Big News- ਮਾਣਹਾਨੀ ਮਾਮਲਾ: ਭਾਜਪਾ ਆਗੂ ਕੰਗਣਾ ਰਣੌਤ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਸਖਤ ਹੁਕਮ
ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2025: ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਮਾਮਲੇ ’ਚ ਬਠਿੰਡਾ ਅਦਾਲਤ ਭਾਰਤੀ ਜੰਤਾ ਪਾਰਟੀ ਦੀ ਹਿਮਾਚਲ ਦੇ ਚੰਬਾ ਹਲਕੇ ਤੋਂ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਪ੍ਰਤੀ ਅੱਜ ਨਰਾਜ਼ ਨਜਰ ਆਈ। ਸਖਤੀ ਦਿਖਾਉਂਦਿਆਂ ਜਿਲ੍ਹਾ ਅਦਾਲਤ ਨੇ ਕੰਗਣਾ ਨੂੰ ਅਗਲੀ ਤਰੀਕ 15 ਦਿਸੰਬਰ ਨੂੰ ਜਿਸਮਾਨੀ ਤੌਰ ਤੇ ਪੇਸ਼ ਹੋਣ ਸਬੰਧੀ ਸਖਤ ਹੁਕਮ ਦਿੱਤੇ ਹਨ। ਇਸ ਮੌਕੇ ਕੰਗਨਾ ਨੂੰ ਹਰ ਹਾਲਤ ’ਚ ਅਦਾਲਤ ਕੋਲ ਪੇਸ਼ ਹੋਣਾ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅਦਾਲਤ ਕੰਗਣਾ ਖਿਲਾਫ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਜਾ ਸਕਦੇ ਹਨ। ਅਦਾਕਾਰਾ ਇਸ ਤੋਂ ਪਹਿਲਾਂ ਵੀ ਅਦਾਲਤ ’ਚ ਪੇਸ਼ ਹੋਣ ਤੋਂ ਟਾਲਾ ਵੱਟਿਆ ਸੀ ਤਾਂ ਅਦਾਲਤ ਨੇ ਕਾਫੀ ਸਖਤੀ ਦਿਖਾਈ ਸੀ। ਬੀਬੀ ਮਹਿੰਦਰ ਕੌਰ ਦੇ ਵਕੀਲ ਐਡਵੋਕੇਟ ਰਘਬੀਰ ਸਿੰਘ ਬਹਿਣੀ ਵਾਲ ਨੇ ਦੱਸਿਆ ਕਿ ਅਦਾਲਤ ਨੇ ਅਗਲੀ ਸੁਣਵਾਈ 15 ਦਸੰਬਰ ਨੂੰ ਤੈਅ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਕੰਗਣਾ ਰਣੌਤ ਨੇ ਅੱਜ ਦੀ ਹਾਜ਼ਰੀ ਤੋਂ ਮੁਆਫੀ ਮੰਗੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ ਪਰ ਨਾਲ ਹੀ ਅਗਲੀ ਪੇਸ਼ੀ ਮੌਕੇ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਅੱਜ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪੋਤੇ ਗੁਰਪ੍ਰੀਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ। । ਉਨ੍ਹਾਂ ਦੱਸਿਆ ਕਿ ਕੰਗਣਾ ਰਣੌਤ ਤਰਫੋਂ ਅੱਜ ਸੀਨੀਅਰ ਵਕੀਲ ਅਦਾਲਤ ’ਚ ਮੌਜੂਦ ਨਹੀਂ ਸਨ ਜਿਸ ਕਰਕੇ ਅਦਾਲਤ ’ਚ ਪੇਸ਼ ਹੋਣ ਤੋਂ ਛੋਟ ਲਈ ਅਰਜੀ ਤੇ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ ਹੈ। ਬਜ਼ੁਰਗ ਮਾਈ ਮਹਿੰਦਰ ਕੌਰ ਨੇ 5 ਜਨਵਰੀ 2021 ਨੂੰ ਜੁਡੀਸ਼ੀਅਲ ਮੈਜਿਸਟਰੇਟ (ਫ਼ਸਟ ਕਲਾਸ) ਬਠਿੰਡਾ ਦੀ ਅਦਾਲਤ ਵਿੱਚ ਧਾਰਾ 499,500 ਤਹਿਤ ਕੰਗਨਾ ਰਣੌਤ ਖ਼ਿਲਾਫ਼ ਮਾਣਹਾਨੀ ਦੇ ਕੇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਜਿਸ ਨੂੰ ਕੰਗਣਾ ਰਣੌਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦਿੱਤੀ ਸੀ।
ਹਾਈਕੋਰਟ ਨੇ ਬਠਿੰਡਾ ਅਦਾਲਤ ਵਿੱਚ ਚੱਲ ਰਹੇ ਮਾਮਲੇ ਦੀ ਕਾਰਵਾਈ ਤੇ ਲਾਈ ਰੋਕ ਲਾ ਦਿੱਤੀ ਸੀ ਜਿਸ ਨੂੰ ਹਟਾ ਦਿੱਤਾ ਸੀ। ਉਸ ਮਗਰੋਂ ਕੰਗਣਾ ਸੁਪਰੀਮ ਕੋਰਟ ਚਲੀ ਗਈ ਸੀ ਜਿੱਥੋਂ ਫੈਸਲਾ ਆਉਣ ਤੋਂ ਬਾਅਦ ਬਠਿੰਡਾ ਅਦਾਲਤ ’ਚ ਸੁਣਵਾਈ ਚੱਲ ਰਹੀ ਹੈ। ਪਿਛਲੀ ਤਰੀਕ ਤੇ ਕੰਗਣਾ ਪੇਸ਼ ਨਹੀਂ ਹੋਈ ਅਤੇ ਨਿੱਜੀ ਤੌਰ ਤੋਂ ਪੇਸ਼ ਹੋਣ ਦੀ ਛੋਟ ਮੰਗੀ ਸੀ। ਜਿਕਰਯੋਗ ਹੈ ਕਿ ਸਾਲ 2020 ਵਿੱਚ ਕੇਂਦਰ ਸਰਕਾਰ ਖਿਲਾਫ ਤਿੰਨ ਖੇਤੀ ਸੋਧ ਕਾਨੂੰਨਾਂ (ਹੁਣ ਰੱਦ ਹਨ) ਵਿਰੁੱਧ ਕਿਸਾਨ ਅੰਦੋਲਨ ਵਿੱਚ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਾਈ ਮਹਿੰਦਰ ਕੌਰ ਨੇ ਵੀ ਹਿੱਸਾ ਲਿਆ ਸੀ। ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਵੇਲੇ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ੁਰਗ ਮਾਈ ਮਹਿੰਦਰ ਕੌਰ ’ਤੇ ਟਵੀਟ ਰਾਹੀਂ ਟਿੱਪਣੀ ਕਰਦਿਆਂ ਉਸ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਦੱਸਿਆ ਸੀ।