Earthquake Breaking : ਤੜਕਸਾਰ 8.2 ਤੀਬਰਤਾ ਦਾ ਭੂਚਾਲ; ਇਮਾਰਤਾਂ ਢਹੀਆਂ, ਸੁਨਾਮੀ ਦਾ ਹਾਈ ਅਲਰਟ ਜਾਰੀ
ਬਾਬੂਸ਼ਾਹੀ ਬਿਊਰੋ
ਮਨੀਲਾ, 8 ਜੂਨ: ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਵਿੱਚ ਅੱਜ ਸੋਮਵਾਰ ਦੀ ਸਵੇਰ ਕੁਦਰਤ ਨੇ ਭਿਆਨਕ ਤਬਾਹੀ ਮਚਾਈ ਹੈ, ਜਿੱਥੇ ਆਏ ਇੱਕ ਬੇਹੱਦ ਸ਼ਕਤੀਸ਼ਾਲੀ ਭੂਚਾਲ ਨੇ ਧਰਤੀ ਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 8.2 ਮਾਪੀ ਗਈ ਹੈ, ਜਿਸ ਤੋਂ ਤੁਰੰਤ ਬਾਅਦ ਪ੍ਰਸ਼ਾਂਤ ਮਹਾਸਾਗਰ ਦੇ ਕਈ ਤੱਟਵਰਤੀ ਦੇਸ਼ਾਂ ਵਿੱਚ ਵਿਨਾਸ਼ਕਾਰੀ ਸੁਨਾਮੀ ਦੀ ਭਿਆਨਕ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਸ ਭੂਚਾਲ ਦਾ ਕੇਂਦਰ ਫਿਲੀਪੀਨਜ਼ ਦੇ ਮਿੰਡਾਨਾਓ ਟਾਪੂ ਦੇ ਨਜ਼ਦੀਕ ਜ਼ਮੀਨ ਦੇ ਅੰਦਰ ਸੀ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (USGS) ਅਤੇ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ (GFZ) ਮੁਤਾਬਕ ਇਹ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 7:40 ਵਜੇ ਆਇਆ, ਜਿਸ ਦੇ ਤੇਜ਼ ਝਟਕੇ ਗੁਆਂਢੀ ਦੇਸ਼ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਅਤੇ ਉੱਤਰੀ ਮਲੂਕੂ ਪ੍ਰਾਂਤਾਂ ਵਿੱਚ ਵੀ ਬੁਰੀ ਤਰ੍ਹਾਂ ਮਹਿਸੂਸ ਕੀਤੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਭਾਰਤ ਦੇ ਸਿੱਕਮ, ਉੱਤਰੀ ਬੰਗਾਲ ਅਤੇ ਗੁਆਂਢੀ ਦੇਸ਼ ਭੂਟਾਨ ਵਿੱਚ ਵੀ 5.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਹੁਣ ਫਿਲੀਪੀਨਜ਼ ਵਿੱਚ ਆਈ ਇਸ ਆਫ਼ਤ ਨੇ ਪੂਰੇ ਏਸ਼ੀਆ ਨੂੰ ਦਹਿਸ਼ਤ ਵਿੱਚ ਪਾ ਦਿੱਤਾ ਹੈ।
ਭੂਚਾਲ ਦੇ ਇਸ ਭਿਆਨਕ ਰੂਪ ਨੂੰ ਦੇਖਦੇ ਹੋਏ ਫਿਲੀਪੀਨਜ਼ ਦੀ ਭੂਚਾਲ ਵਿਗਿਆਨ ਏਜੰਸੀ ਨੇ ਦੱਖਣੀ ਸੂਬਿਆਂ ਦੇ ਤੱਟਵਰਤੀ (ਸਮੁੰਦਰੀ) ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਤੁਰੰਤ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਤੱਟਵਰਤੀ ਖੇਤਰਾਂ ਨੂੰ ਖਾਲੀ ਕਰਕੇ ਤੁਰੰਤ ਉੱਚੀਆਂ ਥਾਵਾਂ ਅਤੇ ਸੁਰੱਖਿਅਤ ਖੇਤਰਾਂ ਵੱਲ ਜਾਣ ਦੀ ਸਲਾਹ ਦਿੱਤੀ ਹੈ, ਕਿਉਂਕਿ ਫਿਲੀਪੀਨਜ਼ ਦੇ ਸਮੁੰਦਰ ਵਿੱਚ 3 ਮੀਟਰ (ਲਗਭਗ 10 ਫੁੱਟ) ਤੱਕ ਉੱਚੀਆਂ ਸੁਨਾਮੀ ਲਹਿਰਾਂ ਉੱਠਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ। ਇਹ ਵਿਨਾਸ਼ਕਾਰੀ ਸੁਨਾਮੀ ਲਹਿਰਾਂ ਫਿਲੀਪੀਨਜ਼ ਤੋਂ ਇਲਾਵਾ ਇੰਡੋਨੇਸ਼ੀਆ, ਜਾਪਾਨ, ਮਲੇਸ਼ੀਆ, ਤਾਈਵਾਨ, ਗੁਆਮ, ਪਾਪੂਆ ਨਿਊ ਗਿਨੀ ਅਤੇ ਪੱਛਮੀ ਪ੍ਰਸ਼ਾਂਤ ਮਹਾਸਾਗਰ ਦੇ ਕਈ ਹੋਰ ਟਾਪੂਆਂ ਅਤੇ ਦੇਸ਼ਾਂ ਤੱਕ ਪਹੁੰਚਣ ਦੀ ਵੀ ਪੂਰੀ ਆਸ਼ੰਕਾ ਹੈ, ਜਿਸ ਕਾਰਨ ਇਨ੍ਹਾਂ ਸਾਰੇ ਮੁਲਕਾਂ ਨੇ ਆਪਣੇ ਤੱਟਾਂ 'ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ।
ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਫਿਲੀਪੀਨਜ਼ ਦੇ ਅਲਾਬੇਲ ਸ਼ਹਿਰ ਦੇ ਪੁਲਿਸ ਮੁਖੀ ਬੈਂਜੀ ਅੰਚੇਤਾ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਜੀਵਨ ਵਿੱਚ ਮਹਿਸੂਸ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਭੂਚਾਲ ਸੀ। ਇਸ ਦੇ ਤੇਜ਼ ਝਟਕਿਆਂ ਕਾਰਨ ਖੇਤਰ ਦੀਆਂ ਕਈ ਵੱਡੀਆਂ ਇਮਾਰਤਾਂ ਵਿੱਚ ਡੂੰਘੀਆਂ ਤਰੇੜਾਂ ਆ ਗਈਆਂ ਹਨ ਅਤੇ ਕੁਝ ਇਮਾਰਤਾਂ ਦੇ ਢਹਿਣ ਦੀਆਂ ਵੀ ਖ਼ਬਰਾਂ ਹਨ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਭੂਚਾਲ ਦੇ ਝਟਕੇ ਇੰਨੇ ਭਿਆਨਕ ਸਨ ਕਿ ਦਹਿਸ਼ਤ ਦੇ ਮਾਰੇ ਕਈ ਲੋਕ ਮੌਕੇ 'ਤੇ ਹੀ ਬੇਹੋਸ਼ ਹੋ ਗਏ। ਭੂਚਾਲ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਅਫਰਾ-ਤਫਰੀ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਬਚਾਅ ਕਾਰਜਾਂ ਵਿੱਚ ਜੁਟ ਗਿਆ ਹੈ।
ਭੂਗੋਲਿਕ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਫਿਲੀਪੀਨਜ਼ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਕੁਦਰਤੀ ਆਫ਼ਤਾਂ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਦੇ ਬੇਹੱਦ ਸਰਗਰਮ ਖੇਤਰ "ਰਿੰਗ ਆਫ਼ ਫਾਇਰ" (Ring of Fire) ਦੇ ਬਿਲਕੁਲ ਉੱਪਰ ਸਥਿਤ ਹੈ। ਟੈਕਟੋਨਿਕ ਪਲੇਟਾਂ ਦੀ ਲਗਾਤਾਰ ਹਲਚਲ ਕਾਰਨ ਇਸ ਖੇਤਰ ਵਿੱਚ ਭੂਚਾਲ ਆਉਣਾ ਬਹੁਤ ਆਮ ਗੱਲ ਹੈ ਅਤੇ ਇੱਥੇ ਕਈ ਖ਼ਤਰਨਾਕ ਜਵਾਲਾਮੁਖੀ ਵੀ ਸਰਗਰਮ ਹਨ। ਇਸ ਦੇ ਨਾਲ ਹੀ ਭੂਗੋਲਿਕ ਸਥਿਤੀ ਕਾਰਨ ਫਿਲੀਪੀਨਜ਼ ਨੂੰ ਹਰ ਸਾਲ 20 ਤੋਂ ਵੱਧ ਭਿਆਨਕ ਟਾਈਫੂਨ ਅਤੇ ਸਮੁੰਦਰੀ ਚੱਕਰਵਾਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਸ ਕਾਰਨ ਇਹ ਤਾਜ਼ਾ ਭੂਚਾਲ ਦੇਸ਼ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
- Download Babushahi App
-
-