CRIME SPECIAL ਸੁਨਿਆਰੇ ਦੀ ਦੁਕਾਨ 'ਚੋਂ ਚੋਰੀ: ਬੱਕਰੀ ਨੇ ਦੁੱਧ ਦਿੱਤਾ ਉਹ ਵੀ ਨਕਲੀ ਮੀਂਗਣਾ ਘੋਲਕੇ
ਅਸ਼ੋਕ ਵਰਮਾ
ਬਠਿੰਡਾ, 11 ਮਾਰਚ 2026 : ਬਠਿੰਡਾ ਦੇ ਪ੍ਰਤਾਪ ਨਗਰ ਚੋਂ 14-15 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਾਰਸ ਜਿਊਲਰਜ਼ ਨਾਮੀ ਦੁਕਾਨ ਤੋਂ ਹੋਈ ਲੱਖਾਂ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ’ਚ ਨਵਾਂ ਮੋੜ ਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਮੁਲਜਮਾਂ ਤੋਂ ਬਰਾਮਦ ਕੀਤੀ ਗਈ 7 ਕਿੱਲੋ ਚਾਂਦੀ ਚੋਂ 6 ਕਿੱਲੋ ਨੂੰ ਪਾਰਸ ਜਿਊਲਰਜ਼ ਦੇ ਮਾਲਕ ਪਾਰਸ ਨੇ ਨਕਲੀ ਦੱਸਿਆ ਹੈ। ਸੋਨਾ ਕਾਰੋਬਾਰੀ ਪਾਰਸ ਨੇ ਲੈਬਾਰਟਰੀ ਦੀ ਜਾਂਚ ਰਿਪੋਰਟ ਦਿਖਾਉਂਦਿਆਂ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਦੋਸ਼ੀਆਂ ਤੋਂ ਜੋ ਚਾਂਦੀ ਬਰਾਮਦ ਕੀਤੀ ਸੀ ਉਸ ਵਿੱਚੋਂ 6 ਕਿੱਲੋ ਨਕਲੀ ਹੈ ਜਦੋਂਕਿ ਅਸਲੀ ਸਿਰਫ 1 ਕਿੱਲੋਗ੍ਰਾਮ ਹੀ ਹੈ। ਪਾਰਸ ਨੇ ਦੋਸ਼ ਲਾਇਆ ਕਿ ਇਸ ਮਾਮਲੇ ’ਚ ਗ੍ਰਿਫਤਾਰ ਜਿਊਲਰ ਨੇ ਪੁਲਿਸ ਨੂੰ ਧੋਖੇ ’ਚ ਰੱਖਿਆ ਹੈ। ਪਾਰਸ ਨੇ ਜਿਊਲਰ ਦਾ ਮੁੜ ਰਿਮਾਂਡ ਲੈਣ ਅਤੇ ਅਸਲੀ ਚਾਂਦੀ ਬਰਾਮਦ ਕਰਨ ਦੀ ਮੰਗ ਕੀਤੀ ਹੈ।
ਪੁਲਿਸ ਨੇ ਇਸ ਚੋਰੀ ਮਾਮਲੇ ’ਚ ਅਨਿੱਲ ਉਰਫ ਅਮਪੁੜੀ ਪੁੱਤਰ ਅਸ਼ੋਕ ਕੁਮਾਰ ਸਹਾਰੀਆ ਵਾਸੀ ਨਿਆਪੁਰਾ ਜਿਲ੍ਹਾ ਕੋਟਾ ਰਾਜਸਥਾਨ, ਗੋਵਿੰਦਾ ਪੁੱਤਰ ਬਾਦਲ ਅਤੇ ਓਮੀ ਉਰਫ ਟਾਈਗਰ ਪੁੱਤਰ ਬਾਦਲ ਵਾਸੀਅਨ ਨਵੀਂ ਸਬਜੀ ਮੰਡੀ ਬਾਜਾਖਾਨਾ ਰੋਡ ਬਰਨਾਲਾ ਤੋਂ ਇਲਾਵਾ ਬਿਕਰਮ ਵਰਮਾ ਪੁੱਤਰ ਰਾਜਵਿੰਦਰ ਵਰਮਾ ਵਾਸੀ ਅਹਿਮਦਗੜ੍ਹ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਦੇ ਦਆਵੇ ਅਨੁਸਾਰ ਬਿਕਰਮ ਵਰਮਾ ਸੁਨਿਆਰਾ ਹੈ ਜੋ ਕਥਿਤ ਤੌਰ ’ਤੇ ਚੋਰੀ ਦਾ ਮਾਲ ਅਸਬਾਬ ਖਰੀਦਦਾ ਹੈ। ਦੂਸਰੀ ਤਰਫ ਪੁਲਿਸ ਦਾ ਕਹਿਣਾ ਹੈ ਕਿ ਮੁਲਜਮਾਂ ਕੋਲੋਂ ਪੁੱਛਗਿਛ ਤੋਂ ਬਾਅਦ ਫੜੇ ਗਏ ਸੁਨਿਆਰ ਤੋਂ ਇਹ ਗਹਿਣੇ ਬਰਾਮਦ ਕੀਤੇ ਗਏ ਸਨ ਜਿਸ ’ਚ ਅਜੇ ਜਾਂਚ ਬਾਕੀ ਹੈ। ਪੁਲਿਸ ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਧਰੇ ਚੋਰੀ ਹੋਈ ਚਾਂਦੀ ਵੀ ਨਕਲੀ ਹੀ ਤਾਂ ਨਹੀਂ ਸੀ। ਪੁਲਿਸ ਨੇ ਫਿਲਹਾਲ ਦੁਕਾਨਦਾਰਾਂ ਵੱਲੋਂ ਪੁਲਿਸ ਨੂੰ ਦਿੱਤੇ ਗਏ ਬਿੱਲਾਂ ਦੇ ਅਧਾਰ ’ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਮਹੱਤਵਪੂਰਨ ਤੱਥ ਇਹ ਹੈ ਕਿ ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਪਾਰਸ ਜਿਊਲਰਜ਼ ’ਤੇ 2020 ’ਚ ਸੋਨੇ ਦੇ ਨਕਲੀ ਗਹਿਣਿਆਂ ’ਤੇ ਕਰਜਾ ਲੈਕੇ ਬੈਂਕਾਂ ਨਾਲ ਠੱਗੀ ਮਾਰਨ ਸਬੰਧੀ ਮੁਕੱਦਮਾ ਦਰਜ ਹੈ। ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਪਾਰਸ ਜਿਊਲਰ ਨੇ ਜੋ ਦੋਸ਼ ਲਾਏ ਹਨ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ’ਚ ਸੁਨਿਆਰੇ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਸੁਨਿਆਰੇ ਤੋਂ ਤੋਂ ਚੋਰਾਂ ਵੱਲੋਂ ਵੇਚੇ ਗਏ ਚਾਂਦੀ ਦੇ ਗਹਿਣੇ ਬਰਾਮਦ ਕੀਤੇ ਸਨ ਜਿੰਨ੍ਹਾਂ ਨੂੰ ਢਾਲਣ ਤੋਂ ਬਾਅਦ ਮੁਲਜਮ ਨੇ ਇੱਟ ਬਣਾ ਦਿੱਤੀ ਸੀ ਜਿਸ ਨੂੰ ਅਦਾਲਤ ’ਚ ਪੇਸ਼ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਬੰਦ ਨਹੀਂ ਹੋਈ ਅਤੇ ਬਾਕੀਅਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ।
ਐਸਪੀ ਸਿਟੀ ਨੇ ਦੱਸਿਆ ਕਿ ਪਾਰਸ ਨੇ ਪੁਲਿਸ ਨੂੰ ਜੋ ਚਾਂਦੀ ਦੇ ਬਿੱਲ ਦਿੱਤੇ ਸਨ ਉਹ 14-15 ਸਾਲ ਪੁਰਾਣੇ ਅਤੇ ਕੱਚੇ ਹਨ। ਉਨ੍ਹਾਂ ਦੱਸਿਆ ਕਿ ਬਿੱਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਏਗੀ ਜਿਸ ਦੇ ਮੁਕੰਮਲ ਹੋਣ ਪਿੱਛੋਂ ਸਚਾਈ ਸਾਹਮਣੇ ਆਏਗੀ। ਉਨ੍ਹਾਂ ਦੱਸਿਆ ਕਿ ਜਿੱਥੋਂ ਤੱਕ ਚਾਂਦੀ ਨਕਲੀ ਹੋਣ ਦਾ ਸਵਾਲ ਹੈ ਪੁਲਿਸ ਇਸ ਪਹਿਲੂ ਤੋਂ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕਿਧਰੇ ਪਾਰਸ ਜਿਊਲਰਜ਼ ਤੋਂ ਚੋਰੀ ਹੋਏ ਗਹਿਣੇ ਹੀ ਨਕਲੀ ਤਾਂ ਨਹੀਂ ਸਨ ਕਿਉਂਕਿ ਪੁਲਿਸ ਤਫਤੀਸ਼ ’ਚ ਇਹ ਸਾਹਮਣੇ ਆਇਆ ਹੈ ਕਿ ਪਾਰਸ ’ਤੇ ਅਕਤੂਬਰ 2020 ’ਚ ਥਾਣਾ ਕੈਨਾਲ ਕਲੋਨੀ ’ਚ ਠੱਗੀ ਅਤੇ ਸਾਜਿਸ਼ ਸਬੰਧੀ ਇੱਕ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਐਫ ਆਈ ਆਰ ਮੁਤਾਬਕ ਇਹ ਦੋਸ਼ ਲੱਗਿਆ ਸੀ ਕਿ ਉਹ ਨਕਲੀ ਸੋਨੇ ਨੂੰ ਬੈਂਕ ’ਚ ਗਿਰਵੀ ਰੱਖਣ ਰਾਹੀਂ ਕਰਜਾ ਲੈਕੇ ਬੈਂਕਾਂ ਨਾਲ ਠੱਗੀ ਮਾਰਦੇ ਸਨ।
ਮੁੜ ਰਿਮਾਂਡ ਲਏ ਪੁਲਿਸ
ਪ੍ਰਤਾਪ ਨਗਰ ’ਚ ਪਾਰਸ ਜਿਊਲਰਜ਼ ਦੇ ਮਾਲਕ ਗੁਰਮੀਤ ਸਿੰਘ ਉਰਫ ਪਾਰਸ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਹੋਈ ਚੋਰੀ ਦੇ ਸਬੰਧ ਵਿੱਚ ਬਠਿੰਡਾ ਪੁਲਿਸ ਨੇ ਮੁਲਜਮਾਂ ਤੋਂ 7 ਕਿੱਲੋ ਚਾਂਦੀ ਬਰਾਮਦ ਕੀਤੀ ਸੀ ਜਿਸ ਦੀ ਉਨ੍ਹਾਂ ਨੇ ਲੈਬਾਰਟਰੀ ਤੋਂ ਜਾਂਚ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਿਰਫ ਇੱਕ ਕਿੱਲੋ ਚਾਂਦੀ ਹੀ ਅਸਲੀ ਨਿਕਲੀ ਹੈ ਜਦੋਂਕਿ ਬਾਕੀ 6 ਕਿੱਲੋ ਚਾਂਦੀ ਨਕਲੀ ਨਿਕਲੀ ਹੈ ਜਿਸ ’ਚ ਗਿਲਟ ਮਿਲਾਇਆ ਗਿਆ ਸੀ। ਪਾਰਸ ਨੇ ਦੋਸ਼ ਲਾਇਆ ਕਿ ਗ੍ਰਿਫਤਾਰ ਜਿਊਲਰ ਨੇ ਪੁਲਿਸ ਨੂੰ ਨਕਲੀ ਚਾਂਦੀ ਦੇਕੇ ਫਰਜ਼ੀਵਾੜਾ ਕੀਤਾ ਹੈ। ਉਨ੍ਹਾਂ ਗ੍ਰਿਫਤਾਰ ਜਿਊਲਰ ਦਾ ਮੁੜ ਤੋਂ ਰਿਮਾਂਡ ਲੈਕੇ ਅਸਲੀ ਚਾਂਦੀ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ।
ਬੈਂਕਾਂ ਨਾਲ ਠੱਗੀ ਦਾ ਕੇਸ ਦਰਜ
ਪੁਲਿਸ ਅਨੁਸਾਰ 14 ਅਕਤੂਬਰ 2020 ਨੂੰ ਥਾਣਾ ਕੈਨਾਲ ਕਲੋਨੀ ਵਿਖੇ ਗੁਰਮੀਤ ਸਿੰਘ ਉਰਫ ਪਾਰਸ ਅਤੇ ਗੁਰਵਿੰਦਰ ਸਿੰਘ ਵਾਸੀ ਗੋਨਿਆਣਾ ਕਲਾਂ ਸਮੇਤ 12 ਜਣਿਆਂ ਖਿਲਾਫ ਠੱਗੀ ਅਤੇ ਸਾਜਿਸ਼ ਦੇ ਦੋਸ਼ਾਂ ਤਹਿਤ ਐਫਆਈਆਰ ਨੰਬਰ 218 ਦਰਜ ਕੀਤੀ ਗਈ ਸੀ। ਐਫਆਈਆਰ ਅਨੁਸਾਰ ਪਰਪੇਸ਼ ਵਰਮਾ ਨਾਮੀ ਵਿਅਕਤੀ ਰਾਜਸਥਾਨ ਤੋਂ ਨਕਲੀ ਸੋਨੇ ਦੇ ਗਹਿਣੇ ਪ੍ਰਤਾਪ ਨਗਰ ਦੇ ਪਾਰਸ ਜਿਊਲਰਜ਼ ਨੂੰ ਲਿਆਕੇ ਦਿੰਦਾ ਸੀ। ਇਸ ਤੋਂ ਬਾਅਦ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇਕੇ ਉਨ੍ਹਾਂ ਦੇ ਸ਼ਿਨਾਖਤੀ ਸਬੂਤਾਂ ’ਤੇ ਨਕਲੀ ਗਹਿਣਿਆਂ ਨੂੰ ਬੈਂਕਾ ਕੋਲ ਗਿਰਵੀ ਰੱਖਕੇ ਕਰਜਾ ਲੈ ਲੈਂਦੇ ਸਨ। ਇਸ ਚੋਂ ਕੁੱਝ ਪੈਸੇ ਸ਼ਿਨਾਖਤੀ ਸਬੂਤ ਵਾਲਿਆਂ ਨੂੰ ਤੇ ਬਾਕੀ ਖੁਦ ਹੜੱਪ ਲੈਂਦੇ ਸਨ।
Click to Follow Babushahi Facebook page →