‘ਤੰਬਾਕੂ ਮੁਕਤ ਯੁਵਾ ਮੁਹਿੰਮ’ ਤਹਿਤ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਬਠਿੰਡਾ ਵਿਖੇ ਜਾਗਰੂਕਤਾ ਪ੍ਰੋਗਰਾਮ
ਅਸ਼ੋਕ ਵਰਮਾ
ਬਠਿੰਡਾ, 19 ਨਵੰਬਰ 2025 :ਸਿਵਲ ਸਰਜਨ ਬਠਿੰਡਾ ਡਾ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਸਿਹਤ ਅਫ਼ਸਰ ਕਮ ਕੋਟਪਾ ਨੋਡਲ ਅਫ਼ਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ‘ਤੰਬਾਕੂ ਮੁਕਤ ਯੁਵਾ ਮੁਹਿੰਮ’ ਤਹਿਤ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਐਲ.ਪੀ.ਜੀ ਖੇਤਰ ਵਿਖੇ ਉੱਥੋਂ ਦੇ ਅਧਿਕਾਰੀਆਂ ਅਤੇ ਕਰਮਚਾਰੀਆ ਨੂੰ ਤੰਬਾਕੂ ਦੇ ਨਾਲ ਹੋਣ ਵਾਲੇ ਘਾਤਕ ਨੁਕਸਾਨ ਬਾਰੇ ਦੱਸਿਆ ਗਿਆ । ਸੂਬੇ ਨੂੰ ਤੰਬਾਕੂ ਮੁਕਤ ਕਰਨ ਲਈ ਸਿਹਤ ਵਿਭਾਗ ਵੱਲੋਂ ‘ਤੰਬਾਕੂ ਫਰੀ ਯੂਥ ਮੁਹਿੰਮ’ ਚਲਾਈ ਗਈ ਹੈ ਜੋ ਦਸੰਬਰ ਤੱਕ ਚਲੇਗੀ ਜਿਸ ਦਾ ਮੁੱਖ ਉਦੇਸ਼ ਆਮ ਲੋਕਾਂ, ਸਕੂਲ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾ ਤੋਂ ਜਾਣੂ ਕਰਾਉਣ,ਤੰਬਾਕੂ ਕਾਰਨ ਮੂੰਹ ਦਾ ਕੈਂਸ਼ਰ ਅਤੇ ਫੇਫੜਿਆਂ ਦੀ ਟੀ.ਬੀ ਆਦਿ ਮਾਰੂ ਬਿਮਾਰੀਆਂ ਤੋਂ ਬਚਾਓ ਲਈ ਜਾਗਰੂਕਤਾ ਪੈਦਾ ਕਰਨਾ ਹੈ ।
ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ ਨੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਾਡਾ ਸਾਰਿਆ ਦਾ ਫਰਜ਼ ਹੈ ਕਿ ਅਸੀ ਅਪਣੇ- ਅਪਣੇ ਏਰੀਆ ਵਿੱਚ ਪਬਲਿਕ ਥਾਵਾਂ, ਪਿੰਡਾਂ ਸਕੂਲਾਂ,ਪਿੰਡ ਦੇ ਪੰਚਾਇਤ ਘਰਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਵੇ ਅਤੇ ਤੰਬਾਕੂ ਤੋਂ ਹੋਂਣ ਵਾਲੇ ਮਾੜੇ ਪ੍ਰਭਾਵਾ ਬਾਰੇ ਦੱਸਿਆ ਜਾਵੇ । ਉਹਨਾਂ ਦੱਸਿਆ ਕਿ ਤੰਬਾਕੂ ਸਿਰਫ਼ ਨਸ਼ੀਲਾ ਪਦਾਰਥ ਹੀ ਨਹੀਂ, ਸਗੋਂ ਇਹ ਕਈ ਖ਼ਤਰਨਾਕ ਬਿਮਾਰੀਆਂ ਜਿਵੇਂ ਕਿ ਫੇਫੜਿਆਂ ਦਾ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਂਸ ਦੀ ਬਿਮਾਰੀ ਅਤੇ ਮੌਤ ਦਾ ਕਾਰਨ ਵੀ ਬਣਦਾ ਹੈ। ਵਿਸ਼ਵ ਭਰ ਵਿੱਚ ਲੱਖਾਂ ਲੋਕ ਹਰ ਸਾਲ ਤੰਬਾਕੂ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਸਿਹਤਮੰਦ ਸਮਾਜ ਦੀ ਨਿਰਮਾਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਤੰਬਾਕੂ ਦੀ ਵਰਤੋਂ ਖ਼ਤਮ ਕਰੀਏ ਅਤੇ ਹੋਰਨਾਂ ਨੂੰ ਵੀ ਇਸ ਤੋਂ ਬਚਾਵਣ ਦੀ ਕੋਸ਼ਿਸ਼ ਕਰੀਏ । ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਸਭ ਤੋਂ ਵੱਡਾ ਕਾਰਨ ਤੰਬਾਕੂ ਹੈ । ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ ।
ਉਹਨਾਂ ਕਿਹਾ ਕਿ ਜੋ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਉਸ ਲਈ ਤਾਂ ਉਸਦਾ ਧੂੰਆਂ ਖਤਰਨਾਕ ਹੈ ਹੀ ਪਰੰਤੂ ਨੇੜਲੇ ਵਿਅਕਤੀ ਨੂੰ ਤੰਬਾਕੂਨੋਸ਼ੀ ਤੰਬਾਕੂਯੁਕਤ ਧੂੰਆਂ ਵਧੇਰੇ ਖਤਰਨਾਕ ਹੈ । ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਿਗਰਟ ਦਾ ਧੂੰਆਂ ਬੇਹੱਦ ਖਤਰਨਾਕ ਹੈ, ਇਸ ਨਾਲ ਮਾਂ ਦੇ ਗਰਭ ਦਾ ਬੱਚਾ ਵਿਕਲਾਂਗ ਜਾਂ ਮਰਿਆ ਹੋਇਆ ਪੈਦਾ ਹੋ ਸਕਦਾ ਹੈ । ਜਿਸ ਲਈ ਕੋਟਪਾ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਜੁਰਮਾਨਾ ਕੀਤਾ ਜਾਂਦਾ ਹੈ । ਕਿਸੇ ਵੀ ਵਿਦਿਅਕ ਸੰਸਥਾ ਦੇ ਸੌ ਮੀਟਰ ਦੇ ਘੇਰੇ ਵਿੱਚ ਤੰਬਾਕੂ ਉਤਪਾਦ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਅਤੇ ਡਿਸਪਲੇ ਕਰਨ, ਲੂਜ ਸਿਗਰਟ ਵੇਚਣ ਆਦਿ ਤੇ ਵੀ ਜੁਰਮਾਨਾ ਅਤੇ ਸਜਾ ਹੋ ਸਕਦੇ ਹਨ । ਉਹਨਾ ਦੱਸਿਆ ਕਿ ਸਿਗਰਟ ਵਿੱਚ ਚਾਰ ਹਜਾਰ ਰਸਾਇਣਿਕ ਤੱਤ ਹੁੰਦੇ ਹਨ ਜਿਸ ਵਿੱਚ 200 ਜਹਿਰ ਵਾਲੇ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ, ਜਿਸ ਨਾਲ ਕੈਂਸਰ, ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗ, ਨਿਮੋਨੀਆ, ਦਮਾ ਰੋਗ, ਨਿਪੁੰਨਸੁਕਤਾ ਆਦਿ ਹੋ ਸਕਦੇ ਹਨ । ਇਸ ਮੌਕੇ ਹਰਜਿੰਦਰ ਕੌਰ ਬੀ.ਈ.ਈ,ਹੈਲਥ ਸੁਪਰਵਾਇਜਰ ਬੂਟਾ ਸਿੰਘ ਤੋਂ ਇਲਾਵਾ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਬਠਿੰਡਾ ਐਲ.ਪੀ.ਜੀ ਖੇਤਰ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹੇ ।