤੀਫਾ ਦੇਣ ਕਰਕੇ ਇਹ ਸੀਟ ਵੀ ਹੱਥੋਂ ਗੁਆ ਲਈ ਸੀ। ਹਾਲਾਂਕਿ ਜਿਮਨੀ ਚੋਣ ਦੌਰਾਨ ਰਾਜਾ ਵੜਿੰਗ ਨੇ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਗਿੱਦੜਬਾਹਾ ਹਲਕੇ ਤੋਂ ਚੋਣ ਲੜਾਈ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਿਹਾਜ਼ਾ ਉਦੋਂ ਤੋਂ ਕਾਂਗਰਸ ਪਾਰਟੀ ਲਈ ਮਾਲਵੇ ’ਚ ਸਿਆਸੀ ਸੋਕਾ ਪਿਆ ਹੋਇਆ ਹੈ।
ਇਸੇ ਸੋਕੇ ਨੂੰ ਦੂਰ ਕਰਨ ਲਈ ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਲਈ ਬਰਨਾਲਾ ਰੈਲੀ ਤੋਂ ਚੋਣ ਬਿਗਲ ਵਜਾਉਣ ਜਾ ਰਹੀ ਹੈ ਜਿਸ ’ਚ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਿਰਕਤ ਕਰਨਗੇ। ਲੋਕ ਸਭਾ ਚੋਣਾਂ ਮਗਰੋਂ ਪੰਜਾਬ ਕਾਂਗਰਸ ਵੱਲੋਂ ਇਹ ਪਹਿਲੀ ਵੱਡੀ ਰੈਲੀ ਕੀਤੀ ਜਾ ਰਹੀ ਹੈ। ਬਰਨਾਲਾ ਦੀ ਦਾਣਾ ਮੰਡੀ ’ਚ 28 ਫਰਵਰੀ ਨੂੰ ਹੋਣ ਵਾਲੀ ਇਸ ਰੈਲੀ ਨਾਲ ਕਾਂਗਰਸ ਸ਼ਕਤੀ ਪ੍ਰਦਰਸ਼ਨ ਕਰੇਗੀ। ਪੰਜਾਬ ਦੀ ਮਾਲਵਾ ਪੱਟੀ ’ਚ 15 ਜਿਲ੍ਹੇ ਹਨ ਜਿੰਨ੍ਹਾਂ ’ਚ ਵਿਧਾਨ ਸਭਾ ਦੀਆਂ ਤਕਰੀਬਨ 68 ਸੀਟਾਂ ਆਉਂਦੀਆਂ ਹਨ। ਇਨ੍ਹਾਂ ਗਿਣਤੀਆਂ ਮਿਣਤੀਆਂ ਕਾਰਨ ਮਾਲਵਾ ਪੰਜਾਬ ਦੀ ਰਾਜਨੀਤੀ ਦਾ ਹਮੇਸ਼ਾ ਕੇਂਦਰ ਬਿੰਦੂ ਰਿਹਾ ਹੈ ਜਿਸ ਦੇ ਚਲਦਿਆਂ ਹਰ ਸਿਆਸੀ ਧਿਰ ਮਾਲਵੇ ਨੂੰ ਨਿਸ਼ਾਨੇ ’ਤੇ ਰੱਖਦੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ 2027 ’ਚ ਹੋਣ ਦੀ ਸੰਭਾਵਨਾ ਹੈ ਜਿਸ ਲਈ ਸਮੂਹ ਪਾਰਟੀਆਂ ਨੇ ਤਿਆਰੀਆਂ ਵਿੱਢ ਦਿੱਤੀਆਂ ਹਨ।
ਆਮ ਆਦਮੀ ਪਾਰਟੀ ਨੇ ਮੋਗਾ ਰੈਲੀ ਕਰਨ ਤੋਂ ਬਾਅਦ ਹਲਕੇ ਦੇ ਹਿਸਾਬ ਨਾਲ ਰੈਲੀਆਂ ਦਾ ਪ੍ਰੋਗਰਾਮ ਉਲੀਕਿਆ ਹੈ ਜਦੋਂਕਿ ਸ਼ਰੋਮਣੀ ਅਕਾਲੀ ਦਲ ਦੀਆਂ ਵੱਖ-ਵੱਖ ਹਲਕਿਆਂ ’ਚ ਵਿਸਾਖੀ ਤੱਕ ਰੈਲੀਆਂ ਹਨ। ਇਸੇ ਲੜੀ ਤਹਿਤ ਕਾਂਗਰਸ ਬਰਨਾਲਾ ’ਚ ਕਿਸਾਨਾਂ, ਮਜ਼ਦੂਰਾਂ ਦਾ ਇਕੱਠ ਕਰ ਰਹੀ ਹੈ। ਇਸ ਮੌਕੇ ਮਗਨਰੇਗਾ ਬਚਾਉਣ ਦਾ ਸੱਦਾ ਵੀ ਦਿੱਤਾ ਜਾਵੇਗਾ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਪੰਜਾਬ ਦੀ ਕਿਸਾਨੀ ’ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਦੀ ਚਰਚਾ ਕੀਤੀ ਜਾਵੇਗੀ। ਰੈਲੀ ’ਚ ਕਾਂਗਰਸੀ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਖ ਵੱਖ ਮੁੱਦਿਆਂ ਤੇ ਘੇਰਿਆ ਜਾਏਗਾ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਵਧੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਨਸ਼ਾ ਤਸਕਰੀ ਸਮੇਤ ਵੱਖ ਵੱਖ ਮੁੱਦਿਆਂ ਨੂੰ ਲੈਕੇ ਹਾਕਮ ਧਿਰ ਦੀ ਘੇਰਾਬੰਦੀ ਵੀ ਕੀਤੀ ਜਾਏਗੀ। ਇਸ ਮੌਕੇ ਕਾਂਗਰਸ ਦੀ ਅੰਦਰੂਨੀ ਲੜਾਈ ਕਾਰਨ ਬਣੇ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦਾ ਯਤਨ ਵੀ ਕੀਤਾ ਜਾਵੇਗਾ।
ਸੀਨੀਅਰ ਕਾਂਗਰਸੀ ਆਗੂਆਂ ਨੂੰ ਜਾਪਦਾ ਹੈ ਕਿ 2027 ’ਚ ਪਾਰਟੀ ਇੰਜ ਆਪਣੇ ਸਿਆਸੀ ਅਧਾਰ ਨੂੰ ਵਾਪਿਸ ਲਿਆ ਸਕਦੀ ਹੈ। ਅਜਿਹੀ ਹੀ ਸਿਆਸੀ ਰਣਨੀਤੀ ਤਹਿਤ ਮਾਲਵੇ ਦੇ ਕੇਂਦਰ ’ਚ ਸਥਿਤ ਹੋਣ ਕਰਕੇ ਕਾਂਗਰਸ ਪਾਰਟੀ ਦੀ ਸਿਆਸੀ ਰੈਲੀ ਲਈ ਮਾਲਵਾ ਪੱਟੀ ਦੇ ਬਰਨਾਲਾ ਜਿਲ੍ਹੇ ਦੀ ਚੋਣ ਕੀਤੀ ਗਈ ਹੈ। ਪਾਰਟੀ ਸੂਤਰਾਂ ਅਨੁਸਾਰ ਰੈਲੀ ਦੌਰਾਨ 1 ਲੱਖ ਲੋਕਾਂ ਦੇ ਇਕੱਠ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਜਿਲ੍ਹਾ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਡਿਊਟੀ ਲਾਈ ਗਈ ਹੈ ਜੋ ਆਪਣੇ ਪੱਧਰ ’ਤੇ ਮੀਟਿੰਗਾਂ ਕਰਨ ’ਚ ਜੁਟੇ ਹੋਏ ਹਨ। ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੂੰ ਰੈਲੀ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਬਠਿੰਡਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਮੌਜੂਦਾ ਸਰਕਾਰ ਤੋਂ ਹਰ ਵਰਗ ਪ੍ਰੇਸ਼ਾਨ ਹੈ ਅਤੇ ਇਹ ਰੈਲੀ ‘ਆਮ ਆਦਮੀ ਪਾਰਟੀ’ ਦੀ ਹਕੂਮਤ ਨੂੰ ਚਲਦਾ ਕਰਨ ਦਾ ਮੁੱਢ ਬੰਨ੍ਹੇਗੀ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਪ੍ਰਮੁੱਖ ਆਗੂ ਰਾਹੁਲ ਗਾਂਧੀ ਇਸ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਣਗੇ ਕਿਉਂਕਿ ਰੈਲੀ ਦਾ ਸਭ ਤੋਂ ਵੱਡਾ ਮਕਸਦ ਅਮਰੀਕਾ ਭਾਰਤ ਵਪਾਰ ਸਮਝੌਤਾ ਅਤੇ ਮਗਨਰੇਗਾ ਸਕੀਮ ’ਚ ਕੀਤੀਆਂ ਤਬਦੀਲੀਆਂ ’ਤੇ ਨਿਸ਼ਾਨਾ ਸੇਧਣਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਨਾਲ ਜੁੜੇ ਮਹੱਤਵਪੂਰਨ ਮੁੱਦਿਆਂ ਅਤੇ ‘ਆਪ’ ਸਰਕਾਰ ਦੀਆਂ ਨਾਕਾਮੀਆਂ ਦੀ ਗੂੰਜ ਸਥਾਨਕ ਆਗੂਆਂ ਵੱਲੋਂ ਪਾਈ ਜਾਏਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਰੈਲੀ ਵਕਾਰ ਦਾ ਸਵਾਲ ਮੰਨੀ ਜਾ ਰਹੀ ਹੈ ਜਿਸ ਵਿੱਚ ਉਨ੍ਹਾਂ ਦੀ ਸਿਆਸੀ ਤੌਰ ’ਤੇ ਪਰਖ ਵੀ ਹੋਣੀ ਹੈ। ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਸੀ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦਾ ਹੈ ਜਿਸ ਦੀ ਸ਼ੁਰੂਆਤ ਬਰਨਾਲਾ ਰੈਲੀ ਕਰੇਗੀ।
ਮੁੱਖ ਮੰਤਰੀ ਦਿੰਦਾ ਮਾਲਵਾ
ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਮਾਲਵੇ ਚੋਂ ਹੀ ਬਣਦਾ ਹੈ। ਦੇਖਿਆ ਜਾਏ ਤਾਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਧੂਰੀ ਹਲਕੇ ਤੋਂ ਵਿਧਾਇਕ ਹਨ ਜਦੋਂਕਿ ਪਹਿਲਾਂ ਉਹ ਸੰਗਰੂਰ ਤੋਂ ਸੰਸਦ ਮੈਂਬਰ ਸਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਬੰਧ ਮਾਲਵੇ ਦੇ ਮੁਕਤਸਰ ਜਿਲ੍ਹੇ ਨਾਲ ਹੈ ਜਦੋਂਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਤੋਂ ਹਨ। ਹੋਰ ਵੀ ਕਈ ਮੰਤਰੀ ਮਾਲਵਾ ਪੱਟੀ ਦੀ ਦੇਣ ਹਨ।
Click to Follow Babushahi Facebook page →