‘ਮਣ ਪੱਕਾ’ ਚਿੱਟਾ ਬਰਾਮਦ ਹੋਣ ਸਬੰਧੀ ਮਰਸੀਡਜ਼ ਸਣੇ ਤਿੰਨ ਕਰੋੜ ਦੀ ਜਾਇਦਾਦ ਫਰੀਜ਼
ਅਸ਼ੋਕ ਵਰਮਾ
ਬਠਿੰਡਾ, 15 ਜਨਵਰੀ 2026: ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਆਪਰੇਸ਼ਨ ਦੌਰਾਨ ਅੱਧੀ ਦਰਜਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 40 ਕਿੱਲੋ ਚਿੱਟਾ (ਹੈਰੋਇਨ) ਬਰਾਮਦ ਕਰਨ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਗਲੀ ਨੰਬਰ 11 ਵਾਰਡ ਨੰਬਰ 26 ਪਟੇਲ ਨਗਰ ਨੇੜੇ ਸ਼ਮਸ਼ਾਨ ਘਾਟ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਦੋ ਗੱਡੀਆਂ ਸਮੇਤ ਤਕਰੀਬਨ ਤਿੰਨ ਕਰੋੜ ਰੁਪਏ ਦੀ ਜਾਇਦਾਦ ਫਰੀਜ਼ ਕਰ ਦਿੱਤੀ ਹੈ। ਅੱਜ ਡੀਐਸਪੀ ਐਨਡੀਪੀਐਸ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਇਸ ਸੰਪਤੀ ਤੇ ਬਕਾਇਦਾ ਨੋਟਿਸ ਲਾ ਦਿੱਤਾ ਹੈ। ਇਸ ਤੋਂ ਬਾਅਦ ਹੁਣ ਇਹ ਸਮਾਨ ਨਾਂ ਤਾਂ ਅੱਗੇ ਵੇਚਿਆ ਜਾ ਸਕੇਗਾ ਅਤੇ ਨਾਂ ਹੀ ਇਸ ਦੀ ਤਬਦੀਲੀ ਕਿਸੇ ਹੋਰ ਦੇ ਨਾਮ ਕੀਤੀ ਜਾ ਸਕੇਗੀ।
ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਪੁਲਿਸ ਨੇ 2025 ਦੌਰਾਨ ਐਨਡੀਪੀਐਸ ਐਕਟ ਤਹਿਤ ਸਮਰੱਥ ਅਥਾਰਟੀ ਨੂੰ ਭੇਜੇ ਸਨ ਜਿੰਨ੍ਹਾਂ ਚੋਂ 23 ਪ੍ਰਵਾਨ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਵਾਨਗੀ ਦੇ ਹੁਕਮ ਮਿਲਣ ਤੋਂ ਬਾਅਦ ਅੱਜ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਗੁਰਮੇਲ ਸਿੰਘ ਵਾਸੀ ਮਲੋਟ ਦੀ ਦੋ ਕਰੋੜ 49 ਲੱਖ 81 ਹਜ਼ਾਰ ਦੀ ਚੱਲ ਅਚੱਲ ਸੰਪਤੀ ਤੋਂ ਇਲਾਵਾ 48 ਲੱਖ 50 ਹਜ਼ਾਰ ਕੀਮਤ ਦੀਆਂ ਦੋ ਗੱਡੀਆਂ ਇੱਕ ਮਰਸੀਡਜ਼ ਕਾਰ ਅਤੇ ਇੱਕ ਜੀਪ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਜਿਲ੍ਹਾ ਪੁਲਿਸ ਮੁਖੀ ਡਾਕਟਰ ਜਯੋਤੀ ਯਾਦਵ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਨਜਦੀਕ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੈ ਤੁਸੀ ਉਸ ਦੀ ਜਾਣਕਾਰੀ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 75080-09080 ’ਤੇ ਵੱਟਸਐਪ ਜਾਂ ਫੋਨ ਰਾਹੀ ਦੇ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।